ਮੇਰੀਆਂ ਕਹਾਣੀਆਂ ਵਿੱਚ ਤੁਹਾਡਾ ਸਵਾਗਤ ਹੈ।
ਇੱਥੇ ਮੈਂ ਆਪਣੇ ਵਿਚਾਰ, ਤਜਰਬੇ ਅਤੇ ਦਿਲ ਦੀਆਂ ਗੱਲਾਂ ਸਾਂਝੀਆਂ ਕਰਦੀ ਹਾਂ।

ਮੇਰਾ ਜੀਵਨ ਮੰਤਰ 🌹

ਜ਼ਿੰਦਗੀ ਨੇ ਮੈਨੂੰ ਬਹੁਤ ਕੁਝ ਸਿਖਾਇਆ ਹੈ।

ਕਦੇ ਖੁਸ਼ੀਆਂ ਦੇ ਰੂਪ ਵਿੱਚ, ਕਦੇ ਦੁੱਖਾਂ ਦੇ ਰੂਪ ਵਿੱਚ ਅਤੇ ਕਦੇ ਉਹਨਾਂ ਤਜਰਬਿਆਂ ਦੇ ਰੂਪ ਵਿੱਚ ਜੋ ਉਸ ਵੇਲੇ ਔਖੇ ਲੱਗਦੇ ਸਨ, ਪਰ ਬਾਅਦ ਵਿੱਚ ਸਭ ਤੋਂ ਵੱਡੇ ਅਧਿਆਪਕ ਬਣ ਗਏ।

ਮੈਂ ਆਪਣੀ ਜ਼ਿੰਦਗੀ ਵਿੱਚ ਇੱਕ ਗੱਲ ਸਿੱਖੀ ਹੈ ਕਿ ਇਨਸਾਨ ਨੂੰ ਆਪਣਾ ਕੰਮ ਪੂਰੀ ਇਮਾਨਦਾਰੀ ਅਤੇ ਮਿਹਨਤ ਨਾਲ ਕਰਨਾ ਚਾਹੀਦਾ ਹੈ। ਨਤੀਜੇ ਹਮੇਸ਼ਾ ਸਾਡੇ ਹੱਥ ਵਿੱਚ ਨਹੀਂ ਹੁੰਦੇ, ਪਰ ਕੋਸ਼ਿਸ਼ ਅਤੇ ਨੀਅਤ ਜ਼ਰੂਰ ਸਾਡੇ ਹੱਥ ਵਿੱਚ ਹੁੰਦੀ ਹੈ।

ਸਾਲਾਂ ਤੱਕ ਕੰਮ ਕੀਤਾ, ਲੋਕਾਂ ਨੂੰ ਮਿਲੀ, ਦੁਨੀਆ ਨੂੰ ਵੇਖਿਆ ਅਤੇ ਇੱਕ ਗੱਲ ਸਮਝੀ ਕਿ ਅਸਲ ਦੌਲਤ ਪੈਸਾ ਨਹੀਂ, ਸਗੋਂ ਮਨ ਦੀ ਸ਼ਾਂਤੀ, ਆਪਣੇ ਲੋਕਾਂ ਦਾ ਪਿਆਰ ਅਤੇ ਸ਼ੁਕਰਗੁਜ਼ਾਰੀ ਹੈ।

ਅੱਜ ਵੀ ਮੈਂ ਹਰ ਨਵੇਂ ਦਿਨ ਨੂੰ ਇੱਕ ਤੋਹਫ਼ੇ ਵਾਂਗ ਦੇਖਦੀ ਹਾਂ।

ਮੇਰਾ ਜੀਵਨ ਮੰਤਰ ਬਹੁਤ ਸੌਖਾ ਹੈ—

“ਮਿਹਨਤ ਨਾਲ ਕੰਮ ਕਰੋ, ਪਿਆਰ ਨਾਲ ਜੀਵੋ ਅਤੇ ਹਰ ਪਲ ਲਈ ਸ਼ੁਕਰਗੁਜ਼ਾਰ ਰਹੋ।” 🌹😊

✍️ ਪਰਦੀਪ ਕੌਰ

#ਬੱਬੂਡਾਇਰੀ

—————1———————-

ਕੱਲ੍ਹ ਦੀ ਚਾਹ, ਅੱਜ ਦੀ ਰਾਖ

ਕੱਲ੍ਹ ਸ਼ਾਮ ਮੈਂ ਆਪਣੇ ਮਨਪਸੰਦ ਰੂਫਟੌਪ ’ਤੇ ਬੈਠੀ ਸੀ। ਹੱਥ ਵਿੱਚ ਚਾਹ ਦਾ ਕੱਪ ਸੀ ਅਤੇ ਸਾਹਮਣੇ New York Skyline ਦੀਆਂ ਰੌਸ਼ਨੀਆਂ। ਮੈਂ ਕੁਝ ਤਸਵੀਰਾਂ ਖਿੱਚੀਆਂ, ਕੁਝ ਵੀਡੀਓ ਬਣਾਈਆਂ ਅਤੇ ਮਨ ਹੀ ਮਨ ਸੋਚਿਆ, “ਇਸ ਤੋਂ ਸੋਹਣੀ ਸ਼ਾਮ ਹੋ ਹੀ ਨਹੀਂ ਸਕਦੀ।”

ਰਾਤ ਦੇ ਗਿਆਰ੍ਹਾਂ ਵੱਜ ਗਏ। ਮੈਂ ਆਪਣੇ ਕਮਰੇ ਵਿੱਚ ਆ ਗਈ। ਮੇਰੇ husband ਪਹਿਲਾਂ ਹੀ ਬਿਸਤਰੇ ’ਤੇ ਲੇਟੇ ਹੋਏ ਸਨ। ਮੈਨੂੰ ਵੇਖਦੇ ਹੀ ਮੁਸਕਰਾ ਕੇ ਕਹਿੰਦੇ,

“ਤੂੰ ਫਿਰ ਵੀਰੇ ਨਾਲ ਗੱਲਾਂ ਕਰਦੀ ਰਹੀ… ਸਮੇਂ ਨਾਲ ਨਹੀਂ ਸੌਂਦੀ।”

ਮੈਂ ਹੱਸ ਕੇ ਕਿਹਾ, “ਚਲੋ, ਹੁਣ ਆ ਗਈ ਹਾਂ।”

ਉਹ ਕਹਿੰਦੇ, “ਹੁਣ ਅੱਧਾ ਘੰਟਾ ਹੀ ਰਹਿ ਗਿਆ, ਥੋੜ੍ਹਾ ਆਰਾਮ ਕਰ ਲਈਏ।”

ਉਹ ਕੰਧ ਵੱਲ ਮੂੰਹ ਕਰਕੇ ਲੇਟ ਗਏ। ਮੈਂ ਵੀ ਆਪਣੇ ਪਾਸੇ ਹੋ ਕੇ ਅੱਖਾਂ ਬੰਦ ਕਰ ਲਈਆਂ।

ਬਾਹਰੋਂ Fire Department ਦੀਆਂ ਗੱਡੀਆਂ ਦੀਆਂ ਸਾਇਰਨਾਂ ਸੁਣਾਈ ਦੇ ਰਹੀਆਂ ਸਨ। ਪਰ ਸ਼ਹਿਰ ਵਿੱਚ ਇਹ ਆਵਾਜ਼ਾਂ ਅਕਸਰ ਆਉਂਦੀਆਂ ਹਨ। ਅਸੀਂ ਕਦੇ ਸੋਚਿਆ ਵੀ ਨਹੀਂ ਸੀ ਕਿ ਉਹ ਸਾਡੀ ਆਪਣੀ ਬਿਲਡਿੰਗ ਵੱਲ ਆ ਰਹੀਆਂ ਹਨ।

ਅਚਾਨਕ…

ਟਿੱਪ… ਟਿੱਪ… ਟਿੱਪ…

ਮੇਰੇ husband ਘਬਰਾ ਕੇ ਉੱਠੇ।

“ਬੱਬੂ… ਉੱਠ! ਇਹ ਕੀ ਹੋ ਰਿਹਾ ਹੈ? ਪਾਣੀ ਦੀ ਆਵਾਜ਼ ਆ ਰਹੀ ਹੈ।”

ਮੈਂ ਅੱਖਾਂ ਮਲਦੀ ਹੋਈ ਉੱਠੀ। ਪਹਿਲਾਂ ਤਾਂ ਮੈਨੂੰ ਲੱਗਿਆ, “ਹੇ ਰੱਬਾ! ਇਹ ਵੀ ਨਾ, ਮੈਨੂੰ ਤੰਗ ਕਰ ਰਹੇ ਹਨ।”

ਪਰ ਜਦੋਂ ਮੈਂ ਕਿਚਨ ਵਿੱਚ ਪਹੁੰਚੀ, ਮੇਰੇ ਪੈਰਾਂ ਹੇਠੋਂ ਜ਼ਮੀਨ ਖਿਸਕ ਗਈ।

ਕਿਚਨ ਦੇ ਸਟੋਵ ਦੇ ਉੱਪਰ ਵਾਲੀ ਲਾਈਟ ਵਿੱਚੋਂ ਪਾਣੀ ਟਪਕ ਰਿਹਾ ਸੀ।

ਮੈਂ ਫ਼ੌਰਨ ਅਪਾਰਟਮੈਂਟ ਦੀ ਐਪ ਖੋਲੀ ਅਤੇ Emergency Maintenance ਨੂੰ ਸੁਨੇਹਾ ਭੇਜਿਆ।

“Please hurry. Water is leaking through the kitchen ceiling and light fixture. Please send someone immediately.”

ਜਵਾਬ ਆਇਆ, “Maintenance ਆ ਰਹੀ ਹੈ।”

ਪਰ ਪਾਣੀ ਰੁਕਣ ਦਾ ਨਾਮ ਨਹੀਂ ਲੈ ਰਿਹਾ ਸੀ।

ਅਸੀਂ ਸਾਰੇ ਤੌਲੀਆਂ ਵਿਛਾ ਦਿੱਤੀਆਂ। ਬਰਤਨ ਰੱਖ ਦਿੱਤੇ। ਪਾਣੀ ਇਕੱਠਾ ਕਰਦੇ ਰਹੇ।

ਥੋੜ੍ਹੀ ਦੇਰ ਬਾਅਦ Police ਵੀ ਆ ਗਈ। Fire Department ਵੀ ਆ ਗਿਆ।

ਫਿਰ ਵੀ ਸਾਨੂੰ ਨਹੀਂ ਪਤਾ ਸੀ ਕਿ ਅਸਲ ਵਿੱਚ ਹੋ ਕੀ ਰਿਹਾ ਹੈ।

ਸਾਨੂੰ ਤਾਂ ਲੱਗ ਰਿਹਾ ਸੀ ਕਿ ਸਿਰਫ਼ ਸਾਡੇ apartment ਵਿੱਚ ਹੀ ਕੋਈ ਸਮੱਸਿਆ ਹੋਈ ਹੈ।

ਸਵੇਰ ਹੋਈ।

ਮੈਂ ਸੋਚਿਆ, ਉੱਪਰ ਜਾ ਕੇ ਵੇਖਾਂ।

ਛੇਵੀਂ ਮੰਜ਼ਿਲ ਦਾ ਦਰਵਾਜ਼ਾ ਖੁੱਲ੍ਹਾ ਸੀ। ਮੈਂ ਬਾਹਰ ਕਦਮ ਰੱਖਿਆ…

ਅਤੇ ਮੇਰੇ ਸਾਹਮਣੇ ਜੋ ਮੰਜ਼ਰ ਸੀ, ਉਹ ਦੇਖ ਕੇ ਮੈਂ ਕੁਝ ਪਲ ਲਈ ਬਿਲਕੁਲ ਚੁੱਪ ਰਹਿ ਗਈ।

ਟੀਵੀ ਥੱਲੇ ਡਿੱਗਿਆ ਹੋਇਆ ਸੀ।

ਕੰਧਾਂ ਕਾਲੀਆਂ ਪਈਆਂ ਸਨ।

ਹਰ ਪਾਸੇ ਰਾਖ ਹੀ ਰਾਖ ਸੀ।

ਇਹ ਉਹੀ ਰੂਫਟੌਪ ਸੀ, ਜਿੱਥੇ ਮੈਂ ਕੱਲ੍ਹ ਹੀ ਚਾਹ ਪੀਤੀ ਸੀ।

ਮੇਰੇ ਮੂੰਹੋਂ ਆਪਣੇ ਆਪ ਨਿਕਲਿਆ,

“ਹਾਏ… ਇਹ ਮੇਰਾ ਰੂਫਟੌਪ ਹੈ?”

ਸੜੀ ਹੋਈ ਕੰਧ ਜਿਵੇਂ ਚੁੱਪ ਖੜ੍ਹੀ ਮੈਨੂੰ ਕਹਿ ਰਹੀ ਸੀ,

“ਕੀ ਵਿਗਾੜਿਆ ਸੀ ਮੈਂ ਤੇਰਾ? ਕਿਉਂ ਸਾੜਿਆ ਜੀ ਮੈਨੂੰ?”

ਮੈਂ ਉਸੇ ਟੀਵੀ ਵੱਲ ਵੇਖਿਆ, ਜਿਸ ’ਤੇ ਕੱਲ੍ਹ ਤੱਕ ਮੇਰੀਆਂ ਬਣਾਈਆਂ ਵੀਡੀਓ ਚੱਲਦੀਆਂ ਸਨ।

ਕੱਲ੍ਹ ਉਹ ਜਗ੍ਹਾ ਹਾਸਿਆਂ ਨਾਲ ਭਰੀ ਹੋਈ ਸੀ।

ਅੱਜ ਉੱਥੇ ਸਿਰਫ਼ ਖ਼ਾਮੋਸ਼ੀ ਸੀ।

ਉਸ ਦਿਨ ਮੈਨੂੰ ਸਮਝ ਆਇਆ ਕਿ ਜ਼ਿੰਦਗੀ ਬਦਲਣ ਲਈ ਕਈ ਵਾਰ ਸਿਰਫ਼ ਇੱਕ ਰਾਤ ਹੀ ਕਾਫ਼ੀ ਹੁੰਦੀ ਹੈ।

ਕੱਲ੍ਹ ਦੀ ਚਾਹ…

ਅੱਜ ਦੀ ਰਾਖ।

📰 ਪੰਜਾਬੀ ਦੈਨਿਕ ਅਖ਼ਬਾਰ
✍️ ਪ੍ਰਦੀਪ ਕੌਰ
📖 ਬੱਬੂ ਡੈਰੀ
Pardeepkaur.blog


ਮੈਂ ਜੀਪ ਨਹੀਂ, ਆਜ਼ਾਦੀ ਖਰੀਦੀ ਸੀ

ਜਦੋਂ ਮੈਂ ਨੌਕਰੀ ਛੱਡੀ, ਮੇਰੇ ਮਨ ਵਿੱਚ ਇੱਕੋ ਖ਼ਿਆਲ ਸੀ – ਹੁਣ ਮੈਂ ਆਪਣੇ ਲਈ ਜੀਵਾਂਗੀ।

ਛੱਬੀ ਸਾਲ ਮੈਂ ਕੰਮ ਕੀਤਾ। ਸਵੇਰੇ ਦੀ ਭੱਜਦੌੜ, ਟਾਈਮ ਦੀ ਪਾਬੰਦੀ, ਥਕਾਵਟ, ਜ਼ਿੰਮੇਵਾਰੀਆਂ – ਇਹ ਸਭ ਮੇਰੀ ਜ਼ਿੰਦਗੀ ਦਾ ਹਿੱਸਾ ਬਣ ਚੁੱਕੇ ਸਨ। ਮੈਂ ਸੋਚਦੀ ਸੀ, ਜਦੋਂ ਇਹ ਸਭ ਮੁੱਕੇਗਾ, ਤਦੋਂ ਅਸਲੀ ਜ਼ਿੰਦਗੀ ਸ਼ੁਰੂ ਹੋਵੇਗੀ।

ਮੈਂ ਆਪਣੇ ਆਪ ਨਾਲ ਵਾਅਦਾ ਕੀਤਾ ਸੀ ਕਿ ਹੁਣ ਮੈਂ ਸਿਹਤ ਦਾ ਧਿਆਨ ਰੱਖਾਂਗੀ। ਹਰ ਸਵੇਰ ਸੈਰ ਕਰਾਂਗੀ। ਪਾਰਕਾਂ ਵਿੱਚ ਬੈਠਾਂਗੀ। ਨਵੀਆਂ ਥਾਵਾਂ ਵੇਖਾਂਗੀ। ਕਦੇ ਪੈਨਸਿਲਵੇਨੀਆ, ਕਦੇ ਨਿਊ ਜਰਸੀ, ਕਦੇ ਬਿਨਾਂ ਕਿਸੇ ਮੰਜ਼ਿਲ ਦੇ ਲੰਬੀ ਡਰਾਈਵ ’ਤੇ ਨਿਕਲ ਜਾਵਾਂਗੀ।

ਇੱਕ ਸਮਾਂ ਸੀ ਜਦੋਂ ਸਾਡੇ ਘਰ ਇੱਕੋ ਕਾਰ ਸੀ। ਦਿਨ ਵਿੱਚ ਮੈਂ ਕੰਮ ’ਤੇ ਜਾਂਦੀ, ਰਾਤ ਨੂੰ ਮੇਰੇ ਪਤੀ। ਅਸੀਂ ਇੱਕੋ ਕਾਰ ਨੂੰ ਵੰਡ ਕੇ ਵਰਤਦੇ ਰਹੇ। ਕਈ ਵਾਰ ਮੇਰੇ ਮਨ ਵਿੱਚ ਆਉਂਦਾ ਕਿ ਕਾਸ਼ ਮੇਰੀ ਆਪਣੀ ਵੀ ਕੋਈ ਗੱਡੀ ਹੁੰਦੀ।

ਫਿਰ ਇੱਕ ਦਿਨ ਮੈਂ ਫੈਸਲਾ ਕਰ ਲਿਆ।

ਮੈਂ Jeep Wrangler ਖਰੀਦ ਲਈ।

ਲੋਕਾਂ ਨੇ ਕਿਹਾ, “ਲੋੜ ਤਾਂ ਨਹੀਂ ਸੀ। ਦੋਵੇਂ ਇਕੱਠੇ ਹੀ ਜਾਂਦੇ ਹੋ।”

ਪਰ ਉਹ Jeep ਮੇਰੇ ਲਈ ਸਿਰਫ਼ ਇੱਕ ਗੱਡੀ ਨਹੀਂ ਸੀ।

ਉਹ ਮੇਰੀ ਆਜ਼ਾਦੀ ਸੀ।

ਉਹ ਉਹਨਾਂ ਸਾਲਾਂ ਦਾ ਇਨਾਮ ਸੀ ਜੋ ਮੈਂ ਕੰਮ ਕਰਦੇ ਗੁਜ਼ਾਰੇ ਸਨ।

ਉਹ ਉਹਨਾਂ ਸਫ਼ਰਾਂ ਦਾ ਸੁਪਨਾ ਸੀ ਜੋ ਮੈਂ ਰਿਟਾਇਰਮੈਂਟ ਤੋਂ ਬਾਅਦ ਕਰਨੇ ਸਨ।

ਮੈਂ ਸੋਚਿਆ ਸੀ, ਹੁਣ ਮੈਂ ਜਿੱਥੇ ਦਿਲ ਕਰੇ ਜਾਵਾਂਗੀ।

ਪਰ ਜ਼ਿੰਦਗੀ ਨੇ ਹੋਰ ਹੀ ਫੈਸਲਾ ਕਰ ਰੱਖਿਆ ਸੀ।

ਲੱਤਾਂ ਵਿੱਚ ਦਰਦ ਸ਼ੁਰੂ ਹੋ ਗਿਆ।

ਫਿਰ ਸੁਜਨ ਆ ਗਈ।

ਤੁਰਨਾ ਔਖਾ ਹੋ ਗਿਆ।

ਡਾਕਟਰਾਂ ਦੇ ਚੱਕਰ, ਦਵਾਈਆਂ, ਟੈਸਟ ਅਤੇ ਨਵੀਆਂ-ਨਵੀਆਂ ਤਕਲੀਫ਼ਾਂ ਮੇਰੀ ਜ਼ਿੰਦਗੀ ਦਾ ਹਿੱਸਾ ਬਣ ਗਈਆਂ।

ਅਤੇ ਉਹ Jeep?

ਉਹ ਬਾਹਰ driveway ਵਿੱਚ ਖੜ੍ਹੀ ਰਹੀ।

ਜਿਸ Jeep ਨੂੰ ਮੈਂ ਦੁਨੀਆ ਵੇਖਣ ਲਈ ਖਰੀਦਿਆ ਸੀ, ਉਸਨੂੰ ਮੈਂ ਕਈ ਦਿਨਾਂ ਤੱਕ ਚਲਾ ਹੀ ਨਾ ਸਕੀ।

ਕਈ ਵਾਰ ਖਿੜਕੀ ਵਿੱਚੋਂ ਉਸਨੂੰ ਵੇਖਦੀ ਹਾਂ।

ਉਹ ਅੱਜ ਵੀ ਨਵੀਂ ਵਰਗੀ ਲੱਗਦੀ ਹੈ।

ਅਤੇ ਮੈਂ ਸੋਚਦੀ ਹਾਂ…

ਮੈਂ Jeep ਨਹੀਂ ਖਰੀਦੀ ਸੀ।

ਮੈਂ ਆਜ਼ਾਦੀ ਖਰੀਦੀ ਸੀ।

ਮੈਂ ਸਫ਼ਰ ਖਰੀਦੇ ਸਨ।

ਮੈਂ ਉਹ ਦਿਨ ਖਰੀਦੇ ਸਨ ਜਦੋਂ ਮੈਂ ਆਪਣੀ ਮਰਜ਼ੀ ਨਾਲ ਜੀਣਾ ਸੀ।

ਪਰ ਜ਼ਿੰਦਗੀ ਹਰ ਵਾਰ ਸਾਡੇ ਬਣਾਏ ਨਕਸ਼ੇ ਮੁਤਾਬਕ ਨਹੀਂ ਚੱਲਦੀ।

ਅੱਜ ਵੀ ਲੋਕ ਰਿਟਾਇਰਮੈਂਟ ਦੀਆਂ ਤਸਵੀਰਾਂ ਪਾਉਂਦੇ ਹਨ – ਸੈਰਾਂ, ਛੁੱਟੀਆਂ, ਮੌਜਾਂ।

ਮੈਂ ਉਹਨਾਂ ਲਈ ਖੁਸ਼ ਹਾਂ।

ਪਰ ਮੇਰੀ ਕਹਾਣੀ ਵੱਖਰੀ ਹੈ।

ਮੇਰੀ ਰਿਟਾਇਰਮੈਂਟ ਮੈਨੂੰ ਇਹ ਸਿਖਾ ਰਹੀ ਹੈ ਕਿ ਕਈ ਵਾਰ ਸਭ ਤੋਂ ਔਖਾ ਸਫ਼ਰ ਕਿਸੇ ਸ਼ਹਿਰ ਤੱਕ ਨਹੀਂ ਹੁੰਦਾ।

ਸਭ ਤੋਂ ਔਖਾ ਸਫ਼ਰ ਆਪਣੇ ਹੀ ਸਰੀਰ ਨਾਲ ਹੁੰਦਾ ਹੈ।

ਫਿਰ ਵੀ ਮੈਂ ਹਰ ਸਵੇਰ ਉੱਠਦੀ ਹਾਂ।

ਉਮੀਦ ਨਾਲ।

ਸ਼ਾਇਦ ਇੱਕ ਦਿਨ ਮੈਂ ਉਹ Jeep ਸਟਾਰਟ ਕਰਾਂਗੀ।

ਸ਼ਾਇਦ ਇੱਕ ਦਿਨ ਮੈਂ ਉਹ ਲੰਬੀ ਡਰਾਈਵ ਕਰਾਂਗੀ ਜਿਸਦਾ ਮੈਂ ਸਾਲਾਂ ਤੱਕ ਸੁਪਨਾ ਵੇਖਿਆ ਸੀ।

ਅਤੇ ਜੇ ਉਹ ਦਿਨ ਨਾ ਵੀ ਆਇਆ, ਤਾਂ ਵੀ ਮੈਂ ਇਹ ਸਿੱਖ ਲਿਆ ਹੈ ਕਿ ਜ਼ਿੰਦਗੀ ਸਿਰਫ਼ ਉਹ ਨਹੀਂ ਜੋ ਸਾਡੇ ਨਾਲ ਹੋਇਆ।

ਜ਼ਿੰਦਗੀ ਉਹ ਵੀ ਹੈ ਜੋ ਅਸੀਂ ਹਰ ਮੁਸ਼ਕਲ ਦੇ ਬਾਵਜੂਦ ਜੀ ਰਹੇ ਹਾਂ।

✍️ਪਰਦੀਪ ਕੌਰ # ਬੱਬੂਡਾਇਰੀ

———————————————————

ਮਾਂ ਦੀਆਂ ਅਸੀਸਾਂ

ਮਾਂ ਦੇ ਜਾਣ ਤੋਂ ਬਾਅਦ ਮੈਂ ਪੂਰੀ ਤਰ੍ਹਾਂ ਉੱਜੜ ਗਈ ਸੀ। ਅੱਜ ਵੀ ਮੈਨੂੰ ਉਹ ਦਿਨ ਯਾਦ ਨਹੀਂ ਜਦੋਂ ਮੇਰੀ ਮਾਂ ਇਸ ਦੁਨੀਆ ਤੋਂ ਰੁਖ਼ਸਤ ਹੋਈ ਸੀ। ਮੈਨੂੰ ਤਾਂ ਇੰਝ ਲੱਗਦਾ ਹੈ ਕਿ ਉਹ ਉਸ ਦਿਨ ਚਲੀ ਗਈ ਸੀ ਜਿਸ ਦਿਨ ਮੇਰੀਆਂ ਅਸੀਸਾਂ ਰੁਕ ਗਈਆਂ ਸਨ। ਉਸ ਤੋਂ ਬਾਅਦ ਮੈਂ ਕਿੱਥੇ ਸੀ, ਕਿਵੇਂ ਸੀ, ਮੈਨੂੰ ਕੁਝ ਯਾਦ ਨਹੀਂ।

ਮੇਰੇ ਕੋਲ ਕੋਈ ਐਸਾ ਰਿਸ਼ਤਾ ਨਹੀਂ ਸੀ ਜਿਸ ਨਾਲ ਮੈਂ ਦਿਲ ਦੀ ਗੱਲ ਕਰ ਸਕਾਂ। ਕੋਈ ਐਸਾ ਇਨਸਾਨ ਨਹੀਂ ਸੀ ਜਿਸਨੂੰ ਮੈਂ ਛੂਹ ਕੇ ਮਹਿਸੂਸ ਕਰ ਸਕਾਂ ਕਿ ਪਿਆਰ ਅਜੇ ਵੀ ਦੁਨੀਆ ਵਿੱਚ ਮੌਜੂਦ ਹੈ। ਦੂਰ-ਦੂਰ ਤੱਕ ਮੈਨੂੰ ਕੋਈ ਆਪਣਾ ਨਹੀਂ ਦਿਸਦਾ ਸੀ। ਕਈ ਵਾਰ ਤਾਂ ਇੰਝ ਲੱਗਦਾ ਸੀ ਜਿਵੇਂ ਪੂਰੀ ਦੁਨੀਆ ਵਿੱਚ ਮੈਂ ਇਕੱਲੀ ਰਹਿ ਗਈ ਹਾਂ।

ਮੈਂ ਲੋਕਾਂ ਨੂੰ ਵੇਖਣ ਲਈ ਤਰਸ ਗਈ ਸੀ। ਇੱਕ ਅਵਾਜ਼ ਸੁਣਨ ਲਈ ਤਰਸ ਗਈ ਸੀ। ਕਿਸੇ ਦੇ ਮੋਢੇ ਉੱਤੇ ਸਿਰ ਰੱਖ ਕੇ ਰੋਣ ਲਈ ਤਰਸ ਗਈ ਸੀ। ਪਰ ਜਦੋਂ ਵੀ ਮੈਂ ਆਪਣੇ ਆਲੇ-ਦੁਆਲੇ ਵੇਖਦੀ, ਉੱਥੇ ਸਿਰਫ਼ ਖਾਮੋਸ਼ੀ ਹੁੰਦੀ। ਇੱਕ ਐਸੀ ਖਾਮੋਸ਼ੀ ਜੋ ਰੂਹ ਨੂੰ ਖਾ ਜਾਂਦੀ ਹੈ।

ਫਿਰ ਇੱਕ ਦਿਨ ਮੈਂ ਸੋਚਿਆ ਕਿ ਜਦੋਂ ਮੇਰੇ ਕੋਲ ਕੁਝ ਵੀ ਨਹੀਂ ਬਚਿਆ ਤਾਂ ਇਸ ਸਭ ਦਾ ਕੀ ਫਾਇਦਾ? ਮੇਰੇ ਕੋਲ ਪੈਸਾ ਸੀ, ਘਰ ਸੀ, ਸਮਾਨ ਸੀ। ਪਰ ਜਿਸ ਚੀਜ਼ ਦੀ ਮੈਨੂੰ ਲੋੜ ਸੀ, ਉਹ ਨਹੀਂ ਸੀ—ਇਨਸਾਨੀਅਤ, ਮੋਹ, ਆਪਣੇਪਣ ਦੀ ਗਰਮੀ।

ਮੈਂ ਧੜਾਧੜ ਆਪਣੀਆਂ ਚੀਜ਼ਾਂ ਬਾਹਰ ਸੁੱਟਣੀਆਂ ਸ਼ੁਰੂ ਕਰ ਦਿੱਤੀਆਂ। ਸਮਾਨ ਜਾਂਦਾ ਰਿਹਾ, ਪੈਸਾ ਜਾਂਦਾ ਰਿਹਾ। ਮੈਨੂੰ ਲੱਗਦਾ ਸੀ ਸ਼ਾਇਦ ਇੱਕ ਦਿਨ ਸਭ ਕੁਝ ਮੁੱਕ ਜਾਵੇਗਾ। ਸ਼ਾਇਦ ਮੈਂ ਘਰ ਤੋਂ ਬੇਘਰ ਹੋ ਜਾਵਾਂਗੀ। ਸ਼ਾਇਦ ਮੈਂ ਸੜਕਾਂ ਉੱਤੇ ਆ ਜਾਵਾਂਗੀ ਅਤੇ ਫਿਰ ਵੇਖਾਂਗੀ ਕਿ ਲੋਕ ਕਿਹੋ ਜਿਹੇ ਹੁੰਦੇ ਹਨ। ਸ਼ਾਇਦ ਉੱਥੇ ਮੈਨੂੰ ਕੋਈ ਆਪਣਾ ਮਿਲ ਜਾਵੇ।

ਪਰ ਅਜੀਬ ਗੱਲ ਸੀ। ਮੈਂ ਜਿੰਨਾ ਵੀ ਕੁਝ ਸੁੱਟਦੀ ਗਈ, ਨਾ ਮੈਂ ਪੈਸਿਆਂ ਤੋਂ ਖਾਲੀ ਹੋਈ, ਨਾ ਸਮਾਨ ਤੋਂ। ਪਰ ਹਾਂ, ਮੈਂ ਦੁਨੀਆ ਤੋਂ ਖਾਲੀ ਹੋ ਗਈ ਸੀ। ਮੇਰੇ ਆਲੇ-ਦੁਆਲੇ ਸਭ ਕੁਝ ਸੀ, ਪਰ ਮੇਰੇ ਅੰਦਰ ਕੁਝ ਵੀ ਨਹੀਂ ਸੀ।

ਮਾਂ ਅਕਸਰ ਕਹਿੰਦੀ ਸੀ, “ਤੂੰ ਜਿੰਨਾ ਸਮਾਨ ਇਕੱਠਾ ਕਰਕੇ ਬੈਠੀ ਹੈਂ, ਇਸ ਨਾਲ ਕਈ ਘਰ ਬਣ ਸਕਦੇ ਹਨ।” ਉਸ ਵੇਲੇ ਮੈਂ ਹੱਸ ਦਿੰਦੀ ਸੀ। ਪਰ ਮਾਂ ਦੇ ਜਾਣ ਤੋਂ ਬਾਅਦ ਮੈਨੂੰ ਸਮਝ ਆਈ ਕਿ ਸਮਾਨ ਘਰ ਨਹੀਂ ਬਣਾਉਂਦਾ, ਇਨਸਾਨ ਬਣਾਉਂਦੇ ਹਨ। ਅਤੇ ਮੇਰੇ ਕੋਲ ਸਮਾਨ ਤਾਂ ਬਹੁਤ ਸੀ, ਪਰ ਇਨਸਾਨ ਕੋਈ ਨਹੀਂ ਸੀ।

ਮਾਂ ਦੇ ਜਾਣ ਤੋਂ ਬਾਅਦ ਮੈਨੂੰ ਕੁਝ ਵੀ ਨਹੀਂ ਚਾਹੀਦਾ ਸੀ। ਨਾ ਪੈਸਾ, ਨਾ ਘਰ, ਨਾ ਸ਼ੌਹਰਤ। ਲੋਕ ਤਾਂ ਪਹਿਲਾਂ ਹੀ ਮੇਰੀ ਜ਼ਿੰਦਗੀ ਤੋਂ ਦੂਰ ਹੋ ਚੁੱਕੇ ਸਨ। ਹਾਲ ਇਹ ਸੀ ਕਿ ਮੇਰੀਆਂ ਅੱਖਾਂ ਇੱਕ ਚਿਹਰਾ ਵੇਖਣ ਲਈ ਤਰਸ ਜਾਂਦੀਆਂ ਸਨ।

ਇੰਝ ਹੀ ਦੱਸ ਸਾਲ ਲੰਘ ਗਏ।

ਫਿਰ ਨਾ ਜਾਣੇ ਕੀ ਹੋਇਆ। ਮੈਨੂੰ ਇੰਝ ਲੱਗਿਆ ਜਿਵੇਂ ਮੇਰੀ ਮਾਂ ਨੂੰ ਦੱਸ ਸਾਲਾਂ ਬਾਅਦ ਮੇਰਾ ਖ਼ਿਆਲ ਆ ਗਿਆ ਹੋਵੇ। ਜਿਵੇਂ ਉਹ ਅਸਮਾਨਾਂ ਤੋਂ ਮੇਰੀ ਤਨਹਾਈ ਵੇਖ ਰਹੀ ਹੋਵੇ। ਜਿਵੇਂ ਉਸ ਨੇ ਮੇਰੇ ਲਈ ਅਰਦਾਸ ਕੀਤੀ ਹੋਵੇ।

ਉਸ ਦਿਨ ਤੋਂ ਮੇਰੀ ਜ਼ਿੰਦਗੀ ਬਦਲਣੀ ਸ਼ੁਰੂ ਹੋ ਗਈ।

ਮਾਂ ਨੇ ਮੇਰੇ ਉੱਤੇ ਅਸੀਸਾਂ ਦੀ ਐਸੀ ਵਰਖਾ ਕੀਤੀ ਕਿ ਮੇਰੀਆਂ ਸਾਰੀਆਂ ਕਮੀਆਂ ਭਰ ਗਈਆਂ। ਹੌਲੀ-ਹੌਲੀ ਲੋਕ ਮੇਰੀ ਜ਼ਿੰਦਗੀ ਵਿੱਚ ਆਉਣ ਲੱਗੇ। ਗੱਲਾਂ ਆਉਣ ਲੱਗੀਆਂ। ਮੁਸਕਰਾਹਟਾਂ ਆਉਣ ਲੱਗੀਆਂ। ਉਹ ਖਾਲੀਪਣ ਜੋ ਸਾਲਾਂ ਤੋਂ ਮੇਰੇ ਅੰਦਰ ਵੱਸਿਆ ਹੋਇਆ ਸੀ, ਹੌਲੀ-ਹੌਲੀ ਭਰਨਾ ਸ਼ੁਰੂ ਹੋ ਗਿਆ।

ਫਿਰ ਮੈਨੂੰ ਨਾ ਲੋਕਾਂ ਦੀ ਚਾਹਤ ਰਹੀ, ਨਾ ਸਮਾਨ ਦੀ, ਨਾ ਪੈਸੇ ਦੀ। ਨਾ ਮੈਂ ਘਰ ਬਣਾ ਸਕੀ, ਨਾ ਘਰੋਂ ਬੇਘਰ ਹੋਈ। ਪਰ ਇੱਕ ਅਜੀਬ ਜਿਹਾ ਚਮਤਕਾਰ ਹੋਇਆ—ਜਦੋਂ ਮੇਰੇ ਕੋਲ ਕੁਝ ਵੀ ਨਹੀਂ ਸੀ, ਉਦੋਂ ਮੈਨੂੰ ਸਭ ਕੁਝ ਮਿਲ ਗਿਆ।

ਅੱਜ ਮੇਰੇ ਕੋਲ ਜੋ ਕੁਝ ਹੈ, ਉਹ ਮਾਂ ਦੀਆਂ ਅਸੀਸਾਂ ਹਨ। ਉਹ ਅਸੀਸਾਂ ਜਿਨ੍ਹਾਂ ਨੇ ਮੇਰੀ ਤਨਹਾਈ ਨੂੰ ਸਾਥ ਵਿੱਚ, ਮੇਰੇ ਦੁੱਖ ਨੂੰ ਸਬਰ ਵਿੱਚ ਅਤੇ ਮੇਰੀ ਖਾਲੀ ਝੋਲੀ ਨੂੰ ਸ਼ੁਕਰਾਨੇ ਨਾਲ ਭਰ ਦਿੱਤਾ।

ਹੁਣ ਮੈਨੂੰ ਸਮਝ ਆ ਗਿਆ ਹੈ ਕਿ ਮਾਂ ਕਦੇ ਜਾਂਦੀਆਂ ਨਹੀਂ। ਉਹ ਸਿਰਫ਼ ਦਿਸਣੀਆਂ ਬੰਦ ਹੋ ਜਾਂਦੀਆਂ ਹਨ। ਉਹਨਾਂ ਦੀਆਂ ਦੁਆਵਾਂ, ਉਹਨਾਂ ਦੀਆਂ ਅਸੀਸਾਂ ਅਤੇ ਉਹਨਾਂ ਦਾ ਪਿਆਰ ਸਾਡੇ ਨਾਲ ਹੀ ਤੁਰਦਾ ਰਹਿੰਦਾ ਹੈ।

ਅਤੇ ਸ਼ਾਇਦ ਮੇਰੀ ਜ਼ਿੰਦਗੀ ਦੀ ਸਭ ਤੋਂ ਵੱਡੀ ਦੌਲਤ ਵੀ ਇਹੀ ਹੈ—

ਮਾਂ ਦੀਆਂ ਅਸੀਸਾਂ

✍️ ਪਰਦੀਪ ਕੌਰ
📖 #ਬੱਬੂਡਾਇਰੀ

—————————2———————

Happy Thanksgiving

ਧੰਨਵਾਦ ਟਰਕੀ ਦਾ ਜੋ ਕਦੀ ਸੀ ਵੀ ਨਹੀ ਕਰਦੀ ਆਪਣੇ ਬਲੀਦਾਨ ਤੇ

ਇਸ ਦਿਨ ਦਾ ਮਤਲਬ ਹੁੰਦਾ ਧੰਨਵਾਦ ,
ਧੰਨਵਾਦ ਕਿਸਦਾ ਰੱਬ ਦਾ ਸਭ ਰਿਸ਼ਤਿਆਂ ਦਾ ਦੋਸਤਾਂ ਮਿਤਰਾ ਦਾ ਵਿਚਾਰੀ ਟਰਕੀ ਦਾ ਜਿਸਨੂੰ ਖਾਇਆ ਜਾਣਾ ।
ਮੈ ਵੀ ਆਪਣੇ ਅਮਰੀਕਾ ਦੇ ਇਹਨੇ ਸਾਲ ਰਹਿਣ ਤੇ ਮੈਂ ਵੀ ਸੋਚਿਆ ਭਾਵੇਂ ਮੈ ਮੀਟ ਨਹੀ ਵੀ ਖਾਂਦੀ ਪਰ ਮੈਂ ਵੀ ਪੂਰੀ ਤਰਾਂ ਉਸ ਦਿਨ ਅਮਰੀਕਨ ਜੋ ਜੋ ਵੀ ਬਨਾੳਦੇ ਮੈਂ ਵੀ ਸਭ ਕੂਝ ਉਹਨਾਂ ਵਾਲਾ ਆਪਣੇ ਘਰ ਵਿੱਚ ਤਿਆਰ ਕਰਾਂਗੀ ਜੋ ਉਹਨਾਂ ਗੋਰੇ ਲੋਕਾਂ ਦੇ ਮੇਜ਼ ਤੇ ਜਾਂਦਾ ।
ਉਸ ਸਮੇਂ ਰੋਕਲਿਨ ਵਿੱਚ ਕੈਲੇਫੋਰਨੀਆ ਰਹਿੰਦੀ ਸੀ , ਇਹ ਹੀ ਦਿਨ ਸੀ ਮੇਂ ਆਪਣੀ ਰਸੋਈ ਵਿੱਚ ਖੜੀ ਕਉਟਰ ਤੇ ਸਜਾ ਰਹੀ ਸੀ ਬਹੁਤ ਉੱਚੀ ਉਚੀ ਅਵਾਜਾ ਆਉਣ ਲੱਗ ਗਈਆ ਲੜਾਈ ਹੋ ਰਹੀ ਸੀ ਕੋਈ ਇਨਸਾਨ ਸੀ ਉਹ ਆਪਣੇ ਆਪ ਨੂੰ ਠੀਕ ਦੱਸ ਰਿਹਾ ਸੀ ਦੂਸਰਾ ਉਸ ਤੇ ਚੀਕ ਰਿਹਾ ਸੀ ਉਸ ਸਮੇਂ ਮੈਨੂੰ ਬਿਲਕੁਲ ਸਮਝ ਨਹੀ ਆ ਰਹੀ ਸੀ ਕਿ ਕਿਹਨੂੰ ਕੀ ਕਹਿਣਾ ਕਿਹਨੂੰ ਕੀ ਨਹੀਂ ਕਹਿਣਾ ਮੈਂ ਦੇਖਦੀ ਰਹੀ ਕਦੀ ਉਹਨਾਂ ਲੜਾਈ ਕਰਨ ਵਾਲਿਆਂ ਵੱਲ ਤੇ ਕਦੀ ਆਪਣੀ ਕੋਟਰ ਤੇ ਧਰੀ ਹੋਈ ਟਰਕੀ ਵੱਲ ਕਿ ਕਿ ਮੈਂ ਤੇਰਾ ਢਿੱਡ ਪਾੜ ਪਾੜ ਕਿ ਕਿੰਨੀਆਂ ਸਵਾਦ ਚੀਜ਼ਾਂ ਰੱਖੀਆਂ ਕਿ ਖਾਣ ਵਾਲਿਆਂ ਨੂੰ ਸੁਆਦ ਆਵੇਗਾ ਪਰ ਮੈਂ ਸੋਚਦੀ ਰਹੀ ਕਿ ਮੈਂ ਇਹਨੂੰ ਚੁੱਪ ਕਰਾ ਦਿੰਦੀ ਕਦੀ ਸੋਚਦੀ ਸੀ ਕਿ ਇਹਨੂੰ ਕੁਝ ਕਹਿ ਦੇਦੀ ਤੇ ਗੱਲ ਖਤਮ ਕਰਾ ਦੇਦੀ ਤੇ ਸਾਰੇ ਉਹ ਬਣਾਈ ਹੋਈ ਟਰਕੀ ਖਾ ਲੈਦੇ ਪਰ ਕੁਝ ਨਹੀਂ ਇਸ ਤਰਾਂ ਦਾ ਹੋਇਆ ਸਿਰਫ ਇੱਕ ਹੀ ਬਚਿਆ ਉੱਥੇ ਟਰਕੀ ਖਾਣ ਵਾਲਾ ਉਹ ਮੇਰਾ ਪਤੀ ਦਿਲ ਕਰੇ ਕਿ ਇਹਨੂੰ ਕਵਾ ਕਿ ਕਿਉਂ ਵਿਚਾਰੀ ਟਰਕੀ ਨੂੰ ਬੇਇੱਜ਼ਤ ਕਰਨਾ ਸੀ ਟਰਕੀ ਵਾਲੇ ਦਿਨ ਥੋੜਾ ਹੋਲੀ ਬੋਲ ਲੈਣਾ ਸੀ ਇਹ ਸਭ ਕੁਝ ਮੈਂ ਦਿਲ ਵਿੱਚ ਸੋਚਦੀ ਰਹੀ ਕਿ ਇਸ ਤਰਾਂ ਕਵਾ ਪਰ ਮੈਂ ਕਿਹਾ ਹੁਣ ਕੋਈ ਫਾਇਦਾ ਨਹੀਂ ਮੈਂ ਤੇ ਟਰਕੀ ਉਸ ਦਿਨ ਬਹੁਤ ਬੇਫਜੂਲ ਮਹਿਸੂਸ ਕੀਤਾ ਸੀ ਜੋ ਕਿ 25 ਕੁ ਸਾਲ ਹੋ ਗੇ ਇਸ ਗੱਲ ਨੂੰ ਤੇ ਅਜੇ ਵੀ ਹਰ ਸਾਲ ਟਰਕੀ ਵਾਲੇ ਦਿਨ ਸਾਮਣੇ ਆ ਕਦੀ ਉਹ ਸੱਜੀ ਹੋਈ ਟਰਕੀ
ਜਦ ਮੇਰੇ ਸਾਮਣੇ ਮੇਰਾ ਪਤੀ ਖਾ ਰਿਹਾ ਸੀ ਤੇ ਨਾਲ ਕਹਿ ਰਿਹਾ ਸੀ ਮੈਂ ਕਹਿਣਾ ਨਹੀਂ ਸੀ ਉਹਨਾਂ ਨੂੰ ਕੁਝ ਪਰ ਉਹ ਤੈਨੂੰ ਕਹਿ ਰਿਹਾ ਸੀ ਕਿ ਮੈਂ ਇਹਨੂੰ ਵੇਖ ਲਵਾਂਗਾ ਇਸ ਕਰਕੇ ਮੈਂ ਇਹ ਕਿੱਤਾ ਮੈਂ ਦਿਲ ਵਿੱਚ ਕਿਹਾ ਕਿ ਅੱਜ ਮੇਰੇ ਲਈ ਖੜੇ ਹੋਣ ਦੀ ਬਜਾਏ ਟਰਕੀ ਦੀ ਇੰਜਤ ਬਚਾਈ ਹੁੰਦੀ ਤੇ ਇਹ ਟਰਕੀ ਸਾਰੀ ਉਮਰ ਹਰ ਸਾਲ ਤਹਾਡੇ ਮੇਜ਼ ਤੇ ਆਉਣੀ ਸੀ ਪਰ ਅਫ਼ਸੋਸ ਇਹ ਟਰਕੀ ਕਦੀ ਵੀ ਮੇਰੇ ਹੱਥਾਂ ਨਾਲ ਨਹੀਂ ਬਣਨੀ
ਉਹ ਦਿਨ ਜਾਵੇ ਮੈਂ ਆਪਣੇ ਘਰ ਕਦੀ ਟਰਕੀ ਨਹੀਂ ਵੜਨ ਦਿੱਤੀ ਹਰ ਸਾਲ ਮੇਰੇ ਪਤੀ ਦੇ ਨਾਂ ਤੇ ਇਕ ਟਰਕੀ ਕੰਪਨੀ ਦਿੰਦੀ ਪਰ ਉਹ ਕਿਸੇ ਹੋਰ ਘਰ ਦੇ ਮੇਜ਼ ਦੀ ਸੌਭਾ ਬਣ ਜਾਂਦੀ ਉਹਨੂੰ ਉਥੇ ਹੀ ਮੈਨੇਜਰ ਨੂੰ ਦੇ ਦਿੱਤੀ ਜਾਂਦੀ
ਇਹ ਦਿਨ ਹੁੰਦਾ ਆਪਣਿਆਂ ਤੇ ਰਿਸ਼ਤਿਆਂ ਦੇ ਨਿੱਘ ਦਾ , ਪਰ ਮੈਨੂੰ ਆਪਣਾ ਭਵਿੱਖ ਨਜ਼ਰ ਆ ਗਿਆ ਸੀ ਇਸ ਤੋਂ ਮੈਂ ਵਾਂਝੀ ਰਹਿਣਾ
ਪਰ ਇਹ ਵੀ ਕੀ ਦਿਨ ਹੋਇਆ ਕਿ ਰਿਸ਼ਤਿਆਂ ਦਾ ਧੰਨਵਾਦ ਕਰੋ ਤੇ ਲਿਪਾਂ ਪੌਚੀ ਕਰੋ , ਵਿਚਾਰੀ ਟਰਕੀ ਨੂੰ ਕੱਟ ਕਿ ਖਾ ਲਵੋ ਜਿਵੇ ਉਸ ਵਿੱਚ ਬਿਲਕੁਲ ਜਾਨ ਨਹੀ ਹੈਗੀ ਕਿਉਂਕਿ ਉਹਨੇ ਵੀ ਵਿਚਾਰੀ ਨੇ ਮੇਰੀ ਤਰਾ ਆਪਣੇ ਹੱਕ ਦੀ ਲੜਾਈ ਨਹੀਂ ਕਰਨੀ ।
ਧੰਨਵਾਦ ਤੇ ਸਿਰਫ ਤੇ ਸਿਰਫ ਉਸ ਰੱਬ ਦਾ ਬਣਦਾ
ਲੋਕਾ ਦਾ ਰਿਸ਼ਤੇਦਾਰਾ ਦਾ ਕਾਹਦਾ ਧੰਨਵਾਦ ਉਹਨਾਂ ਦਾ ਵੱਸ ਚੱਲੇ ਤੇ ਉਹ ਤਹਾਡੇ ਮੂੰਹ ਵਿੱਚ ਹੱਥ ਪਾ ਕੇ ਕਿਸੇ ਖੁੰਝੇ ਵੀ ਤੁਹਾਡਾ ਸਾਹ ਅੱੜਿਆ ਹੋਵੇ ਤੇ ਉਹ ਨਾੜ ਖਿੱਚ ਕੇ ਬਾਹਰ ਸੁੱਟ ਦੇਣ …… ਧੰਨਵਾਦ 🙏
ਉਹਨਾਂ ਕਿਸਮਤ ਵਾਲਿਆਂ ਨੂੰ ਜਿਹਨਾ ਕੋਲ ਇਹ ਇਸ ਸਮੇਂ ਵਿੱਚ ਵੀ ਕੋਈ ਨਿੱਘ ਵਾਲਾ ਰਿਸ਼ਤਾ ਬਚਿਆ ਕੋਈ … ਪਰਦੀਪ ਕੋਰ 11/27/2025 ਚਲਦੀ ਹਾ ਫਿਰ ਕਿਸੇ ਟੋਪਿਕ ਨਾਲ ਸੀ …

✍️ ਪਰਦੀਪ ਕੌਰ
📖 #ਬੱਬੂਡਾਇਰੀ

—————-3———————

ਰਿਸ਼ਤਾ  ਪਿਆਰ ਦਾ 

 ਸਾਨੂੰ ਇਕੱਠਿਆਂ 26 ਸਾਲ ਹੋ ਜਾਣੇ  ਕੁਝ ਦਿਨਾਂ ਤੱਕ, 

ਰਿਸ਼ਤੇ ਦਾ ਮਤਲਬ ਇਹ ਹੀ ਹੁੰਦਾ ਜਿਵੇ ਅਸੀ ਦੋਵੇ ਜੀ ਚੁੱਕੇ ਹਾ । ਇੱਕ  ਦੂਸਰੇ ਦੀਆਂ ਕਮੀਆਂ ਨੂੰ ਅਣਦੇਖੇ ਕਰਕੇ ਸਿਰਫ਼ ਇਕ ਦੂਸਰੇ ਦੀ ਚੰਗੀਆਈਂਆ ਦੇ ਬਾਰੇ  ਗੱਲ ਕਰਨੀ 

ਅੱਜ ਕਈ ਸਾਲਾਂ ਬਾਅਦ ਪਤਾ ਲੱਗਾ ਕਿ ਜਸਪਾਲ ਨੂੰ ਬਹੁਤ  ਛੋਟੇ ਛੋਟੇ ਫੁਲਕੇ ਪਸੰਦ ਮੈਂ ਵੱਡੇ ਵੱਡੇ ਬਨਾਉਦੀ ਰਹੀ 

ਪਰ ਫਿਰ ਵੀ ਕੋਈ ਗੱਲ ਨਹੀਂ ਅਜੇ ਵੀ ਸਮਾ

ਮੇਰੇ ਕੋਲ ਆਪਣੇ ਆਪ ਨੂੰ ਸਧਾਰਣ ਦਾ ।

ਅੱਜ ਤੱਕ ਇਹਨਾ ਰਿਸਤਿਆਂ ਨੂੰ ਮੈ ਸਮਝੋਤੇ ਦਾ ਨਾ ਦੇਦੀ ਆ ਰਹੀ ਪਰ ਪਿਆਰ ਕਦ ਹੋ ਗਿਆ ਪਤਾ ਨਹੀ ਚੱਲਿਆਂ

ਪਿਆਰ ਹੋਲੀ ਹੋਲੀ ਹੁੰਦਾ ਆਾਪਣੀ ਇਕ ਸ਼ਿਖਰ ਤੇ ਪਹੁੰਚ  ਚੁੱਕਾ । 

ਸਾਡਾ ਪਿਆਰ ਬਹੁਤ ਛੋਟਾ ਤੇ ਕਮੀਤੀ ਹੈ ਛੋਟਾ ਇਸ ਕਰਕੇ ਮੇਰਾ ਉਸ ਤੱਕ ਤੇ ਉਸਦਾ ਮੇਰੇ ਤੱਕ,  ਸਿਰਫ ਬਹੁਤ ਮੁਸਕਲਾ ਭਰੀ ਜ਼ਿੰਦਗੀ ਸੀ ਪਰ ਉਹ ਮੁਸ਼ਕਿਲਾਂ  ਸਭ ਆਰਜ਼ੀ ਸੀ ਜਿਥੋ ਮੁਸ਼ਕਿਲਾਂ  ਸ਼ੁਰ  ਹੁੰਦੀਆਂ  ਉਹਨਾ ਦੀ ਬੁੱਕਲ ਵਿੱਚ ਸਾਹ ਘੁੱਟ ਜਾਂਦੀਆਂ ਸਾਨੂੰ ਬਾਅਦ ਵਿੱਚ ਪਤਾ ਲੱਗਦਾ ਕਿ ਮੁਸ਼ਕਿਲ ਆ ਰਹੀ ਸੀ 

ਅਸੀ ਦੋਵੇਂ ਵੀ ਕਦੀ ਬਹਿਸ ਵਿੱਚ ਪੈਂਦੇ ਤੇ ਮੈਂ ਆਪਣਾ ਸਿਰਾਣਾ ਚੁੱਕ ਕਿ ਨਰਾਜ਼ ਹੋ ਕਿ ਦੁਜੇ ਕਮਰੇ ਵਿੱਚ ਮੈਂ ਭੱਜੀ ਜਾਂਦੀ ਫਿਰ ਸਾਰੀ  ਰਾਤ ਮੈਂ ਉਡੀਕ ਦੀ ਕਿ ਉਹੋ ਹੀ ਪਿੱਛੇ ਪਿੱਛੇ ਆਵੇਗਾ ਫਿਰ ਉਹ ਆਉਂਦਾ ਵੀ ਤੇ ਇਸ ਤਰਾਂ ਕਹਿੰਦਾ ਤੂੰ ਇਸ ਤਰਾਂ ਕਿਉਂ ਕਰਦੀ ਮੈਂ ਕਈ ਘੰਟੇ ਖਰਾਬ ਕਰ ਦਿੰਦੀ ਕਿ ਤੇਰੀ ਗਲਤੀ ਸੀ ਪਰ ਉਹ ਕਹਿੰਦਾ ਨਹੀਂ ਮੈਂ ਤੇ ਇਸ ਤਰਾਂ ਕੁਝ ਵੀ ਨਹੀਂ ਕਿਹਾ ਫਿਰ ਮੈਨੂੰ ਪਤਾ ਨਹੀਂ ਲੱਗਦਾ ਕਿ ਕਸੂਰ ਕਿਸਦਾ ਸੀ ਕਿਉਂਕਿ ਜਸਪਾਲ ਆਪਣੇ ਆਪ ਨੂੰ ਸੱਚਾ ਸਾਬਿਤ ਕਰ ਦਿੰਦਾ ਸੀ ਜਸਪਾਲ ਨੇ ਕਹਿਣਾ ਤੂੰ ਆਪਣੇ ਮਨ ਵਿੱਚ ਮਨ ਘੜਤ ਕਹਾਣੀਆਂ ਬਨ੍ਹਾਉਂਦੀ ਰਹਿੰਦੀ 

ਪਹਿਲਾਂ ਮੈਂ ਸੋਚਦੀ ਸੀ ਰਿਸ਼ਤੇ ਆਪੇ ਬਣਾਏ ਜਾਂਦੇ ਪਰ ਆਪਣੇ ਰਿਸ਼ਤੇ ਨੂੰ ਦੇਖ ਕਿ ਲੱਗਦਾ ਕਿ ਰੱਬ ਨੇ ਸਾਨੂੰ ਦੂਰ ਦੁਰ ਤੋਂ ਲਿਆ ਕਿ ਮਿਲਾਇਆ 

ਇੱਕ ਖ਼ੂਬਸੂਰਤ ਜੋੜੀ ਦੇ ਰੂਪ ਵਿੱਚ ।ਕਦੀ ਮੈਂ ਸੋਚਦੀ ਕਿ ਉਹ ਮੇਰੇ ਲਈ ਆਇਆ ਤੇ ਉਹਨੂੰ ਲੱਗਦਾ ਕਿ ਮੈ ਸਿਰਫ਼ ਉਸ ਲਈ ਆਈ ਹਾ 

ਸਾਡੇ ਗਿੱਲੇ ਛਿਕਵੇ ਤੇ ਬਹੁਤ ਦੂਰ ਰਹਿ ਜਾਂਦੇ ਹਾਂ ਅਸੀਂ ਇੱਕ ਦੁਸਰੇ ਦੇ ਦੁੱਖ ਤੇ ਸੁੱਖ ਦੇ ਹਮਦਰਦ ਹਾਂ  ਅਸੀ ਇਕ ਦੂਸਰੇ ਨਾਲ ਝੂਠ ਦੀ ਦੁਨੀਆ ਨਹੀ ਜਿਉਂਦੇ ਇਕ ਦੂਸਰੇ ਤੋ ਵੱਡੀਆਂ ਵੱਡੀਆਂ ਆਸਾ ਨਹੀਂ ਰੱਖਦੇ ਅਸੀਂ ਸਿਰਫ਼ ਸੱਚਾ ਪਿਆਰ ਕਰਦੇ ਹਾਂ ਇਕ ਦੁਸਰੇ ਨੂੰ ਘੱਟ  ਮੁਸੀਬਤਾਂ ਉਠਾਉਣੀ ਪਵੇ ਇਕ ਦੂਜੇ ਦਾ ਕੰਮ ਕਰਦੇ ਹਾ 

ਰੱਬ ਵੱਲੋਂ ਭੇਜੇ ਹੋਏ  ਦੋ ਰਾਹੀ ਹਾਂ ਤੇ ਰੱਬ ਦੀ ਰਜ਼ਾ ਮੁਤਾਬਿਕ  ਇਕ ਦੂਸਰੇ ਦਾ ਹੱਥ ਫੜ ਕਿ ਪਿਆਰ ਨਾਲ ਚੱਲ ਰਹੇ ਜਿੱਥੇ ਮੁਸ਼ੀਬਤ ਆਉਦੀ ਅਸੀਂ ਉੱਥੋਂ ਇਕੱਠੇ ਛਲਾਂਗ ਲਾ ਕੇ ਫਿਰ ਪਿਆਰ ਨਾਲ ਤੁਰਨ ਲੱਗ ਜਾਂਦੇ ਹਾ , ਜੀ ਕਰਦਾ ਅੱਜ ਥਾਪੀ ਮਾਰ ਕੇ  ਬੋਲਾਂ ਕਿ ਕਿਆ ਰਿਸ਼ਤਾ ਸਾਡਾ ਤੋੜੇਗਾ ਤਾ ਪਰਮਾਤਮਾ ਨਹੀ ਤਾ  ਕਿਸੇ  ਦੁੱਕੀ ਤਿੱਕੀ ਤੋ ਨਹੀਂ ਇਹ ਟੁੱਟਣਾ 

ਇਹ ਰਿਸ਼ਤਾ  ਬਹੁਤ ਪਿਆਰਾ ਹੈ ਜਿਸ ਵਿਚ ਸਿਰਫ ਪਿਆਰ ਤੇ ਹਮਦਰਦੀ ਇਕ ਦੂਸਰੇ  ਲਈ …. ✍️ ਪਰਦੀਪ ਕੌਰ

📖 #ਬੱਬੂਡਾਇਰੀ

———————-4—————————-

Still Standing

There was a time when I believed hard work, loyalty, and love would be enough.

For fifteen years, I worked, built a home, and filled it with dreams. I spent my days working and my evenings creating a life I hoped would last forever. Every wall, every room, every corner carried a piece of my heart.

Then one day, I found myself standing at the door with nowhere to go.

No mother beside me.
No brother beside me.
No home to return to.

The house I had helped build was no longer mine. The future I had imagined disappeared in front of my eyes.

I remember standing there feeling completely alone, carrying not only my belongings but also the weight of disappointment, heartbreak, and uncertainty.

Life did not treat me gently.

People judged me.
People left.
People disappointed me.

But they did not break me.

I lost a home.
I lost relationships.
I lost the life I thought I would have.

Yet somehow, I found the strength to take another step forward.

Looking back today, I do not see a woman who lost everything.

I see a woman who survived everything.

After all these years, after all the storms, I am still here.

I see a woman who survived everything.

Still standing. ❤️. ✍️ Babbu Diary

✍️ ਪਰਦੀਪ ਕੌਰ

#ਬੱਬੂਡਾਇਰੀ

————————-5———————

ਉਹ ਯਾਦਾਂ ਜੋ ਮੈਂ ਇਕੱਲੀ ਢੋਈਆਂ ❤️

ਕਈ ਵਾਰ ਅਸੀਂ ਸਾਲਾਂ ਤੱਕ ਲੋਕਾਂ ਦੀਆਂ ਯਾਦਾਂ ਸੰਭਾਲਦੇ ਰਹਿੰਦੇ ਹਾਂ — ਫੋਟੋਆਂ, ਵੀਡੀਓਆਂ, ਚਿੱਠੀਆਂ ਅਤੇ ਉਹਨਾਂ ਦੀ ਕਹਾਣੀ ਦੇ ਟੁਕੜੇ।

ਫਿਰ ਇੱਕ ਦਿਨ ਸਮਝ ਆਉਂਦੀ ਹੈ ਕਿ ਮੈਂ ਉਹ ਯਾਦਾਂ ਸੰਭਾਲ ਰਹੀ ਸੀ, ਜਿਨ੍ਹਾਂ ਨੂੰ ਉਹ ਲੋਕ ਕਦੇ ਦਾ ਪਿੱਛੇ ਛੱਡ ਚੁੱਕੇ ਸਨ।

ਅਤੇ ਇਹ ਠੀਕ ਹੈ।

ਹਰ ਕਹਾਣੀ ਮੇਰਾ ਭਾਰ ਨਹੀਂ।

ਹਰ ਯਾਦ ਨੂੰ ਬਚਾਉਣਾ ਮੇਰੀ ਜ਼ਿੰਮੇਵਾਰੀ ਨਹੀਂ।

ਜੋ ਆਪਣੀ ਕਹਾਣੀ ਦੀ ਕਦਰ ਕਰਦੇ ਹਨ, ਉਹ ਉਸਨੂੰ ਆਪ ਸੰਭਾਲ ਲੈਂਦੇ ਹਨ।

ਜੋ ਮੇਰੀ ਕਦਰ ਕਰਦੇ ਹਨ, ਉਹ ਮੇਰੇ ਨਾਲ ਰਹਿੰਦੇ ਹਨ।

ਹੁਣ ਮੈਂ ਆਪਣੀ ਯਾਤਰਾ, ਆਪਣੀ ਹੀਲਿੰਗ ਅਤੇ ਉਹ ਪਲ ਸੰਭਾਲਦੀ ਹਾਂ ਜਿਨ੍ਹਾਂ ਨੇ ਮੈਨੂੰ ਅੱਜ ਦਾ ਮੈਂ ਬਣਾਇਆ ਹੈ।

ਬਾਕੀ ਸਭ ਕੁਝ ਮੈਂ ਸ਼ਾਂਤੀ ਨਾਲ ਛੱਡ ਦਿੰਦੀ ਹਾਂ। ❤️

ਸਾਲਾਂ ਤੱਕ ਮੈਂ ਉਹ ਯਾਦਾਂ ਢੋਈਆਂ, ਜਿਨ੍ਹਾਂ ਨੂੰ ਹੋਰ ਕੋਈ ਨਹੀਂ ਢੋ ਰਿਹਾ ਸੀ।

✍️ ਪਰਦੀਪ ਕੌਰ

#ਬੱਬੂਡਾਇਰੀ

———————-6——————————

ਤੇਰੇ ਭਾਣੇ ਸਰਬੱਤ ਦਾ ਭਲਾ ❤️

ਜਦੋਂ ਵੀ ਮੈਂ ਗੁਰਦੁਆਰਾ ਸਾਹਿਬ ਵਾਲੀ ਆਪਣੀ ਤਸਵੀਰ ਵੇਖਦੀ ਹਾਂ, ਲੋਕਾਂ ਨੂੰ ਸ਼ਾਇਦ ਇੰਝ ਲੱਗੇ ਕਿ ਮੈਂ ਕੁਝ ਮੰਗ ਰਹੀ ਹਾਂ।

ਪਰ ਸੱਚ ਇਹ ਹੈ ਕਿ ਮੈਂ ਕਦੇ ਵੀ ਰੱਬ ਕੋਲ ਆਪਣੇ ਲਈ ਕੁਝ ਨਹੀਂ ਮੰਗਿਆ।

ਰੱਬ ਨੇ ਮੈਨੂੰ ਬਹੁਤ ਕੁਝ ਦੇ ਕੇ ਇਸ ਦੁਨੀਆ ਵਿੱਚ ਭੇਜਿਆ। ਮੈਂ ਇੱਕ ਸੁਖੀ ਘਰ ਵਿੱਚ ਅੱਖਾਂ ਖੋਲ੍ਹੀਆਂ। ਜਿੱਥੇ ਵੀ ਰਹੀ ਹਾਂ, ਰੱਬ ਨੇ ਮੈਨੂੰ ਇੱਜ਼ਤ, ਪਿਆਰ ਅਤੇ ਲੋੜ ਤੋਂ ਵੱਧ ਦਿੱਤਾ ਹੈ।

ਅੱਜ ਵੀ ਮੇਰੀ ਜ਼ਿੰਦਗੀ ਵਿੱਚ ਕਿਸੇ ਚੀਜ਼ ਦੀ ਕਮੀ ਨਹੀਂ। ਇੱਥੋਂ ਤੱਕ ਕਿ ਹਰ ਸਾਲ ਘਰ ਬਦਲਦਿਆਂ ਮੈਂ ਘਰ ਦਾ ਕਾਫ਼ੀ ਸਮਾਨ ਵੀ ਪਿੱਛੇ ਛੱਡ ਆਉਂਦੀ ਹਾਂ। ਇਹ ਮੇਰੀ ਆਦਤ ਬਣ ਗਈ ਹੈ।

ਸ਼ਾਇਦ ਕਿਸੇ ਨੂੰ ਇਹ ਗੱਲ ਅਜੀਬ ਲੱਗੇ।

ਪਰ ਮੈਂ ਮੰਨਦੀ ਹਾਂ ਕਿ ਰੱਬ ਨੂੰ ਸ਼ਿਕਾਇਤਾਂ ਕਰਨ ਵਾਲੇ ਨਹੀਂ, ਸ਼ੁਕਰਾਨਾ ਕਰਨ ਵਾਲੇ ਲੋਕ ਪਿਆਰੇ ਹੁੰਦੇ ਹਨ।

ਜੇ ਸਾਹ ਹੀ ਲੜਖੜਾ ਜਾਵੇ, ਤਾਂ ਫਿਰ ਮੰਗੀਆਂ ਹੋਈਆਂ ਚੀਜ਼ਾਂ ਦਾ ਕੀ ਕਰਾਂਗੇ?

ਅੱਜ ਬਹੁਤ ਦਿਨਾਂ ਬਾਅਦ ਮੈਂ ਜਪੁਜੀ ਸਾਹਿਬ ਦਾ ਪਾਠ ਕੀਤਾ। ਫਿਰ ਸੋਚਿਆ, ਚਲੋ ਅਰਦਾਸ ਵੀ ਕਰ ਲਈਏ।

ਜਦੋਂ ਅਰਦਾਸ ਲਈ ਹੱਥ ਜੋੜੇ, ਤਾਂ ਆਪਣੇ ਲਈ ਕੁਝ ਮੰਗਣ ਦੀ ਜਗ੍ਹਾ ਹੀ ਨਹੀਂ ਸੀ।

ਦਿਲ ਵਿੱਚ ਸਿਰਫ਼ ਇੱਕ ਹੀ ਗੱਲ ਆ ਰਹੀ ਸੀ —

“ਨਾਨਕ ਨਾਮ ਚੜ੍ਹਦੀ ਕਲਾ, ਤੇਰੇ ਭਾਣੇ ਸਰਬੱਤ ਦਾ ਭਲਾ।”

ਇਸ ਤੋਂ ਬਾਅਦ ਹੋਰ ਕੁਝ ਮੰਗਣ ਦਾ ਮਤਲਬ ਹੀ ਨਹੀਂ ਬਣਦਾ।

ਏਨੇ ਵੱਡੇ ਸ਼ਹਿਨਸ਼ਾਹ ਦੀ ਧੀ ਹੋ ਕੇ, ਮੈਂ ਆਪਣੇ ਪਿਤਾ ਅੱਗੇ ਭਿਖਾਰਨ ਬਣ ਕੇ ਦੁਨਿਆਵੀ ਚੀਜ਼ਾਂ ਕਿਉਂ ਮੰਗਾਂ?

✍️ ਪਰਦੀਪ ਕੌਰ

#ਬੱਬੂਡਾਇਰੀ

————————-7——————————-

ਜ਼ਿੰਦਗੀ ਦੇ ਰੋਣੇ

ਅੱਜ ਮੈਂ ਇੱਕ ਹੜਾ ਵਿੱਚ ਇੱਕ ਬਜ਼ੁਰਗ ਨੂੰ ਰੋਂਦਿਆਂ ਦੇਖਿਆ
ਕਿ ਮੈਂ ਬੁੱਢਾ ਹੋ ਗਿਆ ਮੇਰਾ ਕਲੋ ਕੁਝ ਨਹੀਂ ਹੋ ਸਕਦਾ ਸੱਚ ਕਿਹਾ ਤੁਸੀ ਨਹੀਂ ਹੋ ਸਕਦਾ ਇੱਕ ਉਮਰ ਤੋਂ ਬਾਅਦ ਇਨਸਾਨ ਹਾਰ ਤੇ ਥੱਕ ਜਾਂਦਾ , ਕਹਿ ਰਹੇ ਸੀ ਇਹ ਹੋਣਾ ਸੀ ਤੇ ਪਹਿਲਾਂ ਹੋ ਜਾਦਾ ਮੈਂ ਜੁਆਨ ਸੀ ਕਿਤੇ ਹੋਰ ਜਾ ਕੇ ਸੈਟ ਹੋ ਜਾਂਦਾ ਪਰ ਜੋ ਜਦੋਂ ਹੋਣਾ ਉਸ ਸਮੇਂ ਹੋਣਾ ਨਾ ਪਹਿਲੋਂ ਤੇ ਮਗਰੋ ਮੇਰੀ ਅਰਦਾਸ ਕਿ ਤਹਾਡੀ ਰਹਿੰਦੀ ਜਿਦਗੀ ਜੋ ਪਲ ਨੇ ਬਿਮਾਰੀ ਤੋ ਬਿਨਾ ਨਿਕਲਣ ਤੇ ਇਹ ਗਮ ਨੂੰ ਰਾਤ ਦੇ ਸੁਪਨੇ ਵਾਂਗ ਭੁਲ ਜਾਣਾ ਕਿਸੇ ਦੀ ਮਦਦਾ ਨੇ ਕੁਝ ਨਹੀਂ ਕਰਨਾ ਜੌ ਵੀ ਮਦਦ ਲਈ ਆ ਰਿਹਾ ਉਹ ਆਪ ਮੰਗਤੇ ਨੇ ਜਿੰਨੀ ਮਦਦ ਉਹਨਾਂ ਕਰਨੀ ਉਹਨੂੰ ਉਹ ਕਿਸੇ ਅਲੱਗ ਅਲੱਗ ਤਰੀਕੇ ਨਾਲ ਲੋਕਾਂ ਤੋਂ ਗਰਾਂ ਰਹੇ ਨੇ
ਪਰ ਤੁਸੀ ਜੋ ਕਹਿ ਰਹੇ ਸੀ ਉਹ ਦਰਦ ਮੈਂ ਚੰਗੀ ਤਰਾ ਮਹਿਸੂਸ ਕੀਤਾ ਤੁਹਾਡਾ ਪਰ ਜ਼ਿੰਦਗੀ ਨੂੰ ਕਈ ਵਾਰ ਆਪਣੇ ਅੱਗੇ ਰੱਖ ਕਿ ਵੇਖਣ ਤੋ ਇਲਾਵਾ ਕੁਝ ਨਹੀਂ ਰਹਿ ਜਾਂਦਾ
ਮੈਂ ਤਹਾਨੂੰ ਦੱਸਦੀ ਕਿ ਮੈਂ ਅਮਰੀਕਾ ਵਿੱਚ 3 ਵਾਰ ਘਰ ਖਰੀਦੇ ਕਿਸੇ ਮਹਿਲ ਤੋ ਘੱਟ ਨਹੀ ਸੀ ਕੋਈ ਮੇਰਾ ਘਰ ।
ਫਿਰ ਇੱਕ ਦਿਨ ਇਸ ਤਰਾਂ ਹੋਇਆ ਕਿ ਮੈਨੂੰ ਲੱਗਾ ਕਿ ਮੈਂ ਕੀ ਭਾਰ ਚੁੱਕੀ ਫਿਰ ਰਹੀ ਮੈਨੂੰ ਘਰ ਵਿੱਚ ਲੱਗੀਆਂ ਤਸਵੀਰ ਜ਼ਰੂਰਤ ਤੋ ਜ਼ਿਆਦਾ ਸਮਾਨ ਮੇਰਾ ਲਈ ਬੋਝ ਬਣ ਗਿਆ ਤੁਸੀਂ ਹੜਾ ਵਿੱਚ ਗਵਾਇਆ ਮੈਂ ਖੁਦ ਸੁੱਟਿਆ ਸੁੱਟਣ ਤੇ ਮੈਨੂੰ ਪੂਰਾ ਸਾਲ ਲੱਗਿਆ ਕਿਉਂਕਿ ਮੈਂ ਹਲਕੀ ਫਲਕੀ ਹੋ ਕੇ ਤੁਰਨਾ ਚਹੁਦੀ ਪਰ ਜੋ ਉਮਰ ਤਹਾਡੀ ਮੇਰੀ ਥੋੜੀ ਛੋਟੀ ਹੇਵੇਗੀ ਪਰ ਇੱਕ ਦਿਨ ਇਸ ਤਰਾਂ ਵੀ ਆਉਂਦਾ ਕਿ ਉਸ ਦਾ ਆਪਣਾ ਸਰੀਰ ਇਨਸਾਨ ਦੀ ਆਤਮਾ ਲਈ ਬੋਝ ਬਣ ਜਾਂਦਾ ।ਇਸ ਕਰਕੇ ਤੁਸੀਂ ਹੋ ਪਰੇ ਕਰਕੇ ਜਿਉਂ ਕੋਈ ਫ਼ਿਕਰ ਨਾ ਕਰੋ ਜੋ ਤਹਾਡੇ ਹੱਥ ਵਿੱਚ ਨਹੀ
ਥੱਲੇ ਜੋ ਤਸਵੀਰ ਇਹ ਮੈਂ ਆਪਣਾ ਘਰ ਵੇਚ ਰਹੀ ਕਿਸੇ ਦੇ ਸਪੁਰਦ ਕਰ ਰਹੀ ਕਿਉਂਕਿ ਜਿਹਨਾ ਨੂੰ ਮੈਂ ਪਿਆਰ ਕਰਦੀ ਸੀ ਉਹ ਸਾਰੇ ਮਰਗੇ ਸੀ ਮੈਂਨੂੰ ਲੱਗਾ ਕਿ ਮੈਂ ਇਹ ਸਭ ਕੁਝ ਉਹਨਾਂ ਨੂੰ ਖੁਸ਼ ਕਰਨ ਲਈ ਕਰ ਰਹੀ ਸੀ ਮੈਨੰ ਤੇ ਇਹ ਕੁਝ ਵੀ ਨਹੀ ਚਾਹੀਦਾ ਸੀ ਉਸ ਦਿਨ ਤੋ ਬਾਅਦ ਮੈਂ ਕਦੀ ਘਰ ਨਹੀ ਖ਼ਰੀਦਿਆ ਕਿਉਂਕਿ ਮੇਰਾ ਦਿਲ ਨਹੀਂ ਕਰਦਾ ।ਕੁਝ ਨਹੀਂ ਇਹਨਾਂ ਵਿੱਚ ਇਹ ਰੇਤ ਦੇ ਘਰ ਨੇ , ਸਰੀਰ ਕੱਚੀ ਮਿੱਟੀ ਦਾ ਢਹਿ ਜਾਣਾ ਸਭ ਕੁਝ ਇੱਕ ਦਿਨ ਸੋ ਖਿਆਲਾਂ ਤੋਂ ਫ੍ਰੀ ਭਾਰ ਤੋ ਫ੍ਰੀ ਹੋ ਕੇ ਖੁੱਲ ਕਿ ਜੀਵੋ …… ਪਰਦੀਪ ਕੋਰ 09/05/2025

✍️ ਪਰਦੀਪ ਕੌਰ

ਬੱਬੂਡਾਇਰੀ

:::::::::::.::::::…:::::::8:::::::::::::,:::,,,,,,,:::::::::::;;

ਮੋਰੀ ਸਹਿਬਾ ❤️

ਮੇਰੀ ਸਹਿਬਾ ❤️

ਅੱਜ ਇਸ ਤਸਵੀਰ ਨੂੰ ਵੇਖ ਕੇ ਮੇਰਾ ਮਨ ਕਈ ਸਾਲ ਪਿੱਛੇ ਚਲਾ ਜਾਂਦਾ ਹੈ। ਮੈਨੂੰ ਅੱਜ ਵੀ ਉਹ ਨਿੱਕੀ ਜਿਹੀ ਸਹਿਬਾ ਯਾਦ ਹੈ, ਜਿਸਨੂੰ ਮੈਂ ਆਪਣੀਆਂ ਬਾਂਹਾਂ ਵਿੱਚ ਚੁੱਕ ਕੇ ਪਿਆਰ ਕਰਦੀ ਸੀ। ਉਹ ਐਨੀ ਸੋਹਣੀ, ਐਨੀ ਮਾਸੂਮ ਅਤੇ ਐਨੀ ਪਿਆਰੀ ਸੀ ਕਿ ਮੈਨੂੰ ਹਮੇਸ਼ਾ ਇੰਝ ਲੱਗਦਾ ਸੀ ਜਿਵੇਂ ਰੱਬ ਨੇ ਇੱਕ ਨਿੱਕੀ ਜਿਹੀ ਪਰੀ ਧਰਤੀ ’ਤੇ ਭੇਜੀ ਹੋਵੇ।

ਮੈਂ ਉਸਨੂੰ ਵੱਡਾ ਹੁੰਦਾ ਵੇਖਿਆ ਹੈ। ਉਸਦੀਆਂ ਪਹਿਲੀਆਂ ਮੁਸਕਾਨਾਂ, ਉਸਦੇ ਨਿੱਕੇ ਨਿੱਕੇ ਕਦਮ, ਉਸਦੀਆਂ ਸ਼ਰਾਰਤਾਂ, ਉਸਦੇ ਹਾਸੇ ਅਤੇ ਉਸਦੀਆਂ ਚੁੱਪਾਂ ਵੀ ਵੇਖੀਆਂ ਹਨ। ਜ਼ਿੰਦਗੀ ਹਰ ਕਿਸੇ ਨੂੰ ਇੱਕੋ ਜਿਹੇ ਰਾਹ ਨਹੀਂ ਦਿੰਦੀ। ਕਈ ਵਾਰ ਕੁਝ ਬੱਚਿਆਂ ਨੂੰ ਆਪਣੀ ਉਮਰ ਨਾਲੋਂ ਪਹਿਲਾਂ ਹੀ ਬਹੁਤ ਕੁਝ ਸਮਝਣਾ ਪੈ ਜਾਂਦਾ ਹੈ। ਪਰ ਮੇਰੀ ਸਹਿਬਾ ਨੇ ਹਮੇਸ਼ਾ ਮੈਨੂੰ ਇੱਕ ਮਜ਼ਬੂਤ ਦਿਲ ਵਾਲੀ ਬੱਚੀ ਲੱਗੀ ਹੈ।

ਇੱਕ ਦਿਨ ਉਸਨੇ ਮੈਨੂੰ ਕਿਹਾ ਸੀ, “ ਭੂਆ ਤੂੰ ਤਾਂ ਆਪਣੀਆਂ ਸਾਰੀਆਂ ਗੱਲਾਂ ਲੋਕਾਂ ਨੂੰ ਦੱਸ ਦਿੰਦੀ ਏਂ, ਮੈਂ ਤਾਂ ਕੁਝ ਵੀ ਨਹੀਂ ਦੱਸਦੀ।”

ਉਸਨੇ ਬਹੁਤ ਛੋਟੀ ਉਮਰ ਵਿੱਚ ਹੀ ਜ਼ਿੰਦਗੀ ਦੇ ਕਈ ਰੰਗ ਵੇਖ ਲਏ ਸਨ। ਕੁਝ ਚਿਹਰੇ, ਜੋ ਹਰ ਰੋਜ਼ ਉਸਦੇ ਆਲੇ-ਦੁਆਲੇ ਹੁੰਦੇ ਸਨ, ਹੌਲੀ-ਹੌਲੀ ਯਾਦਾਂ ਬਣ ਗਏ। ਕੁਝ ਆਵਾਜ਼ਾਂ ਖ਼ਾਮੋਸ਼ ਹੋ ਗਈਆਂ। ਕੁਝ ਦਰਵਾਜ਼ੇ ਬੰਦ ਹੋਏ ਅਤੇ ਕੁਝ ਨਵੇਂ ਰਾਹ ਖੁੱਲ੍ਹੇ। ਜਿਸ ਘਰ ਨੂੰ ਉਹ ਆਪਣਾ ਸਮਝਦੀ ਸੀ, ਉਹ ਵੀ ਪਿੱਛੇ ਰਹਿ ਗਿਆ। ਪਰ ਹਰ ਬਦਲਾਅ ਦੇ ਬਾਵਜੂਦ, ਉਹ ਅੱਗੇ ਵਧਦੀ ਰਹੀ। ਜ਼ਿੰਦਗੀ ਨੇ ਉਸਨੂੰ ਕਈ ਵਾਰ ਨਵੀਂ ਸ਼ੁਰੂਆਤ ਕਰਨੀ ਸਿਖਾਈ, ਅਤੇ ਉਸਨੇ ਹਰ ਵਾਰ ਹਿੰਮਤ ਨਾਲ ਉਹ ਰਾਹ ਤੈਅ ਕੀਤਾ। ❤️

ਉਸਦੀ ਇਹ ਗੱਲ ਅੱਜ ਵੀ ਮੇਰੇ ਦਿਲ ਵਿੱਚ ਵੱਸਦੀ ਹੈ। ਸ਼ਾਇਦ ਇਸੇ ਕਰਕੇ ਉਹ ਮੈਨੂੰ ਖ਼ਾਸ ਲੱਗਦੀ ਹੈ। ਕੁਝ ਲੋਕ ਆਪਣੇ ਦਰਦ ਨੂੰ ਸ਼ਬਦਾਂ ਵਿੱਚ ਬਿਆਨ ਕਰ ਦਿੰਦੇ ਹਨ, ਤੇ ਕੁਝ ਲੋਕ ਉਸਨੂੰ ਆਪਣੇ ਦਿਲ ਵਿੱਚ ਸੰਭਾਲ ਕੇ ਰੱਖਦੇ ਹਨ। ਮੇਰੀ ਸਹਿਬਾ ਉਹਨਾਂ ਵਿੱਚੋਂ ਇੱਕ ਹੈ।

ਸਮੇਂ ਦੇ ਨਾਲ ਬਹੁਤ ਕੁਝ ਬਦਲ ਗਿਆ, ਪਰ ਮੇਰੇ ਲਈ ਉਹ ਅੱਜ ਵੀ ਉਹੀ ਨਿੱਕੀ ਜਿਹੀ ਪਰੀ ਹੈ ਜੋ ਮੇਰੀਆਂ ਬਾਂਹਾਂ ਵਿੱਚ ਸਮਾ ਜਾਂਦੀ ਸੀ। ਜਦੋਂ ਮੈਂ ਉਸਦੀਆਂ ਪੁਰਾਣੀਆਂ ਤਸਵੀਰਾਂ ਵੇਖਦੀ ਹਾਂ, ਤਾਂ ਮੈਨੂੰ ਸਿਰਫ਼ ਇੱਕ ਬੱਚੀ ਨਹੀਂ ਦਿਸਦੀ, ਮੈਨੂੰ ਇੱਕ ਪੂਰਾ ਸਫ਼ਰ ਦਿਸਦਾ ਹੈ — ਯਾਦਾਂ ਦਾ, ਪਿਆਰ ਦਾ, ਹਿੰਮਤ ਦਾ ਅਤੇ ਉਮੀਦ ਦਾ।

ਮੈਨੂੰ ਆਪਣੀ ਕੰਪਨੀ ਚੰਗੀ ਲੱਗਦੀ ਆ।
ਬਹੁਤ ਸਾਰੇ ਵੱਡੇ ਲੋਕ ਵੀ ਇਹ ਗੱਲ ਨਹੀਂ ਕਹਿ ਸਕਦੇ 

ਉਸਦੇ ਬਹੁਤ ਸਾਰੇ ਦੋਸਤ ਨਹੀਂ ਹਨ, ਪਰ ਉਸਨੂੰ ਇਸਦੀ ਕਮੀ ਵੀ ਨਹੀਂ ਲੱਗਦੀ। ਉਹ ਉਹਨਾਂ ਲੋਕਾਂ ਵਿੱਚੋਂ ਹੈ ਜੋ ਆਪਣੇ ਆਪ ਵਿੱਚ ਸਕੂਨ ਲੱਭ ਲੈਂਦੇ ਹਨ। ਜਦੋਂ ਉਸਦੀ ਉਮਰ ਦੇ ਕਈ ਬੱਚੇ ਦੋਸਤਾਂ ਨਾਲ ਘੁੰਮਣ-ਫਿਰਣ ਜਾਂ ਦੂਰ-ਦੂਰ ਦੀਆਂ ਯਾਤਰਾਵਾਂ ਕਰਨ ਵਿੱਚ ਖੁਸ਼ੀ ਲੱਭਦੇ ਹਨ, ਉਹ ਅਕਸਰ ਕਹਿੰਦੀ ਹੈ, “ਮੈਨੂੰ ਆਪਣੀ ਕੰਪਨੀ ਚੰਗੀ ਲੱਗਦੀ ਆ।” ਫਿਰ ਵੀ ਉਹ ਇਕੱਲੀ ਨਹੀਂ ਹੈ। ਉਹ ਆਪਣੀ ਮਾਂ ਨਾਲ ਡੂੰਘਾ ਪਿਆਰ ਕਰਦੀ ਹੈ, ਆਪਣੇ ਭਰਾ ਨਾਲ ਜੁੜੀ ਹੋਈ ਹੈ, ਅਤੇ ਆਪਣੇ ਪਰਿਵਾਰ ਨੂੰ ਆਪਣੇ ਦਿਲ ਦੇ ਬਹੁਤ ਨੇੜੇ ਰੱਖਦੀ ਹੈ। ਉਸਦਾ ਸਕੂਨ ਭੀੜ ਵਿੱਚ ਨਹੀਂ, ਸਗੋਂ ਉਹਨਾਂ ਰਿਸ਼ਤਿਆਂ ਵਿੱਚ ਹੈ ਜਿਨ੍ਹਾਂ ਨੂੰ ਉਹ ਸੱਚੇ ਦਿਲੋਂ ਆਪਣਾ ਮੰਨਦੀ ਹੈ। ❤️

ਮੇਰੀ ਦੁਆ ਹੈ ਕਿ ਉਸਦੀ ਜ਼ਿੰਦਗੀ ਵਿੱਚ ਹਮੇਸ਼ਾ ਰੌਸ਼ਨੀ ਰਹੇ, ਉਸਦੇ ਚਿਹਰੇ ਦੀ ਮੁਸਕਾਨ ਕਦੇ ਘੱਟ ਨਾ ਹੋਵੇ ਅਤੇ ਉਹ ਹਮੇਸ਼ਾ ਇਹ ਯਾਦ ਰੱਖੇ ਕਿ ਉਸਨੂੰ ਬੇਅੰਤ ਪਿਆਰ ਕਰਨ ਵਾਲੇ ਲੋਕ ਇਸ ਦੁਨੀਆ ਵਿੱਚ ਮੌਜੂਦ ਹਨ।

ਮੇਰੇ ਲਈ, ਉਹ ਅੱਜ ਵੀ ਉਹੀ ਨਿੱਕੀ ਜਿਹੀ ਪਰੀ ਹੈ ਜਿਸਨੂੰ ਮੈਂ ਪਹਿਲੀ ਵਾਰ ਆਪਣੀਆਂ ਬਾਂਹਾਂ ਵਿੱਚ ਲਿਆ ਸੀ। ❤️

— ਹਮੇਸ਼ਾ ਤੇਰੇ ਲਈ ਦੁਆ ਕਰਨ ਵਾਲੀ, ਤੇਰੀ ਭੂਆ ❤️

✍️ ਪਰਦੀਪ ਕੌਰ
📖 #ਬੱਬੂਡਾਇਰੀ

…………………………9……………. ……………

ਅਨੰਦ ਕਾਰਜ

ਸਿੱਖ ਮਰਿਆਦਾ ਅਨੁਸਾਰ ਸਭ ਤੋਂ ਪਹਿਲਾਂ ਅਨੰਦ ਕਾਰਜ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਜੀ ਅਤੇ ਮਾਤਾ ਗੰਗਾ ਜੀ ਦਾ ਹੋਇਆ ਸੀ। ਅਨੰਦ ਕਾਰਜ ਸਮੇਂ ਗੁਰੂ ਰਾਮ ਦਾਸ ਜੀ ਵੱਲੋਂ ਉਚਾਰੀਆਂ ਗਈਆਂ ਲਾਵਾਂ ਸਿਰਫ਼ ਵਿਆਹ ਦੀ ਰਸਮ ਨਹੀਂ, ਸਗੋਂ ਪੂਰੀ ਜ਼ਿੰਦਗੀ ਜਿਊਣ ਦਾ ਮਾਰਗ ਹਨ।

ਕਈ ਦਿਨਾਂ ਤੋਂ ਮੇਰੇ ਮਨ ਵਿੱਚ ਪਤੀ-ਪਤਨੀ ਦੇ ਰਿਸ਼ਤੇ ਬਾਰੇ ਵਿਚਾਰ ਆ ਰਹੇ ਹਨ। ਜਿਸ ਦਿਨ ਮੈਂ ਸੁਣਿਆ ਕਿ ਇੰਗਲੈਂਡ ਵਿੱਚ ਲਗਭਗ ਪੰਜਾਹ ਸਾਲ ਪੁਰਾਣੇ ਰਿਸ਼ਤੇ ਵਾਲੇ ਇੱਕ ਵਿਅਕਤੀ ਨੇ ਆਪਣੀ ਪਤਨੀ ਦਾ ਕਤਲ ਕਰ ਦਿੱਤਾ, ਤਾਂ ਮੇਰੇ ਮਨ ਵਿੱਚ ਇਹ ਸਵਾਲ ਉੱਠਿਆ ਕਿ ਉਸ ਰਿਸ਼ਤੇ ਵਿੱਚ ਕਿੰਨੀ ਖਟਾਸ ਭਰ ਗਈ ਹੋਵੇਗੀ। ਇੱਕ ਵਿਅਕਤੀ ਮਰ ਗਿਆ ਅਤੇ ਦੂਜਾ ਜੇਲ੍ਹ ਵਿੱਚ ਚਲਾ ਗਿਆ। ਅਜਿਹੇ ਹਾਲਾਤਾਂ ਵਿੱਚ ਰਿਸ਼ਤਾ ਵੀ ਮਰ ਜਾਂਦਾ ਹੈ।

ਜਦੋਂ ਇੱਕ ਕੁੜੀ ਅਤੇ ਮੁੰਡੇ ਦੇ ਅਨੰਦ ਕਾਰਜ ਦਾ ਦਿਨ ਆਉਂਦਾ ਹੈ, ਉਸ ਵੇਲੇ ਉਹਨਾਂ ਦੇ ਵਿਆਹ ਦਾ ਗਵਾਹ ਖੁਦ ਗੁਰੂ ਦੀ ਬਾਣੀ ਹੁੰਦੀ ਹੈ। ਪਰ ਅਫ਼ਸੋਸ, ਅੱਜਕੱਲ੍ਹ ਵਿਆਹ ਦੀਆਂ ਹੋਰ ਸਾਰੀਆਂ ਤਿਆਰੀਆਂ ਅਤੇ ਰਸਮਾਂ ਨੂੰ ਵੱਧ ਮਹੱਤਵ ਦਿੱਤਾ ਜਾਂਦਾ ਹੈ, ਪਰ ਅਨੰਦ ਕਾਰਜ ਦੀ ਰੂਹ ਨੂੰ ਉਤਨਾ ਨਹੀਂ।

ਮੇਰੇ ਖਿਆਲ ਅਨੁਸਾਰ, ਜਦੋਂ ਕੁੜੀ ਅਤੇ ਮੁੰਡਾ ਗੁਰੂ ਜੀ ਦੀ ਹਜ਼ੂਰੀ ਵਿੱਚ ਆਉਣ, ਤਾਂ ਉਹਨਾਂ ਨੂੰ ਇੱਕ ਖਾਲੀ ਭਾਂਡੇ ਵਾਂਗ ਆਉਣਾ ਚਾਹੀਦਾ ਹੈ। ਜੋ ਸਿੱਖਿਆ ਗੁਰੂ ਬਾਣੀ ਰਾਹੀਂ ਉਹਨਾਂ ਨੂੰ ਉਸ ਵੇਲੇ ਮਿਲਦੀ ਹੈ, ਉਸ ਨੂੰ ਪੂਰੀ ਜ਼ਿੰਦਗੀ ਅਮਲ ਵਿੱਚ ਲਿਆਉਣਾ ਚਾਹੀਦਾ ਹੈ।

ਮਹਲਾ ੩ :

ਧਨੁ ਪਿਰੁ ਏਹਿ ਨ ਆਖੀਅਨਿ ਬਹਨਿ ਇਕਠੇ ਹੋਇ ॥ਏਕ ਜੋਤਿ ਦੁਇ ਮੂਰਤੀ ਧਨ ਪਿਰੁ ਕਹੀਐ ਸੋਇ ॥

ਪਰ ਅਕਸਰ ਇਸ ਤਰ੍ਹਾਂ ਨਹੀਂ ਹੁੰਦਾ। ਮੁੰਡਾ ਵੀ ਆਪਣੇ ਸਿਰ ਉੱਤੇ ਹੰਕਾਰ ਦਾ ਭਾਰ ਚੁੱਕ ਕੇ ਆਉਂਦਾ ਹੈ ਅਤੇ ਕੁੜੀ ਵੀ ਆਪਣੇ ਹੰਕਾਰ ਵਿੱਚ ਡੁੱਬੀ ਹੁੰਦੀ ਹੈ। ਦੋਵੇਂ ਗੁਰੂ ਦੀ ਬਾਣੀ ਤਾਂ ਸੁਣ ਲੈਂਦੇ ਹਨ, ਪਰ ਉਸਨੂੰ ਆਪਣੇ ਜੀਵਨ ਵਿੱਚ ਉਤਾਰ ਨਹੀਂ ਪਾਉਂਦੇ।

ਦੋਵੇਂ ਆਪਣੇ-ਆਪਣੇ ਪਰਿਵਾਰਾਂ ਦੀਆਂ ਕਮੀਆਂ ਤੋਂ ਜਾਣੂ ਹੁੰਦੇ ਹਨ, ਪਰ ਅੱਧੀ ਉਮਰ ਉਹਨਾਂ ਨੂੰ ਇੱਕ-ਦੂਜੇ ਤੋਂ ਲੁਕਾਉਂਦੇ ਰਹਿੰਦੇ ਹਨ। ਫਿਰ ਸਾਰੀ ਜ਼ਿੰਦਗੀ ਇੱਕ-ਦੂਜੇ ਦੇ ਫ਼ਾਇਦੇ ਅਤੇ ਨੁਕਸਾਨ ਗਿਣਦੇ ਹੋਏ ਕੱਢ ਦਿੰਦੇ ਹਨ।

ਪਤੀ ਕਹਿੰਦਾ ਹੈ, “ਜੇ ਮੇਰੇ ਘਰ ਵਾਲੇ ਤੈਨੂੰ ਕੁਝ ਬੁਰਾ ਕਹਿਣ, ਤਾਂ ਮੈਨੂੰ ਦੱਸੀਂ।” ਪਤਨੀ ਵੀ ਇਹੀ ਗੱਲ ਕਹਿੰਦੀ ਹੈ। ਪਰ ਜਦੋਂ ਸੱਚਮੁੱਚ ਦੱਸਣ ਦਾ ਸਮਾਂ ਆਉਂਦਾ ਹੈ, ਤਾਂ ਕੋਈ ਵੀ ਆਪਣੇ ਘਰ ਵਾਲਿਆਂ ਬਾਰੇ ਇੱਕ ਸ਼ਬਦ ਸੁਣਨ ਲਈ ਤਿਆਰ ਨਹੀਂ ਹੁੰਦਾ। ਇੱਥੋਂ ਹੀ ਲੜਾਈਆਂ ਦੀ ਸ਼ੁਰੂਆਤ ਹੋ ਜਾਂਦੀ ਹੈ।

ਫਿਰ ਘਰ ਦੇ ਹੋਰ ਰਿਸ਼ਤਿਆਂ ਨਾਲ ਨਫ਼ਰਤ ਪੈਦਾ ਹੋਣ ਲੱਗਦੀ ਹੈ। ਜਦਕਿ ਅਸਲ ਵਿੱਚ ਪਤੀ-ਪਤਨੀ ਦੋਵੇਂ ਨੂੰ ਹੀ ਆਪਣੀ ਜ਼ਿੰਦਗੀ ਜਿਊਣ ਦੀ ਸਮਝ ਨਹੀਂ ਆਈ ਹੁੰਦੀ। ਹਰ ਗਲਤੀ ਦਾ ਦੋਸ਼ ਕਿਸੇ ਹੋਰ ਰਿਸ਼ਤੇ ਉੱਤੇ ਪਾ ਦਿੱਤਾ ਜਾਂਦਾ ਹੈ।

ਇਹ ਰਿਸ਼ਤਾ ਦੋ ਲੋਕਾਂ ਦਾ ਹੁੰਦਾ ਹੈ, ਪਰ ਉਹ ਕਦੇ “ਇੱਕ ਜੋਤ” ਨਹੀਂ ਬਣਦੇ। ਉਹ ਸਿਰਫ਼ ਦੋ ਮੂਰਤੀਆਂ ਅਤੇ ਦੋ ਵਿਚਾਰ ਬਣ ਕੇ ਰਹਿ ਜਾਂਦੇ ਹਨ। ਫਿਰ ਸਾਰੀ ਉਮਰ ਇਲਜ਼ਾਮਾਂ ਦੀ ਬਰਸਾਤ ਵਿੱਚ ਜੀਉਂਦੇ ਹਨ।

ਘਰ ਵਿੱਚ ਸ਼ਾਂਤੀ ਨਾਲ ਜੀਵਨ ਬਿਤਾਉਣ ਦੀ ਬਜਾਏ “ਤੂੰ-ਤੂੰ, ਮੈਂ-ਮੈਂ” ਚੱਲਦੀ ਰਹਿੰਦੀ ਹੈ। ਜੇ ਪਤਨੀ ਕਹੇ ਕਿ, “ਤੇਰੀ ਉੱਚੀ ਆਵਾਜ਼ ਮੈਨੂੰ ਚੁਭਦੀ ਹੈ,” ਤਾਂ ਪਤੀ ਕਹਿ ਦਿੰਦਾ ਹੈ, “ਮੈਂ ਤਾਂ ਬਚਪਨ ਤੋਂ ਇਸੇ ਤਰ੍ਹਾਂ ਬੋਲਦਾ ਹਾਂ, ਮੈਨੂੰ ਕੋਈ ਨਹੀਂ ਬਦਲ ਸਕਦਾ।”

ਪਰ ਜੇ ਕਮੀ ਪਤਨੀ ਵਿੱਚ ਹੋਵੇ, ਤਾਂ ਕਿਹਾ ਜਾਂਦਾ ਹੈ, “ਤੇਰਾ ਕੋਈ ਕਸੂਰ ਨਹੀਂ, ਤੈਨੂੰ ਤੇਰੇ ਘਰ ਵਾਲਿਆਂ ਨੇ ਬਹੁਤ ਲਾਡ ਨਾਲ ਵਿਗਾੜ ਦਿੱਤਾ ਹੈ।”

ਫਿਰ ਜਦੋਂ ਬੁਢਾਪਾ ਆ ਜਾਂਦਾ ਹੈ, ਤਾਂ ਹੌਲੀ-ਹੌਲੀ ਇੱਕ-ਦੂਜੇ ਦੀਆਂ ਗਲਤੀਆਂ ਉੱਤੇ ਬਹਿਸ ਵੀ ਮੁੱਕ ਜਾਂਦੀ ਹੈ। ਦੋਵੇਂ ਇੱਕ-ਦੂਜੇ ਦਾ ਸਹਾਰਾ ਬਣ ਕੇ ਰਹਿਣਾ ਸਿੱਖ ਲੈਂਦੇ ਹਨ।

ਪਰ ਜੇ ਵਿਆਹ ਦੇ ਪਹਿਲੇ ਦਿਨ ਹੀ ਹੰਕਾਰ, ਲਾਲਚ, ਝੂਠ ਅਤੇ ਫ਼ਰੇਬ ਨੂੰ ਪਾਣੀ ਵਿੱਚ ਵਹਾ ਕੇ ਆਉਣ, ਅਤੇ ਬਿਲਕੁਲ ਖਾਲੀ ਹੋ ਕੇ ਗੁਰੂ ਜੀ ਅੱਗੇ ਬੈਠਣ, ਤਾਂ ਗੁਰੂ ਰਾਮ ਦਾਸ ਜੀ ਅਤੇ ਗੁਰੂ ਅਮਰ ਦਾਸ ਜੀ ਦੀ ਬਖ਼ਸ਼ੀ ਹੋਈ ਸਿੱਖਿਆ ਉਹਨਾਂ ਦੇ ਜੀਵਨ ਵਿੱਚ ਅਸਰ ਕਰੇ। ਫਿਰ ਸ਼ਾਇਦ ਉਹ ਸੱਚਮੁੱਚ “ਇੱਕ ਜੋਤ, ਦੋ ਮੂਰਤੀ” ਬਣ ਸਕਣ।

✍️ ਪਰਦੀਪ ਕੌਰ
#ਬੱਬੂਡਾਇਰੀ

#ਅਨੰਦਕਾਰਜ #ਗੁਰਬਾਣੀਵਿਚਾਰ #ਰਿਸ਼ਤੇ