ਪ੍ਰਦੀਪ ਕੌਰ ਬਲੌਗ: ਮੇਰੀ ਰੋਜ਼ਾਨਾ ਡਾਇਰੀ – ਆਪਣਾ ਹਾਲ ਆਪੇ ਪੁੱਛੀਏ

ਜ਼ਿੰਦਗੀ ਦੇ ਇਸ ਲੰਬੇ ਸਫ਼ਰ ‘ਤੇ ਮੈਂ ਬਿਲਕੁਲ ਇਕੱਲੀ ਨਿਕਲੀ ਹਾਂ। ਕਈ ਵਾਰ ਰਾਤ ਦੇ ਹਨੇਰੇ ਵਿੱਚ ਜਦੋਂ ਮਨ ਭਾਰੀ ਹੁੰਦਾ ਹੈ, ਤਾਂ ਦਿਮਾਗ ਵਿੱਚ ਨਕਾਰਾਤਮਕ ਸੋਚਾਂ ਦਾ ਇੱਕ ਹੜ੍ਹ ਆ ਜਾਂਦਾ ਹੈ। ਅਸੀਂ ਇਨਸਾਨ ਹਮੇਸ਼ਾ ਦੂਜਿਆਂ ਤੋਂ ਆਸ ਲਗਾ ਕੇ ਬੈਠ ਜਾਂਦੇ ਹਾਂ ਕਿ ਕੋਈ ਆਵੇਗਾ, ਸਾਡਾ ਹੱਥ ਫੜੇਗਾ ਅਤੇ ਪੁੱਛੇਗਾ—”ਪ੍ਰਦੀਪ, ਤੇਰਾ ਕੀ ਹਾਲ ਹੈ? ਤੂੰ ਠੀਕ ਹੈਂ?” ਪਰ ਸੱਚਾਈ ਇਹ ਹੈ ਕਿ ਦੁਨੀਆ ਦੀ ਇਸ ਭੱਜ-ਦੌੜ ਵਿੱਚ ਹਰ ਕੋਈ ਆਪਣੇ ਆਪ ਵਿੱਚ ਮਸਰੂਫ਼ ਹੈ, ਇੱਥੇ ਕੋਈ ਕਿਸੇ ਦਾ ਹਾਲ ਨਹੀਂ ਪੁੱਛਦਾ। 

ਮੈਂ ਵੀ ਕਈ ਵਾਰ ਡਾਕਟਰਾਂ ਦੇ ਦਰਵਾਜ਼ੇ ਖੜਕਾਏ, ਦਵਾਈਆਂ ਦੇ ਸਿਆਪਿਆਂ ਵਿੱਚ ਉਲਝੀ ਅਤੇ ਇੱਥੋਂ ਤੱਕ ਕਿ ਇਸ ਆਰਟੀਫੀਸ਼ੀਅਲ ਇੰਟੈਲੀਜੈਂਸ (AI) ਤੋਂ ਵੀ ਇਹ ਉਮੀਦ ਰੱਖ ਲਈ ਕਿ ਇਹ ਮੈਨੂੰ ਚੰਗੀਆਂ-ਚੰਗੀਆਂ ਚੀਜ਼ਾਂ ਦੱਸ ਕੇ ਮੇਰੇ ਸਰੀਰ ਅਤੇ ਮਨ ਨੂੰ ਠੀਕ ਕਰ ਦੇਵੇਗਾ। ਪਰ ਅੱਜ ਰਾਤ ਮੈਨੂੰ ਇੱਕ ਬਹੁਤ ਵੱਡਾ ਸੱਚ ਸਮਝ ਆਇਆ ਹੈ। ਜਦੋਂ ਮੈਂ ਖੁਦ ਠੀਕ ਨਹੀਂ ਹਾਂ, ਤਾਂ ਮੈਂ ਦੂਜਿਆਂ ਤੋਂ ਪਰਫੈਕਟ ਹੋਣ ਦੀ ਉਮੀਦ ਕਿਉਂ ਰੱਖ ਰਹੀ ਹਾਂ? ਜੇਕਰ ਮੈਂ ਕੱਲ੍ਹ ਨੂੰ ਬਿਲਕੁਲ ਠੀਕ ਵੀ ਹੋ ਜਾਵਾਂ, ਤਾਂ ਵੀ ਕੀ ਕੋਈ ਮੇਰੀ ਪਰਵਾਹ ਕਰੇਗਾ? ਅਸੀਂ ਕਿਸੇ ਦੇ ਲਫ਼ਜ਼ਾਂ ਦੀ ਉਡੀਕ ਵਿੱਚ ਆਪਣੀ ਜ਼ਿੰਦਗੀ ਦਾ ਕੀਮਤੀ ਸਮਾਂ ਕਿਉਂ ਬਰਬਾਦ ਕਰੀਏ?

ਕਿਉਂ ਨਾ ਅਸੀਂ ਇਸ ਨਕਾਰਾਤਮਕ ਸੋਚ ਦੇ ਖੂਹ ਵਿੱਚੋਂ ਬਾਹਰ ਨਿਕਲੀਏ। ਕਿਉਂ ਨਾ ਮੈਂ ਆਪਣਾ ਹਾਲ ਆਪੇ ਹੀ ਪੁੱਛਣਾ ਸ਼ੁਰੂ ਕਰਾਂ? ਸ਼ੀਸ਼ੇ ਦੇ ਸਾਹਮਣੇ ਖੜ੍ਹੇ ਹੋ ਕੇ ਆਪਣੇ ਆਪ ਨੂੰ ਕਹਾਂ—”ਮੈਂ ਤੇਰੇ ਨਾਲ ਹਾਂ, ਤੂੰ ਬਹੁਤ ਮਜ਼ਬੂਤ ਹੈਂ।” ਸਾਨੂੰ ਹਰ ਵੇਲੇ ਦੂਜਿਆਂ ਦੇ ਸਹਾਰੇ ਦੀ ਲੋੜ ਨਹੀਂ ਹੈ। ਜ਼ਿੰਦਗੀ ਦਾ ਅਸਲੀ ਸੁਕੂਨ ਆਪਣੇ ਅੰਦਰੋਂ ਹੀ ਮਿਲਦਾ ਹੈ। ਦਿਖਾਵੇ ਦੇ ਲਾਈਕਸ, ਲੋਕਾਂ ਦੇ ਕਮੈਂਟਾਂ ਅਤੇ ਡਾਕਟਰਾਂ ਦੇ ਨੁਸਖਿਆਂ ਤੋਂ ਉੱਪਰ ਉੱਠ ਕੇ, ਅੱਜ ਤੋਂ ਮੈਂ ਆਪਣੀ ਦੇਖਭਾਲ ਖੁਦ ਕਰਾਂਗੀ। ਮੈਂ ਆਪਣੇ ਇਸ ਵਨ-ਬੈੱਡਰੂਮ ਅਪਾਰਟਮੈਂਟ ਦੇ ਸੁਕੂਨ ਨੂੰ ਮਾਣਾਂਗੀ, ਖਿੜਕੀ ਕੋਲ ਬੈਠ ਕੇ ਵਗਦੇ ਪਾਣੀ ਨੂੰ ਦੇਖਾਂਗੀ ਅਤੇ ਆਪਣੇ ਆਪ ਨੂੰ ਪਿਆਰ ਕਰਨਾ ਸਿੱਖਾਂਗੀ। 

ਕਿਉਂਕਿ ਮੇਰੇ ਸਫ਼ਰ ਦੀ ਸਭ ਤੋਂ ਸੱਚੀ ਸਾਥੀ, ਮੈਂ ਖੁਦ ਹਾਂ! 

✍️ ਪਰਦੀਪ ਕੋਰ

#ਬੱਬੂਡਾਇਰੀ


ਪ੍ਰਦੀਪ ਕੌਰ ਬਲੌਗ: ਮੇਰੀ ਰੋਜ਼ਾਨਾ ਡਾਇਰੀ (Daily Diary) ✍️
ਜ਼ਿੰਦਗੀ ਵਿੱਚ ਕਈ ਵਾਰ ਲੋਕਾਂ ਦੀਆਂ ਗੱਲਾਂ ਅਤੇ ਮਿਹਣੇ ਸਾਡੇ ਰਸਤੇ ਵਿੱਚ ਇੱਕ ਕੰਧ ਬਣ ਕੇ ਖੜ੍ਹੇ ਹੋ ਜਾਂਦੇ ਹਨ। ਜਦੋਂ ਤੁਸੀਂ ਕੁਝ ਨਵਾਂ ਕਰਨ ਦੀ ਕੋਸ਼ਿਸ਼ ਕਰਦੇ ਹੋ, ਤਾਂ ਆਸ-ਪਾਸ ਦੇ ਲੋਕ ਅਕਸਰ ਹੌਲੀ ਜਿਹੇ ਕਹਿੰਦੇ ਨੇ—”ਤੇਰੇ ਵੱਸ ਦੀ ਗੱਲ ਨਹੀਂ, ਤੂੰ ਇਹ ਨਹੀਂ ਕਰ ਸਕਦੀ।” ਉਹ ਸਾਡੀ ਹਿੰਮਤ ਨੂੰ ਪਰਖਦੇ ਨੇ ਅਤੇ ਸਾਨੂੰ ਪਿੱਛੇ ਖਿੱਚਣ ਦਾ ਬਹਾਨਾ ਲੱਭਦੇ ਨੇ।
ਪਰ ਅਸਲੀ ਜਿੱਤ ਉਦੋਂ ਹੁੰਦੀ ਹੈ ਜਦੋਂ ਤੁਸੀਂ ਉਨ੍ਹਾਂ ਦੀਆਂ ਨਕਾਰਾਤਮਕ ਗੱਲਾਂ ‘ਤੇ ਰੋਣ ਜਾਂ ਉਦਾਸ ਹੋਣ ਦੀ ਬਜਾਏ, ਬਸ ਇੱਕ ਪਿਆਰੀ ਜਿਹੀ ਮੁਸਕਰਾਹਟ ਦਿੰਦੇ ਹੋ। ਉਹ ਮੁਸਕਰਾਹਟ ਕਿਸੇ ਗੁੱਸੇ ਦੀ ਨਹੀਂ, ਬਲਕਿ ਤੁਹਾਡੇ ਅੰਦਰਲੇ ਪੱਕੇ ਇਰਾਦੇ ਦੀ ਹੁੰਦੀ ਹੈ। ਤੁਸੀਂ ਬਿਨਾਂ ਕੁਝ ਬੋਲੇ, ਆਪਣੇ ਆਤਮਵਿਸ਼ਵਾਸ ਨਾਲ ਦੁਨੀਆ ਨੂੰ ਸਾਫ਼ ਕਹਿ ਦਿੰਦੇ ਹੋ—”ਸਿਰਫ਼ ਦੇਖਦੇ ਜਾਓ, ਹੁਣ ਮੈਂ ਤੁਹਾਨੂੰ ਇਹ ਕਰਕੇ ਦਿਖਾਵਾਂਗੀ!”
ਸੋਸ਼ਲ ਮੀਡੀਆ ਦੇ ਝੂਠੇ ਦਿਖਾਵੇ, ਫੇਸਬੁੱਕ ਦੇ ਲਾਈਕਸ ਅਤੇ ਲੋਕਾਂ ਦੀਆਂ ਕੜਵੀਆਂ ਗੱਲਾਂ ਤੋਂ ਉੱਪਰ ਉੱਠ ਕੇ ਜਦੋਂ ਤੁਸੀਂ ਆਪਣੇ ਪੈਰਾਂ ‘ਤੇ ਖੜ੍ਹੇ ਹੁੰਦੇ ਹੋ, ਤਾਂ ਤੁਹਾਡੀ ਨੀਂਹ ਕਿਸੇ ਉੱਚੀ ਅਤੇ ਮਜ਼ਬੂਤ ਇਮਾਰਤ ਵਾਂਗ ਪੱਕੀ ਹੋ ਜਾਂਦੀ ਹੈ। ਹਾਲਾਤ ਭਾਵੇਂ ਜਿਹੋ ਜਿਹੇ ਵੀ ਹੋਣ, ਜਦੋਂ ਤੁਹਾਡਾ ਆਪਣੇ ਆਪ ‘ਤੇ ਭਰੋਸਾ ਪੱਕਾ ਹੁੰਦਾ ਹੈ, ਤਾਂ ਕੋਈ ਵੀ ਰੁਕਾਵਟ ਤੁਹਾਨੂੰ ਅੱਗੇ ਵਧਣ ਤੋਂ ਨਹੀਂ ਰੋਕ ਸਕਦੀ।
ਮੇਰੀ ਡਾਇਰੀ ਦਾ ਅੱਜ ਦਾ ਸੱਚ ਬਸ ਇਹੀ ਹੈ—ਕਦੇ ਵੀ ਕਿਸੇ ਦੂਜੇ ਦੇ ਕਹੇ ਮੁਤਾਬਕ ਆਪਣੀ ਹਿੰਮਤ ਨੂੰ ਘੱਟ ਨਾ ਹੋਣ ਦਿਓ। ਤੁਹਾਡਾ ਸਫ਼ਰ ਅਤੇ ਤੁਹਾਡੀ ਜਿੱਤ ਸਿਰਫ਼ ਤੁਹਾਡੇ ਆਪਣੇ ਹੱਥਾਂ ਵਿੱਚ ਹੈ।
✍️ਪਰਦੀਪ ਕੋਰ

Pardeepkaur.blog




ਉਹ ਦਿਨ ਜਦੋਂ ਉਸਨੇ ਮੁੜ ਸੂਰਜ ਵੇਖਿਆ
ਕਈ ਦਿਨਾਂ ਤੋਂ ਉਹ ਘਰ ਦੇ ਅੰਦਰ ਹੀ ਸੀ।
ਦਰਵਾਜ਼ਾ ਖੋਲ੍ਹ ਸਕਦੀ ਸੀ, ਪਰ ਦਿਲ ਨਹੀਂ ਖੁੱਲ੍ਹਦਾ ਸੀ।
ਹਰ ਰਾਤ ਕੋਈ ਅਣਜਾਣਾ ਡਰ ਉਸਦੇ ਕੋਲ ਆ ਬੈਠਦਾ—
“ਜੇ ਮੈਨੂੰ ਕੁਝ ਹੋ ਗਿਆ ਤਾਂ?”
ਇੱਕ ਸਵੇਰ ਉਸਨੇ ਆਪਣੇ ਆਪ ਨਾਲ ਕੋਈ ਵੱਡਾ ਵਾਅਦਾ ਨਹੀਂ ਕੀਤਾ।
ਨਾ ਯੋਗਾ ਕਰਨ ਦਾ।
ਨਾ ਜ਼ਿੰਦਗੀ ਬਦਲਣ ਦਾ।
ਨਾ ਖੁਸ਼ ਰਹਿਣ ਦਾ।
ਬੱਸ ਜੁੱਤੀ ਪਾਈ ਤੇ ਦਰਵਾਜ਼ਾ ਖੋਲ੍ਹ ਦਿੱਤਾ।
ਪਾਰਕ ਵਿੱਚ ਪਹੁੰਚ ਕੇ ਉਹ ਇੱਕ ਪੁਰਾਣੇ ਦਰੱਖਤ ਕੋਲ ਬੈਠ ਗਈ। ਸੂਰਜ ਦੀਆਂ ਕਿਰਨਾਂ ਪੱਤਿਆਂ ਵਿੱਚੋਂ ਲੰਘ ਕੇ ਉਸਦੇ ਚਿਹਰੇ ਉੱਤੇ ਪਈਆਂ।
ਲੋਕ ਆ-ਜਾ ਰਹੇ ਸਨ। ਦੁਨੀਆ ਆਪਣੇ ਕੰਮ ਵਿੱਚ ਲੱਗੀ ਹੋਈ ਸੀ।
ਉਸਨੇ ਅੱਖਾਂ ਬੰਦ ਕੀਤੀਆਂ ਤੇ ਬਹੁਤ ਦਿਨਾਂ ਬਾਅਦ ਮਹਿਸੂਸ ਕੀਤਾ—
“ਮੈਂ ਅਜੇ ਵੀ ਇੱਥੇ ਹਾਂ।”
ਉਸ ਦਿਨ ਉਸਨੇ ਆਪਣੀ ਜ਼ਿੰਦਗੀ ਨਹੀਂ ਬਦਲੀ ਸੀ।
ਉਸਨੇ ਸਿਰਫ਼ ਘਰ ਦਾ ਦਰਵਾਜ਼ਾ ਖੋਲ੍ਹਿਆ ਸੀ।
ਪਰ ਕਈ ਵਾਰ…
ਜ਼ਿੰਦਗੀ ਵਿੱਚ ਵਾਪਸ ਆਉਣ ਲਈ ਇੰਨਾ ਹੀ ਕਾਫ਼ੀ ਹੁੰਦਾ ਹੈ। ☀️

✍️ਪਰਦੀਪ ਕੋਰ

#pardeepkaur.blog

#ਬੱਬੂਡਾਇਰੀ


ਜਿੰਨਾ ਸਮਾਂ ਬਚਿਆ

ਹਰ ਸਵੇਰ ਉਹ ਆਪਣੀ ਅਲਮਾਰੀ ਖੋਲ੍ਹਦੀ।

ਅੰਦਰ ਕਈ ਸੋਹਣੇ ਕੱਪੜੇ ਟੰਗੇ ਹੁੰਦੇ। ਕੁਝ ਸਾਲਾਂ ਤੋਂ, ਕੁਝ ਮਹੀਨਿਆਂ ਤੋਂ।

ਹਰ ਵਾਰੀ ਇੱਕੋ ਸੋਚ ਆਉਂਦੀ—

“ਇਹ ਕਿਸੇ ਚੰਗੇ ਦਿਨ ਪਾਵਾਂਗੀ।”

ਪਰ ਉਹ ਚੰਗਾ ਦਿਨ ਕਦੇ ਆਇਆ ਹੀ ਨਹੀਂ।

ਕਦੇ ਕਿਸੇ ਦੀ ਉਡੀਕ, ਕਦੇ ਕਿਸੇ ਦੇ ਫ਼ੋਨ ਦੀ, ਕਦੇ ਕਿਸੇ ਰਿਸ਼ਤੇ ਦੇ ਠੀਕ ਹੋਣ ਦੀ, ਤੇ ਕਦੇ ਕਿਸੇ ਹੋਰ ਬਹਾਨੇ ਦੀ।

ਇੱਕ ਦਿਨ ਉਸ ਨੇ ਅਲਮਾਰੀ ਬੰਦ ਕਰ ਦਿੱਤੀ।

ਸ਼ੀਸ਼ੇ ਅੱਗੇ ਖੜ੍ਹ ਕੇ ਆਪਣੇ ਆਪ ਨੂੰ ਪੁੱਛਿਆ,

“ਜੇ ਮੇਰੀ ਜ਼ਿੰਦਗੀ ਇੰਨੀ ਹੀ ਸੀਮਤ ਹੈ… ਤਾਂ ਮੈਂ ਕਿਸ ਦਿਨ ਦੀ ਉਡੀਕ ਕਰ ਰਹੀ ਹਾਂ?”

ਉਸ ਸਵਾਲ ਦਾ ਜਵਾਬ ਕਿਸੇ ਹੋਰ ਨੇ ਨਹੀਂ ਦਿੱਤਾ।

ਉਸ ਨੇ ਆਪ ਦਿੱਤਾ।

ਉਸ ਨੇ ਆਪਣਾ ਮਨਪਸੰਦ ਸੂਟ ਪਾਇਆ।

ਚਾਹ ਬਣਾਈ।

ਖਿੜਕੀ ਕੋਲ ਬੈਠ ਗਈ।

ਉਸ ਦਿਨ ਨਾ ਕੋਈ ਪਾਰਟੀ ਸੀ, ਨਾ ਕੋਈ ਮਹਿਮਾਨ, ਨਾ ਕੋਈ ਤਿਉਹਾਰ।

ਪਰ ਪਹਿਲੀ ਵਾਰ ਉਸ ਨੂੰ ਲੱਗਿਆ ਕਿ ਅੱਜ ਵੀ ਇੱਕ ਖ਼ਾਸ ਦਿਨ ਹੈ।

ਉਸ ਨੂੰ ਸਮਝ ਆ ਗਿਆ—

ਜ਼ਿੰਦਗੀ ਲੰਮੀ ਹੋਣ ਦਾ ਵਾਅਦਾ ਨਹੀਂ ਕਰਦੀ।

ਉਹ ਸਿਰਫ਼ ਅੱਜ ਦਿੰਦੀ ਹੈ।

ਜਿਨ੍ਹਾਂ ਲੋਕਾਂ ਨੇ ਰਹਿਣਾ ਹੈ, ਉਹ ਰਹਿ ਜਾਣਗੇ।

ਜਿਨ੍ਹਾਂ ਨੇ ਜਾਣਾ ਹੈ, ਉਹ ਚਲੇ ਜਾਣਗੇ।

ਪਰ ਜੇ ਅਸੀਂ ਹਰ ਦਿਨ ਕਿਸੇ ਹੋਰ ਦੀ ਉਡੀਕ ਵਿੱਚ ਜੀਵਾਂਗੇ, ਤਾਂ ਇੱਕ ਦਿਨ ਸਾਡੀ ਆਪਣੀ ਜ਼ਿੰਦਗੀ ਹੀ ਸਾਡੀ ਉਡੀਕ ਕਰਦੀ ਰਹਿ ਜਾਵੇਗੀ।

ਕਈ ਵਾਰ ਸਭ ਤੋਂ ਵੱਡਾ ਫ਼ੈਸਲਾ ਕਿਸੇ ਨੂੰ ਫੜ ਕੇ ਰੱਖਣਾ ਨਹੀਂ ਹੁੰਦਾ। ਸਭ ਤੋਂ ਵੱਡਾ ਫ਼ੈਸਲਾ ਆਪਣੀ ਬਚੀ ਹੋਈ ਜ਼ਿੰਦਗੀ ਨੂੰ ਪੂਰੀ ਤਰ੍ਹਾਂ ਜੀਣਾ ਹੁੰਦਾ ਹੈ। 

✍️ਪਰਦੀਪ ਕੋਰ

Pardeepkaur.blog


ਖਾਲੀ ਕੁਰਸੀ

ਹਰ ਸ਼ਾਮ ਇੱਕ ਔਰਤ ਪਾਰਕ ਵਿੱਚ ਆਉਂਦੀ ਅਤੇ ਆਪਣੇ ਕੋਲ ਇੱਕ ਕੁਰਸੀ ਖਾਲੀ ਛੱਡ ਕੇ ਬੈਠ ਜਾਂਦੀ।

ਉਹ ਨਾ ਕਿਸੇ ਨਾਲ ਬਹੁਤੀ ਗੱਲ ਕਰਦੀ, ਨਾ ਫ਼ੋਨ ਦੇਖਦੀ। ਬੱਸ ਚੁੱਪਚਾਪ ਡੁੱਬਦੇ ਸੂਰਜ ਵੱਲ ਤੱਕਦੀ ਰਹਿੰਦੀ।

ਲੋਕ ਸੋਚਦੇ ਸਨ ਕਿ ਸ਼ਾਇਦ ਉਹ ਕਿਸੇ ਦੀ ਉਡੀਕ ਕਰ ਰਹੀ ਹੈ।

ਇੱਕ ਦਿਨ ਉੱਥੇ ਖੇਡਦੀ ਇੱਕ ਛੋਟੀ ਕੁੜੀ ਨੇ ਪੁੱਛ ਹੀ ਲਿਆ,

“ਆਂਟੀ, ਇਸ ਖਾਲੀ ਕੁਰਸੀ ਉੱਤੇ ਕੌਣ ਬੈਠਦਾ ਹੈ?”

ਔਰਤ ਹੌਲੀ ਜਿਹੀ ਮੁਸਕਰਾਈ ਤੇ ਬੋਲੀ,

“ਇਸ ਉੱਤੇ ਮੇਰੀ ਉਹ ਜ਼ਿੰਦਗੀ ਬੈਠਦੀ ਹੈ, ਜਿਹੜੀ ਮੈਂ ਹਮੇਸ਼ਾ ਦੂਜਿਆਂ ਦੀ ਉਡੀਕ ਕਰਦਿਆਂ ਗੁਆ ਦਿੱਤੀ।”

ਕੁੜੀ ਉਸਦੀ ਗੱਲ ਸਮਝ ਨਾ ਸਕੀ।

ਔਰਤ ਨੇ ਫਿਰ ਕਿਹਾ,

“ਮੈਂ ਸੋਚਦੀ ਰਹੀ—ਜਦੋਂ ਸਭ ਦੀਆਂ ਜ਼ਿੰਮੇਵਾਰੀਆਂ ਪੂਰੀਆਂ ਹੋ ਜਾਣਗੀਆਂ, ਉਦੋਂ ਮੈਂ ਆਪਣੇ ਲਈ ਜੀਵਾਂਗੀ। ਜਦੋਂ ਲੋਕ ਮੈਨੂੰ ਸਮਝਣਗੇ, ਉਦੋਂ ਮੈਂ ਖੁਸ਼ ਹੋਵਾਂਗੀ। ਜਦੋਂ ਕੋਈ ਮੇਰਾ ਹੱਥ ਫੜੇਗਾ, ਉਦੋਂ ਮੈਂ ਅੱਗੇ ਵਧਾਂਗੀ।”

ਉਸਨੇ ਖਾਲੀ ਕੁਰਸੀ ਵੱਲ ਦੇਖਿਆ।

“ਪਰ ਉਡੀਕ ਕਰਦਿਆਂ-ਕਰਦਿਆਂ ਸਾਲ ਲੰਘ ਗਏ। ਫਿਰ ਇੱਕ ਦਿਨ ਮੈਨੂੰ ਸਮਝ ਆਈ ਕਿ ਜਿਸਦਾ ਹੱਥ ਮੈਂ ਸਾਰੀ ਉਮਰ ਲੱਭਦੀ ਰਹੀ, ਉਹ ਮੇਰਾ ਆਪਣਾ ਹੱਥ ਸੀ।”

ਅਗਲੀ ਸ਼ਾਮ ਉਹ ਔਰਤ ਫਿਰ ਪਾਰਕ ਵਿੱਚ ਆਈ, ਪਰ ਇਸ ਵਾਰ ਉਸਨੇ ਕੋਲ ਕੋਈ ਕੁਰਸੀ ਖਾਲੀ ਨਹੀਂ ਛੱਡੀ।

ਉਹ ਕੁਝ ਪਲ ਸੂਰਜ ਵੱਲ ਦੇਖਦੀ ਰਹੀ, ਫਿਰ ਉੱਠੀ ਅਤੇ ਨਵੇਂ ਰਾਹ ਵੱਲ ਤੁਰ ਪਈ।

ਕਿਉਂਕਿ ਉਸ ਦਿਨ ਉਸਨੇ ਉਡੀਕ ਕਰਨੀ ਛੱਡ ਦਿੱਤੀ ਸੀ।

ਕਈ ਵਾਰ ਅਸੀਂ ਕਿਸੇ ਹੋਰ ਦੇ ਵਾਪਸ ਆਉਣ ਦੀ ਉਡੀਕ ਨਹੀਂ ਕਰ ਰਹੇ ਹੁੰਦੇ—ਅਸੀਂ ਆਪਣੇ ਆਪ ਦੇ ਵਾਪਸ ਆਉਣ ਦੀ ਉਡੀਕ ਕਰ ਰਹੇ ਹੁੰਦੇ ਹਾਂ।

✍️ ਪਰਦੀਪ ਕੌਰ



ਮਾਸੂਮ ਬੱਚੀਆਂ, ਇਨਸਾਨ ਅਤੇ ਝੂਠੀ ਸ਼ੋਹਰਤ

ਕੀ ਅਸੀਂ ਦੁਨੀਆ ਦੀ ਮਦਦ ਕਰਨ ਦੇ ਚੱਕਰ ਵਿੱਚ ਆਪਣੇ ਹੀ ਪਰਿਵਾਰ ਨੂੰ ਬਰਬਾਦ ਕਰ ਰਹੇ ਹਾਂ? ਸਤਿ ਸ੍ਰੀ ਅਕਾਲ ਜੀ, ਮੈਂ ਪ੍ਰਦੀਪ ਕੌਰ, ਤੇ ਅੱਜ ਗੱਲ ਕਰਾਂਗੇ ਸੋਸ਼ਲ ਮੀਡੀਆ ਦੇ ਉਸ ਨਸ਼ੇ ਦੀ, ਜਿਸਦੀ ਕੱਚੀ ਨੀਂਹ ‘ਤੇ ਅਸੀਂ ਆਪਣੀਆਂ ਮਾਸੂਮ ਬੱਚੀਆਂ ਦੀ ਜ਼ਿੰਦਗੀ ਖੜ੍ਹੀ ਕਰ ਰਹੇ ਹਾਂ…

ਦੁਨੀਆ ਵੀ ਕਿੰਨੀ ਅਜੀਬ ਹੈ। ਲੋਕ ਬਾਹਰੋਂ ਤਾਂ ਬਹੁਤ ਸੋਹਣੇ ਦਿਸਦੇ ਹਨ, ਜਿਵੇਂ ਵੱਡੀਆਂ ਇਮਾਰਤਾਂ, ਪਰ ਮਜ਼ਬੂਤ ਨੀਂਹ ਨਾ ਹੋਣ ਕਰਕੇ ਉਹ ਡਿਗ ਵੀ ਬਹੁਤ ਜਲਦੀ ਜਾਂਦੇ ਹਨ। ਆਹ ਦੇਖੋ, ਅੱਜਕੱਲ੍ਹ ਲੋਕ ਆਪਣੀਆਂ ਨਿੱਕੀਆਂ ਕੁੜੀਆਂ ਨੂੰ, ਆਪਣੀਆਂ ਪਤਨੀਆਂ ਨੂੰ ਅਤੇ ਇੱਥੋਂ ਤੱਕ ਕਿ ਨਵੇਂ ਜੰਮੇ ਬੱਚਿਆਂ ਨੂੰ ਵੀ TikTok, Insta, ਅਤੇ Facebook ਦੇ ਬਹਾਨੇ ਕੈਮਰੇ ਦੇ ਸਾਹਮਣੇ ਲੈ ਕੇ ਆਉਂਦੇ ਹਨ।
ਸਭ ਤੋਂ ਵੱਡਾ ਡਰਾਮਾ ਤਾਂ ਕੈਮਰੇ ਦੇ ਪਿੱਛੇ ਹੁੰਦਾ ਹੈ। ਉਨ੍ਹਾਂ ਮਾਸੂਮ ਬੱਚਿਆਂ ਨੂੰ ਤਾਂ ਪਹਿਲਾਂ ਇਹ ਵੀ ਨਹੀਂ ਪਤਾ ਹੁੰਦਾ ਕਿ ਕਹਿਣਾ ਕੀ ਹੈ! ਤੁਸੀਂ ਖੁਦ ਉਨ੍ਹਾਂ ਨੂੰ ਕੈਮਰੇ ਦੇ ਪਿੱਛੇ ਬੈਠ ਕੇ ਇਸ ਸਾਰੇ ਡਰਾਮੇ ਲਈ ਤਿਆਰ ਕਰਦੇ ਹੋ, ਉਨ੍ਹਾਂ ਨੂੰ ਰਟਾਉਂਦੇ ਹੋ। ਮੈਨੂੰ ਇਹ ਦੱਸੋ, ਕੈਮਰੇ ਦੇ ਪਿੱਛੇ ਰਹਿ ਕੇ ਤੁਸੀਂ ਦੁਨੀਆ ਦੇ ਲੋਕਾਂ ਨੂੰ ਬੇਵਕੂਫ਼ ਬਣਾ ਰਹੇ ਹੋ ਜਾਂ ਆਪਣੇ ਆਪ ਨੂੰ?
ਤੁਸੀਂ YouTube ਤੇ ਆ ਕੇ ਲੋਕਾਂ ਨੂੰ ਕਹਿੰਦੇ ਹੋ, “ਸਾਨੂੰ ਫੋਲੋ ਕਰੋ, ਸਾਨੂੰ ਸਪੋਰਟ ਕਰੋ।” ਤੇ ਦਾਅਵਾ ਕਰਦੇ ਹੋ ਕਿ ਜੋ ਪੈਸੇ ਇਕੱਠੇ ਹੋਣਗੇ, ਉਨ੍ਹਾਂ ਨਾਲ ਅਸੀਂ ਗਰੀਬਾਂ ਦੀ ਹੈਲਪ ਕਰਾਂਗੇ, ਉਨ੍ਹਾਂ ਨੂੰ ਡੋਨੇਟ ਕਰਾਂਗੇ। ਪਰ ਮੇਰਾ ਸਭ ਤੋਂ ਵੱਡਾ ਸਵਾਲ ਇਹ ਹੈ—ਦੁਨੀਆ ਦੀ ਮਦਦ ਕਰਨ ਦੀ ਬਜਾਏ, ਤੁਸੀਂ ਪਹਿਲਾਂ ਆਪਣੇ ਪਰਿਵਾਰ ਦੀ ਮਦਦ ਕਿਉਂ ਨਹੀਂ ਕਰ ਲੈਂਦੇ? ਉਨ੍ਹਾਂ ਮਾਸੂਮ ਬੱਚੀਆਂ ਨੂੰ ਇਸ ਝੂਠੇ ਸੋਸ਼ਲ ਮੀਡੀਆ ਦੇ ਨਸ਼ੇ ਤੋਂ ਦੂਰ ਕਿਉਂ ਨਹੀਂ ਰੱਖਦੇ?
ਜਦੋਂ ਉਹ ਦਿਨ-ਰਾਤ ਕੈਮਰੇ ਦੇ ਸਾਹਮਣੇ ਹੀ ਆਉਂਦੀਆਂ ਰਹਿਣਗੀਆਂ, ਤਾਂ ਉਨ੍ਹਾਂ ਦੀ ਇਹੀ ਆਦਤ ਬਣ ਜਾਵੇਗੀ। ਆਖਰਕਾਰ ਲੋਕਾਂ ਦੇ ਕੜਵੇ ਲਫ਼ਜ਼, ਕਮੈਂਟ ਅਤੇ ਮਿਹਣੇ ਸੁਣ ਕੇ ਉਹ ਬੱਚੀਆਂ ਮਾਨਸਿਕ ਤਣਾਅ (Mental Stress) ਦਾ ਸ਼ਿਕਾਰ ਹੋ ਜਾਣਗੀਆਂ ਅਤੇ ਖੁਦਕੁਸ਼ੀ ਵਰਗਾ ਖ਼ੌਫ਼ਨਾਕ ਕਦਮ ਚੁੱਕ ਲੈਂਦੀਆਂ ਹਨ।
ਦੁਨੀਆ ਨੂੰ ਦਿਖਾਉਣ ਲਈ ਦਾਨ-ਪੁੰਨ ਕਰਨ ਦੀ ਬਜਾਏ, ਅਸਲੀ ਮਦਦ ਇਹ ਹੈ ਕਿ ਤੁਸੀਂ ਆਪਣੀਆਂ ਬੱਚੀਆਂ ਨੂੰ ਪੜ੍ਹਨ ‘ਤੇ ਫੋਕਸ ਕਰਵਾਓ। ਅਸੀਂ ਆਪਣੇ ਬੱਚਿਆਂ ਨੂੰ ਅਜਿਹੀ ਹੰਝੂਆਂ ਵਾਲੀ ਥਾਂ ‘ਤੇ ਨਾ ਲੈ ਕੇ ਆਾਈਏ, ਜਿੱਥੇ ਸ਼ੋਹਰਤ ਤਾਂ ਮਿਲੇ ਪਰ ਸਕੂਨ ਚਲਿਆ ਜਾਵੇ।

✍️ਪਰਦੀਪ ਕੋਰ


ਤੁਰਦਾ ਰਹਿ…

ਮੈਂ ਨਹੀਂ ਜਾਣਦੀ ਉਹ ਕੌਣ ਸੀ। ਸ਼ਾਇਦ ਉਹ ਮੈਨੂੰ ਕਦੇ ਮੁੜ ਨਾ ਮਿਲੇ। ਪਰ ਹਡਸਨ ਦੇ ਕੰਢੇ ਤੁਰਦਾ ਉਹ ਬਜ਼ੁਰਗ ਅੱਜ ਮੇਰੀ ਡਾਇਰੀ ਵਿੱਚ ਹਮੇਸ਼ਾ ਲਈ ਰਹਿ ਗਿਆ। ਉਸ ਨੇ ਮੇਰੇ ਨਾਲ ਇੱਕ ਸ਼ਬਦ ਵੀ ਨਹੀਂ ਬੋਲਿਆ, ਪਰ ਇਹ ਜ਼ਰੂਰ ਸਿਖਾ ਗਿਆ ਕਿ ਜ਼ਿੰਦਗੀ ਰਫ਼ਤਾਰ ਨਾਲ ਨਹੀਂ, ਲਗਾਤਾਰ ਤੁਰਨ ਨਾਲ ਜਿੱਤੀ ਜਾਂਦੀ ਹੈ।

ਹਡਸਨ ਦਰਿਆ ਦੇ ਕਿਨਾਰੇ ਬੈਠੀ ਮੈਂ ਲੋਕਾਂ ਨੂੰ ਵੇਖ ਰਹੀ ਸੀ।

ਕੋਈ ਫ਼ੋਨ ਵਿੱਚ ਗੁੰਮ ਸੀ, ਕੋਈ ਦੌੜ ਰਿਹਾ ਸੀ, ਕੋਈ ਸਾਈਕਲ ਚਲਾ ਰਿਹਾ ਸੀ।

ਫਿਰ ਮੇਰੀ ਨਜ਼ਰ ਇੱਕ ਬਜ਼ੁਰਗ ’ਤੇ ਪਈ।

ਉਮਰ ਕਾਫ਼ੀ ਸੀ।

ਲੱਤਾਂ ਪਤਲੀਆਂ ਸਨ।

ਬਾਂਹਾਂ ਵਿੱਚ ਵੀ ਪਹਿਲਾਂ ਵਾਲੀ ਤਾਕਤ ਨਹੀਂ ਸੀ।

ਮੈਂ ਸੋਚਿਆ…

“ਸ਼ਾਇਦ ਇੱਕ ਚੱਕਰ ਲਾ ਕੇ ਬੈਠ ਜਾਣਗੇ।”

ਪਰ ਮੈਂ ਬੈਠੀ ਰਹੀ…

ਅਤੇ ਉਹ ਤੁਰਦੇ ਰਹੇ।

ਇੱਕ ਚੱਕਰ…

ਦੋ ਚੱਕਰ…

ਤਿੰਨ…

ਫਿਰ ਮੈਂ ਗਿਣਤੀ ਹੀ ਭੁੱਲ ਗਈ।

ਉਹਨਾਂ ਨੇ ਤਾਂ ਦਸ ਦੇ ਕਰੀਬ ਚੱਕਰ ਲਾ ਦਿੱਤੇ।

ਉਸ ਵੇਲੇ ਮੈਨੂੰ ਲੱਗਿਆ…

ਥਕਾਵਟ ਸਰੀਰ ਵਿੱਚ ਘੱਟ ਹੁੰਦੀ ਹੈ, ਮਨ ਵਿੱਚ ਜ਼ਿਆਦਾ ਹੁੰਦੀ ਹੈ।

ਜਦੋਂ ਤੱਕ ਮਨ ਹਾਰ ਨਾ ਮੰਨੇ…

ਉਦੋਂ ਤੱਕ ਪਤਲੀਆਂ ਲੱਤਾਂ ਵੀ ਲੰਮਾ ਸਫ਼ਰ ਤੈਅ ਕਰ ਜਾਂਦੀਆਂ ਹਨ।

ਉਸ ਅਣਜਾਣ ਬਜ਼ੁਰਗ ਨੇ ਮੇਰੇ ਨਾਲ ਇੱਕ ਸ਼ਬਦ ਵੀ ਨਹੀਂ ਬੋਲਿਆ…

ਪਰ ਜਾਂਦੇ-ਜਾਂਦੇ ਇੱਕ ਗੱਲ ਸਿਖਾ ਗਿਆ…

ਜ਼ਿੰਦਗੀ ਵਿੱਚ ਰੁਕਣਾ ਨਹੀਂ… ਹੌਲੀ ਸਹੀ, ਪਰ ਤੁਰਦੇ ਰਹਿਣਾ। 

———-



ਕੁਤਕਤਾਰੀਆਂ… ਤੇ ਛਪਾਕ!
🌃💦
ਨਿਊਯਾਰਕ ਦੀ ਉਹ ਸ਼ਾਮਕਿੰਨੀ ਸੋਹਣੀ ਸੀ। ਰੌਸ਼ਨੀਆਂ ਪਾਣੀ ਵਿੱਚ ਝਲਕ ਰਹੀਆਂ ਸਨ, ਹਵਾ ਹੌਲੀਹੌਲੀ ਵੱਗ ਰਹੀ ਸੀ। ਲੋਕ ਆਪਣੀਆਂਆਪਣੀਆਂ ਦੁਨੀਆਂ ਵਿੱਚ ਸਨ। ਕੋਈ ਹੱਸ ਰਿਹਾ ਸੀ, ਕੋਈ ਚੁੱਪ ਸੀ, ਕੋਈ ਗੱਲਾਂ ਕਰ ਰਿਹਾ ਸੀਤੇ ਮੈਂ ਸਭ ਨੂੰ ਦੇਖ ਰਹੀ ਸੀ।
ਫਿਰ ਸੋਚਿਆਜੇ ਤੂੰ ਸੱਚਮੁੱਚ ਮੇਰੇ ਕੋਲ ਹੁੰਦਾ ਨਾ, ਮੈਂ ਕਹਿੰਦੀ, ‘ ਇੱਥੇ ਬੈਠ।ਫਿਰ ਆਪਾਂ ਇੱਕਦੂਜੇ ਦੀਆਂ ਕੁਤਕਤਾਰੀਆਂ ਕਰਦੇ, ਹੱਸਦੇਹੱਸਦੇ ਪਾਣੀ ਵਿੱਚ ਡਿੱਗ ਪੈਂਦੇਤੇ ਫਿਰ ਹੋਰ ਵੀ ਹੱਸਦੇ।
ਪਰ ਫਿਰ ਯਾਦ ਆਇਆਤੂੰ ਤਾਂ ਸਿਰਫ਼ ਗੱਲਾਂ ਵਿੱਚ ਮੇਰੇ ਨਾਲ ਹੈਂ। ਸਰੀਰਕ ਤੌਰਤੇ ਤਾਂ ਇੱਥੇ ਹੈ ਹੀ ਨਹੀਂ।
ਫਿਰ ਵੀ, ਉਸ ਸ਼ਾਮ ਮੇਰੇ ਚਿਹਰੇਤੇ ਇੱਕ ਮੁਸਕਾਨ ਸੀਕਿਉਂਕਿ ਕੁਝ ਸਾਥ ਦੂਰੀ ਨਾਲ ਨਹੀਂ, ਅਹਿਸਾਸ ਨਾਲ ਹੁੰਦੇ ਨੇ। 

——-



ਇਨਸਾਨੀਅਤ
ਕਈ ਵਾਰ ਸਫ਼ਰ ਸਾਨੂੰ ਥਾਵਾਂ ਨਹੀਂ, ਲੋਕ ਯਾਦ ਕਰਵਾ ਜਾਂਦੇ ਹਨ।
ਉਹ ਦਿਨ ਮੈਨੂੰ ਬਹੁਤ ਭੁੱਖ ਲੱਗੀ ਹੋਈ ਸੀ। ਮੈਂ ਤੇ ਜਸਪਾਲ ਹਡਸਨ ਦਰਿਆ ਦੇ ਕਿਨਾਰੇ ਬਣੇ Molos Greek Restaurant ਪਹੁੰਚੇ। ਸਾਹਮਣੇ ਨਿਊਯਾਰਕ ਦਾ ਸਕਾਈਲਾਈਨ… ਪਾਣੀ ਉੱਤੇ ਹੌਲੀ-ਹੌਲੀ ਚਲਦੀ ਹਵਾ… ਤੇ ਬਹੁਤ ਹੀ ਖੂਬਸੂਰਤ ਨਜ਼ਾਰਾ।
ਪਰ ਰੈਸਟੋਰੈਂਟ ਅਜੇ ਖੁੱਲਿਆ ਨਹੀਂ ਸੀ।
ਉੱਥੇ ਇੱਕ ਬਹੁਤ ਬਜ਼ੁਰਗ ਮਾਤਾ ਜੀ ਸਨ। ਹੱਥ ਵਿੱਚ ਇੱਕ ਨਿੱਕਾ ਜਿਹਾ ਕੁੱਤਾ ਸੀ ਅਤੇ ਉਹ ਹੌਲੀ-ਹੌਲੀ ਪੌੜੀਆਂ ਚੜ੍ਹ ਰਹੇ ਸਨ।
ਜਸਪਾਲ ਨੇ ਕਿਹਾ,
“ਚੱਲੋ, ਅਜੇ ਨਹੀਂ ਖੁੱਲਿਆ।”
ਪਰ ਨਾ ਜਾਣੇ ਕਿਉਂ, ਮੈਨੂੰ ਲੱਗਿਆ ਕਿ ਇਹ ਇਸ ਥਾਂ ਦੀ ਮਾਲਕਣ ਹੈ।
ਮੈਂ ਉਹਨਾਂ ਕੋਲ ਗਈ।
ਉਹ ਮੁਸਕਰਾਏ ਤੇ ਕਹਿੰਦੇ,
“ਅਜੇ ਸਮਾਂ ਹੈ… ਪਰ ਤੁਸੀਂ ਅੰਦਰ ਬੈਠ ਜਾਓ।”
ਉਹ ਸਾਨੂੰ ਖੁਦ ਅੰਦਰ ਬਿਠਾ ਕੇ ਗਏ।
ਕਿਹਾ,
“ਮੇਰਾ ਬੰਦਾ ਕੁੱਤੇ ਨੂੰ ਘੁਮਾ ਕੇ ਆ ਰਿਹਾ ਹੈ, ਉਹ ਤੁਹਾਨੂੰ ਪਾਣੀ ਦੇ ਦੇਵੇਗਾ।”
ਥੋੜ੍ਹੀ ਦੇਰ ਬਾਅਦ ਵੇਟਰ ਆਇਆ।
ਉਹ ਕਹਿੰਦਾ,
“ਰੈਸਟੋਰੈਂਟ ਤਾਂ ਚਾਰ ਵਜੇ ਖੁੱਲੇਗਾ।”
ਅਸੀਂ ਮੁਸਕਰਾ ਕੇ ਕਿਹਾ,
“ਸਾਨੂੰ ਤਾਂ ਤੁਹਾਡੀ ਮਾਲਕਣ ਬਿਠਾ ਕੇ ਗਈ ਹੈ।”
ਇਸੇ ਦੌਰਾਨ ਇੱਕ ਹੋਰ ਪਰਿਵਾਰ ਆਇਆ।
ਉਹਨਾਂ ਨੂੰ ਕਿਹਾ ਗਿਆ ਕਿ ਅਜੇ ਰੈਸਟੋਰੈਂਟ ਨਹੀਂ ਖੁੱਲਿਆ।
ਉਸ ਵੇਲੇ ਮੇਰੇ ਮਨ ਵਿੱਚ ਇੱਕ ਹੀ ਖ਼ਿਆਲ ਆਇਆ…
ਕੁਝ ਲੋਕ ਪਹਿਲੀ ਵਾਰ ਮਿਲ ਕੇ ਵੀ ਆਪਣੇ ਕਿਉਂ ਲੱਗਦੇ ਹਨ?
ਉਹ ਬਜ਼ੁਰਗ ਮਾਤਾ ਜੀ ਨੂੰ ਵੇਖ ਕੇ ਦਿਲ ਵਿੱਚ ਇੱਕ ਅਜੀਬ ਜਿਹੀ ਆਪਣੱਤ ਮਹਿਸੂਸ ਹੋਈ। ਕੋਈ ਕਾਰਨ ਨਹੀਂ ਸੀ… ਫਿਰ ਵੀ ਲੱਗਿਆ ਜਿਵੇਂ ਉਹਨਾਂ ਨਾਲ ਕੋਈ ਪੁਰਾਣਾ ਰਿਸ਼ਤਾ ਹੋਵੇ।
ਸ਼ਾਇਦ ਇਹ ਸਿਰਫ਼ ਇੱਕ ਅਹਿਸਾਸ ਸੀ।
ਪਰ ਉਸ ਦਿਨ ਮੈਂ ਇੱਕ ਗੱਲ ਜ਼ਰੂਰ ਸਿੱਖੀ…
ਦੁਨੀਆ ਵਿੱਚ ਨਿਯਮ ਬਣਾਉਣ ਵਾਲੇ ਬਹੁਤ ਮਿਲ ਜਾਂਦੇ ਹਨ, ਪਰ ਇਨਸਾਨ ਨੂੰ ਪਹਿਲਾਂ ਰੱਖਣ ਵਾਲੇ ਲੋਕ ਅੱਜ ਵੀ ਮੌਜੂਦ ਹਨ।
ਸ਼ਾਇਦ ਇਸੇ ਕਰਕੇ…
ਇਨਸਾਨੀਅਤ ਅਜੇ ਵੀ ਜ਼ਿੰਦਾ ਹੈ। 

ਅੱਧਾਸੀ ਦਾ ਮਹਿਮਾਨ

ਇੱਕ ਛੋਟਾ ਜਿਹਾ ਘਰ ਸੀ। ਉਸ ਘਰ ਵਿੱਚ ਇੱਕ ਕੁੜੀ ਇਕੱਲੀ ਰਹਿੰਦੀ ਸੀ। ਸਵੇਰੇ ਜਦੋਂ ਸੂਰਜ ਦੀ ਰੌਸ਼ਨੀ ਖਿੜਕੀ ਵਿੱਚੋਂ ਅੰਦਰ ਆਉਂਦੀ, ਉਹ ਮੁਸਕੁਰਾ ਦਿੰਦੀ।

ਉਹ ਕਹਿੰਦੀ,
“ਵਾਹ… ਕਿੰਨਾ ਸੋਹਣਾ ਤੇ ਸ਼ਾਂਤ ਘਰ ਹੈ।”

ਪਰ ਹਰ ਰਾਤ, ਬਾਰਾਂ ਵਜੇ ਦੇ ਨੇੜੇ, ਦਰਵਾਜ਼ਾ ਖੜਕਦਾ।

ਠੱਕ… ਠੱਕ…

ਕੁੜੀ ਜਾਣਦੀ ਸੀ—ਇਹ ਕੋਈ ਇਨਸਾਨ ਨਹੀਂ।

ਇਹ ਅੱਧਾਸੀ ਸੀ।

ਅੱਧਾਸੀ ਹਰ ਰਾਤ ਆ ਕੇ ਉਸਦੇ ਕੋਲ ਸੋਫੇ ’ਤੇ ਬੈਠ ਜਾਂਦੀ।

ਉਹ ਕਹਿੰਦੀ,
“ਵੇਖ… ਤੂੰ ਇਕੱਲੀ ਏਂ। ਤੇਰੇ ਨਾਲ ਗੱਲ ਕਰਨ ਵਾਲਾ ਕੋਈ ਨਹੀਂ। ਤੇਰੇ ਲਈ ਕੋਈ ਉਡੀਕ ਨਹੀਂ ਕਰਦਾ।”

ਕੁੜੀ ਚੁੱਪ ਰਹਿੰਦੀ।

ਕਦੇ ਉਸਦਾ ਜੀ ਨਹੀਂ ਕਰਦਾ ਸੀ ਕਿ ਫਰਿੱਜ ਖੋਲ੍ਹ ਕੇ ਦੋ ਰੋਟੀਆਂ ਵੀ ਗਰਮ ਕਰ ਲਵੇ।

ਉਸਨੂੰ ਲੱਗਦਾ ਸੀ ਜਿਵੇਂ ਸਰੀਰ ਨਹੀਂ, ਮਨ ਥੱਕ ਗਿਆ ਹੈ।

ਇੱਕ ਦਿਨ ਉਸਨੇ ਅੱਧਾਸੀ ਨੂੰ ਪੁੱਛਿਆ,

“ਤੂੰ ਹਰ ਰਾਤ ਮੇਰੇ ਕੋਲ ਹੀ ਕਿਉਂ ਆਉਂਦੀ ਏਂ?”

ਅੱਧਾਸੀ ਪਹਿਲੀ ਵਾਰ ਚੁੱਪ ਹੋ ਗਈ।

ਫਿਰ ਹੌਲੀ ਜਿਹੀ ਬੋਲੀ,

“ਮੈਂ ਉਹਨਾਂ ਲੋਕਾਂ ਕੋਲ ਜਾਂਦੀ ਹਾਂ ਜਿਨ੍ਹਾਂ ਨੇ ਬਹੁਤ ਕੁਝ ਇਕੱਲੇ ਸਹਿਆ ਹੋਵੇ। ਜਿਨ੍ਹਾਂ ਨੇ ਰੋ ਕੇ ਵੀ ਸਵੇਰੇ ਉੱਠ ਕੇ ਫਿਰ ਜ਼ਿੰਦਗੀ ਚਲਾਈ ਹੋਵੇ।”

ਕੁੜੀ ਨੇ ਪੁੱਛਿਆ,

“ਤਾਂ ਤੂੰ ਕਦੋਂ ਜਾਵੇਂਗੀ?”

ਅੱਧਾਸੀ ਮੁਸਕੁਰਾਈ।

“ਜਿਸ ਦਿਨ ਤੂੰ ਆਪਣੇ ਆਪ ਨੂੰ ਇਕੱਲਾ ਸਮਝਣਾ ਛੱਡ ਦੇਵੇਂਗੀ। ਜਿਸ ਦਿਨ ਤੂੰ ਆਪਣੇ ਮਨ ਨੂੰ ਦੁਸ਼ਮਣ ਨਹੀਂ, ਦੋਸਤ ਬਣਾ ਲਵੇਂਗੀ। ਉਸ ਦਿਨ ਮੇਰਾ ਕੰਮ ਮੁੱਕ ਜਾਵੇਗਾ।”

ਸਾਲਾਂ ਬਾਅਦ…

ਉਸੇ ਘਰ ਵਿੱਚ ਇੱਕ ਲੇਖਿਕਾ ਬੈਠੀ ਸੀ।

ਮੇਜ਼ ਉੱਤੇ ਉਸਦੀਆਂ ਕਿਤਾਬਾਂ ਪਈਆਂ ਸਨ।

ਉਸਨੇ ਆਪਣੀ ਡਾਇਰੀ ਵਿੱਚ ਇੱਕ ਲਾਈਨ ਲਿਖੀ:

“ਅੱਧਾਸੀ ਮੇਰੀ ਦੁਸ਼ਮਣ ਨਹੀਂ ਸੀ। ਉਹ ਮੇਰੀ ਕਹਾਣੀ ਦੀ ਪਹਿਲੀ ਪਾਠਕ ਸੀ। ਉਸਨੇ ਮੈਨੂੰ ਲਿਖਣਾ ਸਿਖਾਇਆ, ਤਾਂ ਜੋ ਕਿਸੇ ਹੋਰ ਇਕੱਲੇ ਇਨਸਾਨ ਨੂੰ ਲੱਗੇ ਕਿ ਉਹ ਇਕੱਲਾ ਨਹੀਂ।”

✍️ਪਰਦੀਪ ਕੋਰ


ਨਾਂ ਸੀ ਨਿੰਮਾ।
ਪੜ੍ਹਿਆ-ਲਿਖਿਆ।
ਬੱਚਿਆਂ ਨੂੰ ਕਿਰਦਾਰ ਦੇ ਪਾਠ ਪੜ੍ਹਾਉਂਦਾ ਸੀ।
ਪਰ ਜਿਵੇਂ ਹੀ ਕੈਮਰੇ ਦੀ ਲਾਲ ਬੱਤੀ ਜਗਦੀ,
ਉਹ ਆਪਣੇ ਆਪ ਨੂੰ ਭੁੱਲ ਜਾਂਦਾ।

ਅੱਜ ਇੱਕ ਮਹਿਫ਼ਲ,
ਕੱਲ੍ਹ ਦੂਜੀ।
ਅੱਜ ਇੱਕ ਕੈਮਰਾ,
ਕੱਲ੍ਹ ਦੂਜਾ।

ਕਦੇ ਲੋਕਾਂ ਦੀਆਂ ਮਹਿਫ਼ਲਾਂ ਵਿੱਚ,ਕਦੇ ਕੈਮਰਿਆਂ ਦੇ ਸਾਹਮਣੇ,ਕਦੇ ਕਿਸੇ ਦੇ ਦਿਲ ਵਿੱਚ ਆਪਣਾ ਨਾਂ ਲੱਭਦਾ ਰਿਹਾ…ਪਰ ਆਪਣੇ ਆਪ ਨੂੰ ਕਦੇ ਨਾ ਲੱਭ ਸਕਿਆ।

ਪਿੰਡ ਦੇ ਇੱਕ ਬਜ਼ੁਰਗ ਨੇ ਹੱਸ ਕੇ ਕਿਹਾ,

“ਪੁੱਤਰ… ਇਹ ਇਸ਼ਕਨਾਮਾ ਨਹੀਂ, ਛੱਜਨਾਮਾ ਹੈ। ਜਿੱਥੇ ਛੱਜ ਵੇਖਿਆ, ਉੱਥੇ ਹੀ ਚੜ੍ਹ ਗਿਆ।”

ਕਿਉਂਕਿ…

ਅਸਲੀ ਮੁਹੱਬਤ ਰੌਲਾ ਨਹੀਂ ਪਾਉਂਦੀ।ਉਹ ਖ਼ਾਮੋਸ਼ੀ ਨਾਲ ਉਮਰ ਭਰ ਨਿਭਦੀ ਹੈ।

✍️ — ਪਰਦੀਪ ਕੌਰ



ਛੱਜਨਾਮਾ
ਉਰਫ਼ ਇਸ਼ਕਨਾਮਾ
ਇਹ ਕਹਾਣੀ ਕਿਸੇ ਇੱਕ ਇਨਸਾਨ ਦੀ ਨਹੀਂ।
ਇਹ ਹਰ ਉਸ ਆਸ਼ਿਕ ਦੀ ਕਹਾਣੀ ਹੈ, ਜੋ ਮੁਹੱਬਤ ਨੂੰ ਇਬਾਦਤ ਨਹੀਂ, ਇਸ਼ਤਿਹਾਰ ਸਮਝ ਬੈਠਦਾ ਹੈ।
ਉਹ ਸਮਝਦਾ ਹੈ ਕਿ ਜਿੰਨਾ ਉੱਚਾ ਉਹ ਕਿਸੇ ਦਾ ਨਾਂ ਲਵੇਗਾ, ਉੱਨਾ ਹੀ ਵੱਡਾ ਆਸ਼ਿਕ ਕਹਲਾਵੇਗਾ।
ਪਰ ਸੱਚ ਇਹ ਹੈ…
ਮੁਹੱਬਤ ਕਦੇ ਰੌਲਾ ਨਹੀਂ ਪਾਉਂਦੀ।
ਜਿਸ ਮੁਹੱਬਤ ਨੂੰ ਹਰ ਗਲੀ, ਹਰ ਚੌਂਕ, ਹਰ ਕੈਮਰੇ ਅਤੇ ਹਰ ਮੰਚ ਦੀ ਲੋੜ ਪੈ ਜਾਵੇ, ਉਹ ਮੁਹੱਬਤ ਨਹੀਂ ਰਹਿੰਦੀ, ਉਹ ਇੱਕ ਤਮਾਸ਼ਾ ਬਣ ਜਾਂਦੀ ਹੈ।
ਉਹ ਹਰ ਰੋਜ਼ ਨਵੀਂ ਕਹਾਣੀ ਸੁਣਾਉਂਦਾ ਰਿਹਾ।
ਲੋਕ ਸੁਣਦੇ ਰਹੇ।
ਤਾਲੀਆਂ ਵੀ ਵੱਜਦੀਆਂ ਰਹੀਆਂ।
ਪਰ ਹਰ ਤਾਲੀ ਦੇ ਪਿੱਛੇ ਇੱਕ ਸਵਾਲ ਖੜ੍ਹਾ ਸੀ—
ਕੀ ਸੱਚਾ ਆਸ਼ਿਕ ਆਪਣੀ ਮੁਹੱਬਤ ਨੂੰ ਦੁਨੀਆ ਦੇ ਬਾਜ਼ਾਰ ਵਿੱਚ ਲੈ ਕੇ ਜਾਂਦਾ ਹੈ?
ਮੁਹੱਬਤ ਦੀ ਸਭ ਤੋਂ ਵੱਡੀ ਨਿਸ਼ਾਨੀ ਹੱਕ ਨਹੀਂ…
ਇੱਜ਼ਤ ਹੁੰਦੀ ਹੈ।
ਜੋ ਇੱਜ਼ਤ ਨਾ ਦੇ ਸਕੇ, ਉਹ ਇਸ਼ਕ ਦਾ ਦਾਅਵਾ ਤਾਂ ਕਰ ਸਕਦਾ ਹੈ…
ਪਰ ਇਸ਼ਕ ਨਹੀਂ ਕਰ ਸਕਦਾ।
ਇਸੇ ਲਈ ਇਸ ਦਾਸਤਾਨ ਦਾ ਨਾਂ ਇਸ਼ਕਨਾਮਾ ਨਹੀਂ।
ਇਹ “ਛੱਜਨਾਮਾ” ਹੈ।
ਰੱਬ ਨਾ ਕਰੇ ਕਿਸੇ ਵੀ ਕੁੜੀ ਜਾਂ ਔਰਤ ਦੀ ਜ਼ਿੰਦਗੀ ਵਿੱਚ ਐਸਾ ਆਸ਼ਿਕ ਆਵੇ, ਜੋ ਮੁਹੱਬਤ ਦੇ ਨਾਂ ’ਤੇ ਉਸਦੀ ਜ਼ਿੰਦਗੀ ਨੂੰ ਚਰਚਾ ਬਣਾ ਦੇਵੇ।
ਕਿਉਂਕਿ…
ਇਸ਼ਕ ਦੀ ਸਭ ਤੋਂ ਉੱਚੀ ਆਵਾਜ਼ ਵੀ ਖ਼ਾਮੋਸ਼ੀ ਹੁੰਦੀ ਹੈ।

✍️ ਪਰਦੀਪ ਕੌਰ
📖 ਪੂਰੀਆਂ ਕਹਾਣੀਆਂ ਪੜ੍ਹਨ ਲਈ ਮੇਰੀ Daily Diary ’ਤੇ ਆਓ।



ਜਸਵੰਤ ਸਿੰਘ ਖਾਲੜਾ — ਇੱਕ ਨਾਮ, ਜੋ ਸਿਰਫ਼ ਇਤਿਹਾਸ ਨਹੀਂ, ਇੱਕ ਸਵਾਲ ਹੈ
ਕੁਝ ਲੋਕ ਆਪਣੀ ਜ਼ਿੰਦਗੀ ਆਪਣੇ ਲਈ ਜੀਉਂਦੇ ਹਨ।
ਕੁਝ ਲੋਕ ਆਪਣੇ ਪਰਿਵਾਰ ਲਈ।
ਪਰ ਕੁਝ ਇਨਸਾਨ ਅਜਿਹੇ ਵੀ ਹੁੰਦੇ ਹਨ, ਜੋ ਸੱਚ ਲਈ ਖੜ੍ਹੇ ਹੋ ਜਾਂਦੇ ਹਨ, ਭਾਵੇਂ ਉਸਦੀ ਕੀਮਤ ਆਪਣੀ ਜਾਨ ਨਾਲ ਹੀ ਕਿਉਂ ਨਾ ਚੁਕਾਉਣੀ ਪਵੇ।
ਜਸਵੰਤ ਸਿੰਘ ਖਾਲੜਾ ਉਹਨਾਂ ਵਿੱਚੋਂ ਇੱਕ ਸਨ।
1990 ਦੇ ਦਹਾਕੇ ਵਿੱਚ, ਜਦੋਂ ਪੰਜਾਬ ਦਰਦ ਅਤੇ ਡਰ ਦੇ ਦੌਰ ਵਿੱਚੋਂ ਲੰਘ ਰਿਹਾ ਸੀ, ਉਹਨਾਂ ਨੇ ਉਹਨਾਂ ਲੋਕਾਂ ਬਾਰੇ ਜਾਣਕਾਰੀ ਇਕੱਠੀ ਕਰਨੀ ਸ਼ੁਰੂ ਕੀਤੀ ਜਿਨ੍ਹਾਂ ਦੇ ਪਰਿਵਾਰ ਆਪਣੇ ਪਿਆਰਿਆਂ ਨੂੰ ਲੱਭਦੇ ਰਹੇ, ਪਰ ਜਵਾਬ ਨਹੀਂ ਮਿਲੇ।
1995 ਵਿੱਚ ਉਹ ਖੁਦ ਲਾਪਤਾ ਹੋ ਗਏ।
ਉਹਨਾਂ ਦੀ ਪਤਨੀ ਪਰਮਜੀਤ ਕੌਰ ਖਾਲੜਾ ਨੇ ਸਾਲਾਂ ਤੱਕ ਇਨਸਾਫ਼ ਲਈ ਲੜਾਈ ਲੜੀ। ਲੰਬੇ ਸਮੇਂ ਬਾਅਦ ਇਸ ਮਾਮਲੇ ਵਿੱਚ ਅਦਾਲਤਾਂ ਨੇ ਕੁਝ ਪੁਲਿਸ ਅਧਿਕਾਰੀਆਂ ਨੂੰ ਦੋਸ਼ੀ ਠਹਿਰਾਇਆ।
ਅੱਜ ਉਹਨਾਂ ’ਤੇ ਫ਼ਿਲਮ ਬਣਦੀ ਹੈ।
ਲੋਕ ਉਹਨਾਂ ਨੂੰ ਯਾਦ ਕਰਦੇ ਹਨ।
ਸਮਾਗਮ ਹੁੰਦੇ ਹਨ।
ਪਰ ਮੇਰੇ ਮਨ ਵਿੱਚ ਇੱਕ ਸਵਾਲ ਹੈ…
ਕੀ ਕਿਸੇ ਥਾਂ ਦਾ ਨਾਮ ਬਦਲ ਦੇਣਾ ਹੀ ਸਭ ਤੋਂ ਵੱਡੀ ਸ਼ਰਧਾਂਜਲੀ ਹੈ?
ਜਾਂ ਅਸਲ ਸ਼ਰਧਾਂਜਲੀ ਇਹ ਹੈ ਕਿ ਅਸੀਂ ਉਹਨਾਂ ਦੀ ਹਿੰਮਤ, ਸੱਚ ਅਤੇ ਇਨਸਾਫ਼ ਲਈ ਕੀਤੀ ਲੜਾਈ ਨੂੰ ਕਦੇ ਨਾ ਭੁੱਲੀਏ?
ਇਤਿਹਾਸ ਸਾਨੂੰ ਸਿਰਫ਼ ਦੁੱਖ ਯਾਦ ਕਰਨ ਲਈ ਨਹੀਂ ਮਿਲਦਾ।
ਇਤਿਹਾਸ ਸਾਨੂੰ ਇਹ ਯਾਦ ਕਰਾਉਣ ਲਈ ਮਿਲਦਾ ਹੈ ਕਿ ਅਜਿਹੇ ਦੌਰ ਮੁੜ ਕਦੇ ਨਾ ਆਉਣ।
ਕਿਸੇ ਵੀ ਮਾਂ ਦੀ ਗੋਦ ਸੁੰਨੀ ਨਾ ਹੋਵੇ।
ਕਿਸੇ ਵੀ ਪਤਨੀ ਨੂੰ ਸਾਲਾਂ ਤੱਕ ਆਪਣੇ ਪਤੀ ਲਈ ਇਨਸਾਫ਼ ਨਾ ਮੰਗਣਾ ਪਵੇ।
ਕਿਸੇ ਵੀ ਬੱਚੇ ਨੂੰ ਆਪਣੇ ਪਿਤਾ ਦੀ ਉਡੀਕ ਕਰਦੇ-ਕਰਦੇ ਵੱਡਾ ਨਾ ਹੋਣਾ ਪਵੇ।
ਇਹ ਲਿਖਤ ਕਿਸੇ ਨਾਲ ਨਫ਼ਰਤ ਲਈ ਨਹੀਂ।
ਇਹ ਸਿਰਫ਼ ਇੱਕ ਯਾਦ ਹੈ…
ਕਿ ਸੱਚ ਲਈ ਖੜ੍ਹੇ ਹੋਣ ਵਾਲੇ ਲੋਕ ਚਲੇ ਵੀ ਜਾਣ, ਤਾਂ ਉਹਨਾਂ ਦੇ ਸਵਾਲ ਇਤਿਹਾਸ ਵਿੱਚ ਜਿਉਂਦੇ ਰਹਿੰਦੇ ਹਨ।
– ਬੱਬੂ



ਡੇਲੀ – “ਕੁਝ ਸਬਕ ਦੇਰ ਨਾਲ ਮਿਲਦੇ ਨੇ”
ਅੱਜ ਸੋਚ ਰਹੀ ਸੀ…
ਕੁਝ ਸਬਕ ਸਕੂਲ ਨਹੀਂ ਸਿਖਾਉਂਦਾ।
ਉਹ ਜ਼ਿੰਦਗੀ ਸਿਖਾਉਂਦੀ ਹੈ।
ਅਤੇ ਕਈ ਵਾਰ…
ਬਹੁਤ ਦੇਰ ਨਾਲ ਸਿਖਾਉਂਦੀ ਹੈ।
ਕਿੰਨੇ ਪੈਸੇ ਮੈਂ ਬਿਨਾਂ ਸੋਚੇ ਖਰਚ ਕਰ ਦਿੱਤੇ।
ਕਿੰਨੇ ਫ਼ੈਸਲੇ ਮੈਂ ਸਿਰਫ਼ ਇਸ ਲਈ ਲੈ ਲਏ…
ਕਿਉਂਕਿ ਕਿਸੇ ਨੇ ਕਿਹਾ,
ਹੁਣੇ ਕਰ।
ਅੱਜ ਪਹਿਲੀ ਵਾਰ ਮੈਂ ਆਪਣੇ ਆਪ ਨੂੰ ਕਿਹਾ…
ਨਹੀਂਪਹਿਲਾਂ ਸੋਚਾਂਗੀ।
ਅਜੀਬ ਲੱਗਿਆ।
ਪਰ ਚੰਗਾ ਲੱਗਿਆ।
ਅਸੀਂ ਸਾਰੀ ਉਮਰ ਮੰਜ਼ਿਲ ਲੱਭਦੇ ਰਹਿੰਦੇ ਹਾਂ।
ਫਿਰ ਇੱਕ ਦਿਨ ਸਮਝ ਆਉਂਦੀ ਹੈ…
ਸ਼ਾਇਦ ਅਸੀਂ ਸਭ ਯਾਤਰੀ ਹਾਂ।
ਮੰਜ਼ਿਲ ਨਾਲੋਂ ਵੱਧ ਜ਼ਰੂਰੀ ਇਹ ਹੈ…
ਕਿ ਰਸਤੇ ਵਿੱਚ ਆਪਣੇ ਆਪ ਨੂੰ ਨਾ ਗੁਆਈਏ।
ਅੱਜ ਮੈਂ ਕੋਈ ਵੱਡੀ ਚੀਜ਼ ਨਹੀਂ ਖਰੀਦੀ।
ਪਰ ਇੱਕ ਛੋਟੀ ਜਿਹੀ ਆਦਤ ਖਰੀਦੀ ਹੈ…
ਜਲਦੀ ਨਾ ਕਰਨ ਦੀ।
ਸ਼ਾਇਦ…
ਇਹੀ ਮੇਰੀ ਸਭ ਤੋਂ ਕੀਮਤੀ ਬਚਤ ਹੈ।

ਅੱਜ ਦਾ ਵਿਚਾਰ: ਜੀਵਨ ਦੀ ਸਾਂਝ ਅਤੇ ਮੁਕਤੀ (ਰੋਜ਼ਾਨਾ ਡਾਇਰੀ) 07/11/2026

ਜੀਵਨ ਦਾ ਸਭ ਤੋਂ ਵੱਡਾ ਸੱਚ ਮੌਤ ਹੈ, ਪਰ ਇਸ ਤੋਂ ਵੀ ਵੱਡਾ ਸੱਚ ਹੈ ਬੁਢਾਪਾ। ਜਦੋਂ ਇਨਸਾਨ ਜਵਾਨ ਹੁੰਦਾ ਹੈ, ਤਾਂ ਉਹ ਮੌਤ ਤੋਂ ਡਰਦਾ ਹੈ ਅਤੇ ਲੰਮੀ ਉਮਰ ਮੰਗਦਾ ਹੈ। ਪਰ ਜਦੋਂ ਉਮਰ ਬਹੁਤ ਵੱਡੀ ਹੋ ਜਾਂਦੀ ਹੈ, ਤਾਂ ਕੁਦਰਤ ਦਾ ਰੰਗ ਬਦਲਣ ਲੱਗ ਪੈਂਦਾ ਹੈ। ਸਰੀਰ ਹੌਲੀ-ਹੌਲੀ ਸਾਥ ਛੱਡ ਦਿੰਦਾ ਹੈ—ਲੱਤਾਂ ਕਮਜ਼ੋਰ ਹੋ ਜਾਂਦੀਆਂ ਹਨ, ਅੱਖਾਂ ਦੀ ਜੋਤ ਧੁੰਦਲੀ ਪੈ ਜਾਂਦੀ ਹੈ ਅਤੇ ਇਨਸਾਨ ਦੂਜਿਆਂ ‘ਤੇ ਨਿਰਭਰ ਹੋ ਜਾਂਦਾ ਹੈ।

ਉਸ ਵਕਤ, ਇਨਸਾਨ ਖ਼ੁਦ ਆਪਣੇ ਮੁਖੋਂ ਕਹਿਣਾ ਸ਼ੁਰੂ ਕਰ ਦਿੰਦਾ ਹੈ, “ਹੇ ਸੱਚੇ ਪਾਤਸ਼ਾਹ, ਹੁਣ ਮੇਰਾ ਸਰੀਰ ਰੋਗੀ ਹੋ ਗਿਆ ਹੈ, ਮੈਂ ਚੱਲ-ਫਿਰ ਨਹੀਂ ਸਕਦਾ। ਹੁਣ ਮੇਰੇ ਕੋਲੋਂ ਹੋਰ ਭਾਰ ਨਹੀਂ ਚੁੱਕਿਆ ਜਾਂਦਾ, ਪਲੀਜ਼ ਹੁਣ ਮੈਨੂੰ ਇਸ ਧਰਤੀ ਤੋਂ ਆਪਣੇ ਕੋਲ ਲੈ ਜਾ।” ਇਹ ਅਵਸਥਾ ਸਾਨੂੰ ਸਿਖਾਉਂਦੀ ਹੈ ਕਿ ਇਸ ਸੰਸਾਰ ਵਿੱਚ ਕੋਈ ਵੀ ਚੀਜ਼ ਸਦੀਵੀ ਨਹੀਂ ਹੈ। ਜਦੋਂ ਸਰੀਰ ਦੀ ਯਾਤਰਾ ਪੂਰੀ ਹੋ ਜਾਂਦੀ ਹੈ, ਤਾਂ ਆਤਮਾ ਖ਼ੁਦ ਹੀ ਮੁਕਤੀ ਅਤੇ ਸੁਕੂਨ ਦੀ ਤਲਾਸ਼ ਵਿੱਚ ਪ੍ਰਮਾਤਮਾ ਦਾ ਲੜ ਫੜ ਲੈਂਦੀ ਹੈ। ਇਹੀ ਜੀਵਨ ਦਾ ਅਸਲੀ ਨਿਯਮ ਅਤੇ ਅੰਤਿਮ ਸੱਚ ਹੈ।


🌧️ ਅੱਜ ਦਾ ਡੇਲੀ ਵਿਚਾਰ

07/09/2026

ਓ ਮਾਈ ਗਾਡ… ਕੀ ਜ਼ਿੰਦਗੀ ਹੋ ਗਈ ਹੈ!

ਕੱਲ੍ਹ ਮੈਂ DoubleTree ਵਿੱਚ ਸੀ।

ਅੱਜ ਮੈਂ Fairfield ਵਿੱਚ ਹਾਂ।

ਇੱਕ ਹੋਟਲ ਤੋਂ ਦੂਜੇ ਹੋਟਲ…

ਇੱਕ ਸੂਟਕੇਸ ਵਿੱਚ ਪੂਰੀ ਜ਼ਿੰਦਗੀ ਸਮੇਟ ਕੇ ਤੁਰਦੀ ਫਿਰਦੀ ਹਾਂ।

ਕਦੇ ਸੋਚਿਆ ਵੀ ਨਹੀਂ ਸੀ ਕਿ ਆਪਣਾ ਘਰ ਹੋਣ ਦੇ ਬਾਵਜੂਦ, ਘਰ ਵਿੱਚ ਨਹੀਂ ਰਹਿ ਸਕਾਂਗੀ।

ਇੰਸ਼ੋਰੈਂਸ ਦਾ ਜਵਾਬ ਅਜੇ ਵੀ ਨਹੀਂ ਆਇਆ।

ਹਰ ਦਿਨ ਇੱਕ ਨਵਾਂ ਇੰਤਜ਼ਾਰ।

ਹਰ ਸਵੇਰ ਇੱਕ ਨਵੀਂ ਉਮੀਦ।

ਮੇਰਾ ਪਤੀ ਬਾਰ੍ਹਾਂ-ਬਾਰ੍ਹਾਂ ਘੰਟਿਆਂ ਦੀ ਸ਼ਿਫ਼ਟ ਕਰਕੇ ਵਾਪਸ ਆਉਂਦਾ ਹੈ, ਅਤੇ ਮੈਂ ਇੱਕ ਹੋਟਲ ਤੋਂ ਦੂਜੇ ਹੋਟਲ ਦਾ ਹਿਸਾਬ ਰੱਖਦੀ ਹਾਂ।

ਕਈ ਵਾਰ ਲੱਗਦਾ ਹੈ…

ਕੀ ਇਹ ਸੱਚਮੁੱਚ ਮੇਰੀ ਹੀ ਜ਼ਿੰਦਗੀ ਹੈ?

ਫਿਰ ਆਪਣੇ ਆਪ ਨੂੰ ਕਹਿੰਦੀ ਹਾਂ…

ਇਹ ਦਿਨ ਵੀ ਲੰਘ ਜਾਣਗੇ।

ਅੱਜ ਨਹੀਂ ਤਾਂ ਕੱਲ੍ਹ।

ਇੱਕ ਦਿਨ ਮੈਂ ਫਿਰ ਆਪਣੇ ਘਰ ਦੀ ਚਾਬੀ ਹੱਥ ਵਿੱਚ ਫੜ ਕੇ ਸਕੂਨ ਨਾਲ ਸਾਹ ਲਵਾਂਗੀ।

ਉਸ ਦਿਨ ਸ਼ਾਇਦ ਇਹ ਸਾਰੇ ਦੁੱਖ ਸਿਰਫ਼ ਇੱਕ ਕਹਾਣੀ ਬਣ ਕੇ ਰਹਿ ਜਾਣ।

ਪਰਦੀਪ ਕੋਰ


ਡੇਲੀ ਡਾਇਰੀ

July 5. 2026

ਅੱਜ ਫਿਰ ਹੋਟਲ ਦੇ ਕਮਰੇ ਦੀ ਖਿੜਕੀ ਕੋਲ ਖੜ੍ਹੀ ਸੋਚ ਰਹੀ ਸੀ…
ਮੇਰਾ ਘਰ ਸਿਰਫ਼ ਪੰਜ ਮੀਲ ਦੂਰ ਹੈ। ਚਾਬੀਆਂ ਵੀ ਮੇਰੇ ਕੋਲ ਹਨ। ਜੇ ਚਾਹਾਂ ਤਾਂ ਦਰਵਾਜ਼ਾ ਖੋਲ੍ਹ ਸਕਦੀ ਹਾਂ। ਪਰ ਅੰਦਰ ਕੀ ਹੈ? ਉੱਖੜੀਆਂ ਕੰਧਾਂ, ਇੱਧਰ-ਉੱਧਰ ਪਿਆ ਸਮਾਨ ਅਤੇ ਦਿਨ-ਰਾਤ ਚੱਲਦੇ ਪੱਖੇ, ਜੋ ਘਰ ਨੂੰ ਸੁਕਾ ਰਹੇ ਹਨ।
ਕਈ ਵਾਰ ਸੋਚਦੀ ਹਾਂ, ਕੀ ਉਸਨੂੰ ਅਜੇ ਵੀ ਘਰ ਕਹਾਂ?
ਅਜੀਬ ਜਿਹੀ ਗੱਲ ਹੈ। ਉਸ ਰੈਂਟ ਵਾਲੇ ਘਰ ਦਾ ਕਿਰਾਇਆ ਵੀ ਮੈਂ ਦੇ ਰਹੀ ਹਾਂ, ਜਿਸ ਵਿੱਚ ਰਹਿ ਨਹੀਂ ਸਕਦੀ। ਇਸ ਹੋਟਲ ਦਾ ਬਿੱਲ ਵੀ ਮੈਂ ਹੀ ਭਰ ਰਹੀ ਹਾਂ, ਜਿਸਨੂੰ ਮੈਂ ਆਪਣਾ ਘਰ ਨਹੀਂ ਕਹਿ ਸਕਦੀ।
ਜ਼ਿੰਦਗੀ ਕਈ ਵਾਰ ਇਨਸਾਨ ਨੂੰ ਅਜਿਹੇ ਮੋੜ ’ਤੇ ਲਿਆ ਖੜ੍ਹਾ ਕਰਦੀ ਹੈ ਜਿੱਥੇ ਉਹ ਦੋ ਥਾਵਾਂ ਦੇ ਖਰਚੇ ਭਰਦਾ ਹੈ, ਪਰ ਆਪਣਾ ਘਰ ਕਿਸੇ ਵੀ ਥਾਂ ਨਹੀਂ ਹੁੰਦਾ।
ਮੈਂ ਥੱਕ ਗਈ ਹਾਂ।
ਸਿਰਫ਼ ਸਰੀਰ ਨਹੀਂ… ਮਨ ਵੀ।
ਮੈਨੂੰ ਸਿਰਫ਼ ਇੱਕ ਗੱਲ ਦਾ ਇੰਤਜ਼ਾਰ ਹੈ—ਉਸ ਦਿਨ ਦਾ, ਜਦੋਂ ਉਹ ਪੱਖੇ ਬੰਦ ਹੋਣਗੇ, ਸਮਾਨ ਆਪਣੀ ਜਗ੍ਹਾ ਵਾਪਸ ਆਵੇਗਾ, ਅਤੇ ਮੈਂ ਫਿਰ ਇੱਕ ਵਾਰ ਆਪਣੇ ਘਰ ਵਿੱਚ ਆਰਾਮ ਨਾਲ ਸਾਹ ਲੈ ਸਕਾਂਗੀ।

I am so tired


4 ਜੁਲਾਈ 2026 — ਡਾਇਰੀ ਦਾ ਇੱਕ ਸੁਨਹਿਰੀ ਪੰਨਾ

ਅੱਜ ਦਾ ਦਿਨ ਮੇਰੀ ਜ਼ਿੰਦਗੀ ਦੇ ਸਭ ਤੋਂ ਯਾਦਗਾਰ ਦਿਨਾਂ ਵਿੱਚੋਂ ਇੱਕ ਬਣ ਗਿਆ ਹੈ। ਅਮਰੀਕਾ ਦੇ ਇਸ ਇਤਿਹਾਸਕ 250ਵੇਂ ਸੁਤੰਤਰਤਾ ਦਿਵਸ (America 250) ਦੇ ਜਸ਼ਨਾਂ ਦੀ ਰੌਣਕ ਹਰ ਪਾਸੇ ਦੇਖਣ ਨੂੰ ਮਿਲ ਰਹੀ ਹੈ! ਮੈਂ ਹਡਸਨ ਨਦੀ ਦੇ ਕੰਢੇ ਬੈਠ ਕੇ ਇਸ ਖੂਬਸੂਰਤ ਅਤੇ ਜਾਦੂਈ ਨਜ਼ਾਰੇ ਨੂੰ ਆਪਣੀਆਂ ਅੱਖਾਂ ਨਾਲ ਮਾਣਿਆ।

ਸਾਹਮਣੇ ਵਗਦੀ ਸ਼ਾਂਤ ਨਦੀ ਦੇ ਪਾਣੀ ਵਿੱਚ ਦੁਨੀਆ ਭਰ ਦੇ ਇਤਿਹਾਸਕ ਜਹਾਜ਼ (Tall Ships) ਇੱਕ-ਇੱਕ ਕਰਕੇ ਪਰੇਡ ਕਰ ਰਹੇ ਸਨ। ਇਨ੍ਹਾਂ ਵਿੱਚੋਂ ਚਿਲੀ ਦੀ ਜਲ ਸੈਨਾ ਦਾ ਉਹ ਚਿੱਟਾ ਜਹਾਜ਼ ‘ਐਸਮੇਰਾਲਡਾ’ (Esmeralda) ਜਦੋਂ ਮੇਰੇ ਬਿਲਕੁਲ ਸਾਹਮਣੇ ਤੋਂ ਲੰਘਿਆ, ਤਾਂ ਮੇਰਾ ਦਿਲ ਖੁਸ਼ੀ ਨਾਲ ਭਰ ਗਿਆ। ਉਸ ਜਹਾਜ਼ ਦੇ ਉੱਚੇ ਮਸਤੂਲ ਅਤੇ ਪਿੱਛੇ ਲਹਿਰਾਉਂਦਾ ਚਿਲੀ ਦਾ ਵੱਡਾ ਝੰਡਾ ਨਦੀ ਦੀਆਂ ਲਹਿਰਾਂ ਉੱਤੇ ਇੱਕ ਸ਼ਾਨਦਾਰ ਕਹਾਣੀ ਵਾਂਗ ਜਾਪ ਰਹੇ ਸਨ।

ਮੈਂ ਰੈਸਟੋਰੈਂਟ ਦੀ ਖਿੜਕੀ ਦੇ ਕੋਲ ਬੈਠੀ ਸੀ, ਬਾਹਰ ਰੰਗ-ਬਿਰੰਗੇ ਛੱਤਰੇ ਲੱਗੇ ਹੋਏ ਸਨ ਅਤੇ ਮੇਰੇ ਹੱਥ ਵਿੱਚ ਮੇਰਾ ਫ਼ੋਨ ਸੀ, ਜਿਸ ਵਿੱਚ ਮੈਂ ਇਸ ਖੂਬਸੂਰਤ ਪਲ ਨੂੰ ਕੈਦ ਕਰ ਰਹੀ ਸੀ। ਮੇਰੇ ਹਮਸਫ਼ਰ (ਮੇਰੇ ਪਤੀ) ਦਾ ਸਾਥ ਮੇਰੇ ਸੰਗ ਸੀ। ਜਦੋਂ ਜ਼ਿੰਦਗੀ ਦੀ ਰਫ਼ਤਾਰ ਹੌਲੀ ਹੁੰਦੀ ਹੈ, ਤਾਂ ਅਜਿਹੇ ਇਤਿਹਾਸਕ ਪਲ ਹੋਰ ਵੀ ਕੀਮਤੀ ਅਤੇ ਡੂੰਘੇ ਮਹਿਸੂਸ ਹੁੰਦੇ ਹਨ।

ਅੱਜ ਜਦੋਂ ਮੈਂ ਆਪਣੀ ਰਿਹਾਇਸ਼ ਲਈ ਅਪਾਰਟਮੈਂਟ ਅਤੇ ਕਮਰਿਆਂ ਬਾਰੇ ਸੋਚ ਰਹੀ ਹਾਂ, ਤਾਂ ਮੇਰੇ ਮਨ ਵਿੱਚ ਕੋਈ ਚਿੰਤਾ ਨਹੀਂ ਹੈ। ਮੈਂ ਜਾਣਦੀ ਹਾਂ ਕਿ ਜਿਵੇਂ ਇਹ ਜਹਾਜ਼ ਸਮੁੰਦਰਾਂ ਨੂੰ ਪਾਰ ਕਰਕੇ ਇਸ ਕਿਨਾਰੇ ਪਹੁੰਚੇ ਹਨ, ਉਵੇਂ ਹੀ ਮੇਰੀ ਜ਼ਿੰਦਗੀ ਦਾ ਇਹ ਸਫ਼ਰ ਵੀ ਬਹੁਤ ਖੂਬਸੂਰਤ ਅਤੇ ਸ਼ਾਂਤੀ ਨਾਲ ਅੱਗੇ ਵਧੇਗਾ। ਬੀਤੇ ਹੋਏ ਇਸ ਸ਼ਾਨਦਾਰ ਦਿਨ ਲਈ ਦਿਲ ਵਿੱਚ ਸਿਰਫ਼ ਸ਼ੁਕਰਾਨਾ ਹੈ।



ਜ਼ਿੰਦਗੀ ਦੀ ਹੌਲੀ ਚਾਲ

ਨਦੀ ਦਾ ਕਿਨਾਰਾ ਹੈ, ਸ਼ਾਮ ਦਾ ਪਰਛਾਵਾਂ ਹੈ,
ਦੂਰ ਦਿਸਦਾ ਸ਼ਹਿਰ, ਜਿਵੇਂ ਕੋਈ ਬੇਗਾਨਾ ਹੈ।
ਹੁਣ ਕਿਤੇ ਪਹੁੰਚਣ ਦੀ ਕੋਈ ਕਾਹਲੀ ਨਹੀਂ ਰਹੀ,
ਜ਼ਿੰਦਗੀ ਦੀ ਚਾਲ ਹੁਣ, ਹੌਲੀ-ਹੌਲੀ ਹੋ ਗਈ।

ਪੱਥਰਾਂ ‘ਤੇ ਬੈਠ ਕੇ, ਲਹਿਰਾਂ ਨੂੰ ਨਿਹਾਰਦੀ ਹਾਂ,
ਬੀਤੇ ਹੋਏ ਵਕਤ ਨੂੰ, ਮੁਸਕਰਾ ਕੇ ਪੁਕਾਰਦੀ ਹਾਂ।
ਕੋਈ ਸ਼ੋਰ ਨਹੀਂ ਦਿਲ ਵਿੱਚ, ਬੱਸ ਇੱਕ ਸ਼ਾਂਤੀ ਹੈ,
ਇਸ ਹੌਲੀ ਰਫ਼ਤਾਰ ਵਿੱਚ, ਇੱਕ ਵੱਖਰੀ ਹੀ ਕ੍ਰਾਂਤੀ ਹੈ।

ਤੇਰਾ ਸਾਥ ਮੇਰੇ ਸੰਗ, ਜਿਵੇਂ ਕੋਈ ਦੁਆ ਹੋਵੇ,
ਜਿਵੇਂ ਇਸ ਉਮਰ ਨੂੰ, ਨਵਾਂ ਇੱਕ ਰਾਹ ਮਿਲਿਆ ਹੋਵੇ।
ਕੋਈ ਵੱਡੀ ਖਾਹਿਸ਼ ਨਹੀਂ, ਬੱਸ ਇਹੀ ਇੱਕ ਸੁਖ ਹੈ,
ਤੇਰੇ ਹੱਥ ਵਿੱਚ ਹੱਥ ਹੋਵੇ, ਤਾਂ ਦੂਰ ਹਰ ਦੁੱਖ ਹੈ।

ਵਗਦਾ ਇਹ ਪਾਣੀ, ਇੱਕੋ ਗੱਲ ਕਹਿੰਦਾ ਹੈ,
ਸਕੂਨ ਤਾਂ ਬੱਸ ਰੁਕ ਕੇ, ਜੀਣ ਵਿੱਚ ਰਹਿੰਦਾ ਹੈ।
ਲੰਘ ਗਈ ਭੱਜ-ਦੌੜ, ਹੁਣ ਠਹਿਰਨ ਦਾ ਵੇਲਾ ਹੈ,
ਤੇਰੇ ਪਿਆਰ ਦੇ ਸਾਏ ਵਿੱਚ, ਮਨ ਬਹੁਤ ਅਕੇਲਾ ਹੈ।

ਜਦੋਂ ਅੱਗ ਲੱਗਦੀ ਹੈ…

June 30, 2026

ਕਈ ਵਾਰ ਮੈਂ ਆਪਣੇ ਆਪ ਨੂੰ ਕਹਿੰਦੀ ਹਾਂ,
“ਹੁਣ ਮੈਨੂੰ ਇਸ ਸੰਸਾਰ ਨਾਲ ਕੋਈ ਮੋਹ ਨਹੀਂ।”

ਪਰ ਉਸ ਦਿਨ, ਜਦੋਂ ਸਾਡੇ ਅਪਾਰਟਮੈਂਟ ਵਿੱਚ ਅੱਗ ਲੱਗੀ, ਮੇਰੇ ਮਨ ਦੀ ਸੱਚਾਈ ਸਾਹਮਣੇ ਆ ਗਈ।

ਪਹਿਲਾਂ ਅੱਗ ਲੱਗੀ ਸੀ, ਫਿਰ ਸਭ ਕੁਝ ਸ਼ਾਂਤ ਹੋ ਗਿਆ। ਅਗਲੇ ਦਿਨ ਜਦੋਂ ਫਾਇਰ ਅਲਾਰਮ ਫਿਰ ਵੱਜਿਆ, ਇਕ ਪਲ ਲਈ ਲੱਗਿਆ ਕਿ ਅੱਗ ਦੁਬਾਰਾ ਲੱਗ ਗਈ ਹੈ।

ਬਿਨਾਂ ਕੁਝ ਸੋਚੇ ਮੈਂ ਆਪਣਾ ਪਾਸਪੋਰਟ ਚੁੱਕਿਆ, ਆਪਣੀ ਜੁਲਰੀ ਇਕੱਠੀ ਕੀਤੀ ਅਤੇ ਭੱਜਣ ਲਈ ਤਿਆਰ ਹੋ ਗਈ।

ਉਸ ਵੇਲੇ ਮੈਂ ਵੇਖਿਆ ਕਿ ਹੋਰ ਕਈ ਲੋਕ ਆਪਣੇ-ਆਪਣੇ ਘਰਾਂ ਵਿੱਚ ਸ਼ਾਂਤ ਸਨ।

ਫਿਰ ਮੈਂ ਆਪਣੇ ਆਪ ਨੂੰ ਪੁੱਛਿਆ…

ਕੀ ਮੈਂ ਹੀ ਵੱਖਰੀ ਹਾਂ?

ਮੈਂ ਤਾਂ ਹਰ ਰੋਜ਼ ਕਹਿੰਦੀ ਹਾਂ,
“ਮੈਨੂੰ ਕੁਝ ਨਹੀਂ ਚਾਹੀਦਾ। ਸਭ ਕੁਝ ਇੱਥੇ ਹੀ ਰਹਿ ਜਾਣਾ ਹੈ।”

ਪਰ ਜਦੋਂ ਖ਼ਤਰਾ ਸਾਹਮਣੇ ਆਇਆ, ਸਭ ਤੋਂ ਪਹਿਲਾਂ ਮੇਰੇ ਹੱਥ ਪਾਸਪੋਰਟ ਵੱਲ ਹੀ ਗਏ।

ਉਸ ਦਿਨ ਸਮਝ ਆਇਆ ਕਿ…

ਮੋਹ ਛੱਡਣਾ ਕਹਿਣਾ ਬਹੁਤ ਸੌਖਾ ਹੈ,ਪਰ ਜਦੋਂ ਇਮਤਿਹਾਨ ਆਉਂਦਾ ਹੈ, ਤਦੋਂ ਮਨ ਦੀ ਅਸਲ ਸੱਚਾਈ ਸਾਹਮਣੇ ਆ ਜਾਂਦੀ ਹੈ।

ਪਰਦੀਪ ਕੌਰ ✍️

ਕਛਹਿਰਾ

ਅੱਜ ਸਵੇਰੇ ਬਾਥਰੂਮ ਵਿੱਚ ਗਈ ਤਾਂ ਕੰਧ ਉੱਤੇ ਟੰਗਿਆ ਇੱਕ ਕਛਹਿਰਾ ਵੇਖਿਆ। ਵੇਖਣ ਵਾਲੇ ਲਈ ਇਹ ਸਿਰਫ਼ ਇੱਕ ਕੱਪੜਾ ਸੀ, ਪਰ ਮੇਰੇ ਲਈ ਇਹ ਇੱਕ ਯਾਦ ਬਣ ਗਿਆ।

ਇੰਡੀਆ ਜਾਂ ਕਿਤੇ ਵੀ ਬਾਹਰ ਜਾਣਾ ਹੁੰਦਾ ਸੀ ਤਾਂ ਮੇਰੇ ਪਤੀ ਇੱਕ ਪੂਰਾ ਬੈਗ ਕੱਛਾਰਿਆਂ ਅਤੇ ਬਨੈਣਾਂ ਨਾਲ ਭਰ ਲੈਂਦੇ ਸਨ। ਮੈਂ ਹੱਸ ਕੇ ਕਹਿੰਦੀ,

“ਇੰਨੇ ਸਾਰੇ ਲਿਆਉਣ ਦੀ ਕੀ ਲੋੜ ਹੈ? ਦੋ-ਤਿੰਨ ਹੀ ਕਾਫ਼ੀ ਹਨ।”

ਹੋਟਲ ਵਿੱਚ ਅਸੀਂ ਰੋਜ਼ ਕੱਪੜੇ ਲਾਂਡਰੀ ਨੂੰ ਦੇ ਦਿੰਦੇ ਸੀ, ਪਰ ਕਛਹਿਰਾ ਮੈਂ ਕਦੇ ਲਾਂਡਰੀ ਵਿੱਚ ਨਹੀਂ ਭੇਜਿਆ। ਮੈਂ ਕਿਹਾ,

“ਇਹ ਆਪਣੇ ਹੱਥੀਂ ਧੋ ਲਿਆ ਕਰੋ। ਦੋ ਮਿੰਟ ਦਾ ਕੰਮ ਹੈ।”

ਉਹ ਹੱਸ ਪੈਂਦੇ, ਫਿਰ ਹੌਲੀ-ਹੌਲੀ ਇਹ ਆਦਤ ਬਣ ਗਈ।

ਅੱਜ ਉਹੀ ਟੰਗਿਆ ਕਛਹਿਰਾ ਵੇਖ ਕੇ ਮੇਰੇ ਮਨ ਵਿੱਚ ਖ਼ਿਆਲ ਆਇਆ ਕਿ ਵਿਆਹ ਸਿਰਫ਼ ਵੱਡੀਆਂ ਗੱਲਾਂ ਨਾਲ ਨਹੀਂ ਚੱਲਦਾ। ਕਈ ਵਾਰ ਛੋਟੀਆਂ-ਛੋਟੀਆਂ ਆਦਤਾਂ ਹੀ ਰਿਸ਼ਤੇ ਨੂੰ ਆਸਾਨ ਬਣਾ ਦਿੰਦੀਆਂ ਹਨ।

ਤੇ ਮੈਂ ਮਨ ਹੀ ਮਨ ਮੁਸਕਰਾ ਪਈ…

ਰੱਬ ਕਈ ਵਾਰ ਸਾਨੂੰ ਵੱਡੇ ਸਬਕ ਕਿਤਾਬਾਂ ਵਿੱਚ ਨਹੀਂ, ਰੋਜ਼ਾਨਾ ਦੀਆਂ ਨਿੱਕੀਆਂ-ਨਿੱਕੀਆਂ ਗੱਲਾਂ ਵਿੱਚ ਸਿਖਾ ਦਿੰਦਾ ਹੈ।

— ਪਰਦੀਪ ਕੌਰ
ਬੱਬੂ ਡਾਇਰੀ
ਪਰਦੀਪ ਕੌਰ ਬਲੌਗ


ਉਲਝਣ

30 ਜੂਨ, 2026

ਅੱਜ ਸਵੇਰੇ ਅੱਖ ਖੁੱਲ੍ਹੀ ਤਾਂ ਪਰਦੇ ਵਿੱਚੋਂ ਹੌਲੀ-ਹੌਲੀ ਰੌਸ਼ਨੀ ਕਮਰੇ ਵਿੱਚ ਆ ਰਹੀ ਸੀ। ਕੁਝ ਪਲ ਮੈਂ ਬੈੱਡ ’ਤੇ ਹੀ ਪਈ ਰਹੀ। ਮਨ ਨਹੀਂ ਸੀ ਕਰਦਾ ਅੱਖਾਂ ਪੂਰੀਆਂ ਖੋਲ੍ਹਾਂ। ਲੱਗਿਆ, ਸ਼ਾਇਦ ਮੁੜ ਨੀਂਦ ਆ ਜਾਵੇ।

ਬਾਥਰੂਮ ਗਈ। ਵਾਪਸ ਆਉਂਦੀ ਆਉਂਦੀ ਮਨ ਵਿੱਚ ਇੱਕੋ ਸ਼ਬਦ ਘੁੰਮਣ ਲੱਗਾ—ਉਲਝਣ

ਬਚਪਨ ਵਿੱਚ ਲੋਕਾਂ ਨੂੰ ਸੁਣਿਆ ਸੀ,
“ਹੇ ਭਗਵਾਨ, ਮੇਰੀ ਉਲਝਣ ਨੂੰ ਸਮਝਾ ਦੇ।”

ਅੱਜ ਪਹਿਲੀ ਵਾਰ ਇਸ ਸ਼ਬਦ ਦਾ ਅਸਲੀ ਮਤਲਬ ਸਮਝ ਆਇਆ।

ਉਲਝਣ ਉਹ ਨਹੀਂ ਹੁੰਦੀ ਜਦੋਂ ਇੱਕ ਸਮੱਸਿਆ ਹੋਵੇ। ਉਲਝਣ ਉਦੋਂ ਹੁੰਦੀ ਹੈ ਜਦੋਂ ਇੱਕ ਤੋਂ ਬਾਅਦ ਇੱਕ ਸਵਾਲ ਖੜ੍ਹੇ ਹੋ ਜਾਣ।

ਹੋਟਲ ਦਾ ਕਮਰਾ…
ਪਾਰਕਿੰਗ ਦਾ ਖਰਚਾ…
ਅਪਾਰਟਮੈਂਟ ਦੀ ਚਿੰਤਾ…
ਬਿਨਾਂ ਜਵਾਬ ਵਾਲੀਆਂ ਈਮੇਲਾਂ…
ਬਿਜਲੀ ਦਾ ਬਿੱਲ…
ਇੰਸ਼ੋਰੈਂਸ…
ਅਤੇ ਹਰ ਰੋਜ਼ ਕੋਈ ਨਵੀਂ ਗੱਲ।

ਇੰਝ ਲੱਗਦਾ ਹੈ ਜਿਵੇਂ ਸਾਰੀਆਂ ਖਿੜਕੀਆਂ ਬੰਦ ਹਨ। ਦਰਵਾਜ਼ਾ ਵੀ ਕਿਤੇ ਦੂਰ ਹੈ। ਰਸਤਾ ਦਿਸਦਾ ਹੀ ਨਹੀਂ।

ਪਰ ਫਿਰ ਮਨ ਨੇ ਇੱਕ ਹੋਰ ਗੱਲ ਆਖੀ…

ਹਰ ਬੰਦ ਖਿੜਕੀ ਹਮੇਸ਼ਾ ਲਈ ਬੰਦ ਨਹੀਂ ਰਹਿੰਦੀ।

ਕਦੇ ਨਾ ਕਦੇ ਇੱਕ ਖਿੜਕੀ ਜ਼ਰੂਰ ਖੁੱਲ੍ਹਦੀ ਹੈ। ਉਸੇ ਖਿੜਕੀ ਵਿੱਚੋਂ ਰੌਸ਼ਨੀ ਵੀ ਆਉਂਦੀ ਹੈ ਅਤੇ ਉਮੀਦ ਵੀ।

ਸ਼ਾਇਦ ਇਸੇ ਲਈ ਮੈਂ ਆਪਣੀ ਡੇਲੀ ਡਾਇਰੀ ਦਾ ਨਾਮ ਰੱਖਿਆ ਹੈ…

“ਇੱਕ ਖਿੜਕੀ ਮੇਰੀ ਵੀ।”

ਕਿਉਂਕਿ ਜਦੋਂ ਸਾਰੀਆਂ ਖਿੜਕੀਆਂ ਬੰਦ ਲੱਗਣ, ਉਦੋਂ ਵੀ ਮਨ ਵਿੱਚ ਇੱਕ ਖਿੜਕੀ ਖੁੱਲ੍ਹੀ ਰੱਖਣੀ ਚਾਹੀਦੀ ਹੈ। ਹੋ ਸਕਦਾ ਹੈ, ਰੌਸ਼ਨੀ ਉਸੇ ਰਾਹੀਂ ਅੰਦਰ ਆ ਜਾਵੇ।

✍️ ਬੱਬੂ ਡਾਇਰੀ

✍️ ਪਰਦੀਪ ਕੌਰ
ਪਰਦੀਪ ਕੌਰ ਬਲੌਗ



ਅੱਜ ਮੈਂ ਆਪਣੀ ਨੀਂਦ ਵਾਪਸ ਲਈ

ਕਈ ਦਿਨਾਂ ਤੋਂ ਨੀਂਦ ਮੇਰੇ ਕੋਲ ਆਉਂਦੀ ਤਾਂ ਸੀ, ਪਰ ਮੇਰੇ ਨਾਲ ਬੈਠਦੀ ਨਹੀਂ ਸੀ। ਅੱਖਾਂ ਬੰਦ ਹੋ ਜਾਂਦੀਆਂ ਸਨ, ਪਰ ਦਿਮਾਗ ਜਾਗਦਾ ਰਹਿੰਦਾ ਸੀ। ਕਦੇ ਅਪਾਰਟਮੈਂਟ ਦੀਆਂ ਘਟਨਾਵਾਂ, ਕਦੇ ਅੱਗ, ਕਦੇ ਪਾਣੀ, ਕਦੇ ਫੋਨ, ਕਦੇ ਇੰਸ਼ੋਰੈਂਸ… ਇੱਕ ਨਾ ਇੱਕ ਸੋਚ ਹਰ ਵੇਲੇ ਮੇਰੇ ਨਾਲ ਚੱਲਦੀ ਰਹਿੰਦੀ ਸੀ।

ਪਰ ਅੱਜ ਕੁਝ ਵੱਖਰਾ ਹੋਇਆ।

ਸਵੇਰੇ ਮੈਂ ਇੰਨੀ ਡੂੰਘੀ ਨੀਂਦ ਸੌਂਈ ਕਿ ਜਦੋਂ ਅੱਖ ਖੁੱਲੀ, ਘੜੀ ਵੇਖ ਕੇ ਆਪ ਹੀ ਮੁਸਕਰਾ ਪਈ। ਲੱਗਿਆ ਜਿਵੇਂ ਕਈ ਦਿਨਾਂ ਤੋਂ ਖੋਈ ਹੋਈ ਨੀਂਦ ਅੱਜ ਮੈਨੂੰ ਲੱਭਦੀ ਹੋਈ ਵਾਪਸ ਆ ਗਈ ਹੋਵੇ।

ਸਰੀਰ ਅਜੇ ਵੀ ਉਹੀ ਸੀ, ਘਰ ਦੀਆਂ ਸਮੱਸਿਆਵਾਂ ਵੀ ਉਹੀ ਸਨ, ਪਰ ਮੇਰੇ ਅੰਦਰ ਦਾ ਸ਼ੋਰ ਕੁਝ ਹੌਲਾ ਹੋ ਗਿਆ ਸੀ।

ਮੈਂ ਹੌਲੀ ਜਿਹੀ ਉੱਠੀ। ਇੱਕ ਕੱਪ ਕੌਫੀ ਨਾਲ ਬੇਗਲ ਖਾਧਾ। ਸ਼ੀਸ਼ੇ ਅੱਗੇ ਖੜ੍ਹ ਕੇ ਆਪਣੇ ਆਪ ਨੂੰ ਵੇਖਿਆ। ਚਿਹਰੇ ’ਤੇ ਕੋਈ ਵੱਡੀ ਜਿੱਤ ਨਹੀਂ ਸੀ, ਪਰ ਇੱਕ ਅਜੀਬ ਜਿਹਾ ਸਕੂਨ ਜ਼ਰੂਰ ਸੀ।

ਉਸ ਵੇਲੇ ਸਮਝ ਆਇਆ…

ਕਈ ਵਾਰ ਜ਼ਿੰਦਗੀ ਸਾਨੂੰ ਕੋਈ ਵੱਡਾ ਤੋਹਫ਼ਾ ਨਹੀਂ ਦਿੰਦੀ। ਉਹ ਸਿਰਫ਼ ਇੱਕ ਚੰਗੀ ਨੀਂਦ ਦੇ ਦਿੰਦੀ ਹੈ। ਤੇ ਉਹੀ ਨੀਂਦ ਇਨਸਾਨ ਨੂੰ ਫਿਰ ਤੋਂ ਜੀਣ ਦੀ ਹਿੰਮਤ ਦੇ ਜਾਂਦੀ ਹੈ।

ਅੱਜ ਮੈਂ ਕੋਈ ਵੱਡੀ ਜੰਗ ਨਹੀਂ ਜਿੱਤੀ…

ਮੈਂ ਸਿਰਫ਼ ਆਪਣੀ ਨੀਂਦ ਵਾਪਸ ਲਈ।

— ਪਰਦੀਪ ਕੌਰ ਦੀ ਡੇਲੀ ਡਾਇਰੀ ✍️🌿


 


ਮਿਤੀ: 28 ਜੂਨ, 2026
ਸਥਾਨ: ਹਡਸਨ ਰਿਵਰ ਵਾਕਵੇਅ, ਐਜਵਾਟਰ (New Jersey)

ਮੇਰੀ ਡਾਇਰੀ,

ਕੱਲ੍ਹ ਦਾ ਦਿਨ ਮੇਰੀ ਜ਼ਿੰਦਗੀ ਦੇ ਸਭ ਤੋਂ ਡਰਾਉਣੇ ਅਤੇ ਔਖੇ ਦਿਨਾਂ ਵਿੱਚੋਂ ਇੱਕ ਸੀ। ਘਰ ਦੀ ਛੱਤ ‘ਤੇ ਅੱਗ ਲੱਗਣਾ, ਘਰ ਅੰਦਰ ਪਾਣੀ ਭਰ ਜਾਣਾ, ਅਤੇ ਫਿਰ ਉਸ ਪਾਣੀ ਨੂੰ ਸੁਕਾਉਣ ਵਾਲੇ ਪੱਖਿਆਂ ਦਾ ਉਹ ਭਿਆਨਕ, ਕੰਨ ਪਾੜਵਾਂ ਸ਼ੋਰ। ਇੱਕ ਪਲ ਲਈ ਇੰਝ ਲੱਗਿਆ ਜਿਵੇਂ ਸਭ ਕੁਝ ਰੁਕ ਗਿਆ ਹੋਵੇ, ਦਿਮਾਗ ਨੇ ਕੰਮ ਕਰਨਾ ਬੰਦ ਕਰ ਦਿੱਤਾ ਸੀ ਅਤੇ ਕੰਨ ਸੁੰਨ ਹੋ ਚੁੱਕੇ ਸਨ।

ਪਰ ਅੱਜ ਮੈਂ ਜਿੱਥੇ ਖੜ੍ਹੀ ਹਾਂ, ਉੱਥੇ ਸਿਰਫ਼ ਸਕੂਨ ਹੈ। ਮੈਂ ਇੱਕ ਬਹੁਤ ਹੀ ਸਮਝਦਾਰੀ ਵਾਲਾ ਫੈਸਲਾ ਲਿਆ—ਮੈਂ ਉਸ ਸ਼ੋਰ ਅਤੇ ਤਣਾਅ ਨੂੰ ਅਲਵਿਦਾ ਆਖਿਆ, ਆਪਣੀ ਗੱਡੀ ਚੁੱਕੀ ਅਤੇ ਸਿੱਧਾ ਹਡਸਨ ਨਦੀ ਦੇ ਇਸ ਸ਼ਾਂਤ ਕਿਨਾਰੇ (Courtyard Marriott, Edgewater) ਚਲੀ ਆਈ।

ਅੱਜ ਸਵੇਰੇ ਜਦੋਂ ਮੈਂ ਹਡਸਨ ਨਦੀ ਦੇ ਕੰਢੇ (Hudson River Walkway) ਸੈਰ ਕਰ ਰਹੀ ਸੀ, ਤਾਂ ਮੈਨੂੰ ਇਸੇ ਨਦੀ ਦੀ ਇੱਕ ਬਹੁਤ ਹੀ ਮਸ਼ਹੂਰ ਸੱਚੀ ਕਹਾਣੀ ਪਤਾ ਲੱਗੀ—“Miracle on the Hudson” (ਹਡਸਨ ਨਦੀ ਦਾ ਚਮਤਕਾਰ)। 2009 ਵਿੱਚ ਇੱਕ ਹਵਾਈ ਜਹਾਜ਼ ਦੇ ਦੋਵੇਂ ਇੰਜਣ ਫੇਲ੍ਹ ਹੋ ਗਏ ਸਨ। ਚਾਰੇ ਪਾਸੇ ਮੌਤ ਦਾ ਖਤਰਾ ਸੀ, ਪਰ ਜਹਾਜ਼ ਦੇ ਪਾਇਲਟ ਕਪਤਾਨ ਸੱਲੀ (Captain Sully) ਨੇ ਬਿਨਾਂ ਘਬਰਾਏ, ਬੇਹੱਦ ਸ਼ਾਂਤੀ ਨਾਲ ਜਹਾਜ਼ ਨੂੰ ਇਸੇ ਹਡਸਨ ਨਦੀ ਦੇ ਪਾਣੀ ਉੱਪਰ ਸੁਰੱਖਿਅਤ ਉਤਾਰ ਦਿੱਤਾ ਅਤੇ ਸਾਰੇ 155 ਲੋਕਾਂ ਦੀ ਜਾਨ ਬਚਾ ਲਈ।

ਇਸ ਕਹਾਣੀ ਨੇ ਮੇਰੇ ਦਿਲ ਨੂੰ ਛੂਹ ਲਿਆ। ਇਹ ਹਡਸਨ ਨਦੀ ਮੈਨੂੰ ਯਾਦ ਦਿਵਾਉਂਦੀ ਹੈ ਕਿ ਜ਼ਿੰਦਗੀ ਵਿੱਚ ਭਾਵੇਂ ਕਿੰਨਾ ਵੀ ਵੱਡਾ ਤੂਫ਼ਾਨ ਜਾਂ ਹਾਦਸਾ ਕਿਉਂ ਨਾ ਆ ਜਾਵੇ, ਜੇਕਰ ਅਸੀਂ ਹਿੰਮਤ ਰੱਖੀਏ ਅਤੇ ਸਹੀ ਸਮੇਂ ‘ਤੇ ਸਹੀ ਫੈਸਲਾ ਲਈਏ, ਤਾਂ ਅਸੀਂ ਹਮੇਸ਼ਾ ਇੱਕ ਸੁਰੱਖਿਅਤ ਕਿਨਾਰੇ ‘ਤੇ ਪਹੁੰਚ ਸਕਦੇ ਹਾਂ।

ਪਰਦੀਪ ਕੋਰ

#ਬੱਬੂਡਾਇਰੀ


 

ਸਵੇਰੇ 6:20 ਵਜੇ ਦੀ ਖਿੜਕੀ

ਅੱਜ ਸਵੇਰੇ ਛੇ ਵੱਜ ਕੇ ਵੀਹ ਮਿੰਟ ’ਤੇ ਜਦੋਂ ਮੈਂ ਪਰਦਾ ਚੁੱਕਿਆ, ਸਾਹਮਣੇ ਖੜ੍ਹੀਆਂ ਇਮਾਰਤਾਂ ’ਤੇ ਸੂਰਜ ਦੀ ਪਹਿਲੀ ਕਿਰਣ ਪੈ ਰਹੀ ਸੀ।

ਕੱਲ੍ਹ ਰਾਤ ਇਹੋ ਖਿੜਕੀਆਂ ਰੌਸ਼ਨ ਸਨ। ਮੈਂ ਸੋਚ ਰਹੀ ਸੀ—ਹਰ ਰੌਸ਼ਨੀ ਦੇ ਪਿੱਛੇ ਕਿਹੜੀ ਕਹਾਣੀ ਹੋਵੇਗੀ?

ਅੱਜ ਉਹੀ ਖਿੜਕੀਆਂ ਚੁੱਪ ਸਨ।

ਸ਼ਾਇਦ ਕੋਈ ਅਜੇ ਵੀ ਸੋ ਰਿਹਾ ਹੋਵੇ…
ਕੋਈ ਸਵੇਰ ਦੀ ਚਾਹ ਬਣਾ ਰਿਹਾ ਹੋਵੇ…
ਕੋਈ ਨਾਈਟ ਸ਼ਿਫ਼ਟ ਤੋਂ ਘਰ ਆਇਆ ਹੋਵੇ…
ਕੋਈ ਆਪਣੇ ਬੱਚਿਆਂ ਲਈ ਨਾਸ਼ਤਾ ਤਿਆਰ ਕਰ ਰਿਹਾ ਹੋਵੇ…
ਤੇ ਸ਼ਾਇਦ ਕੋਈ ਮੇਰੀ ਤਰ੍ਹਾਂ ਖਿੜਕੀ ਵਿੱਚ ਖੜ੍ਹਾ ਕਿਸੇ ਹੋਰ ਦੀ ਜ਼ਿੰਦਗੀ ਬਾਰੇ ਸੋਚ ਰਿਹਾ ਹੋਵੇ।

ਮੈਨੂੰ ਅਹਿਸਾਸ ਹੋਇਆ…

ਅਸੀਂ ਸਭ ਇੱਕੋ ਸ਼ਹਿਰ ਵਿੱਚ ਰਹਿੰਦੇ ਹਾਂ, ਪਰ ਹਰ ਖਿੜਕੀ ਦੇ ਅੰਦਰ ਇੱਕ ਵੱਖਰੀ ਦੁਨੀਆ ਵੱਸਦੀ ਹੈ।

ਦੂਰੋਂ ਇਮਾਰਤਾਂ ਇੱਕੋ ਜਿਹੀਆਂ ਲੱਗਦੀਆਂ ਹਨ, ਪਰ ਅੰਦਰ ਹਰ ਘਰ ਦੀ ਹੰਸੀ, ਹਰ ਘਰ ਦੀ ਚੁੱਪ, ਹਰ ਘਰ ਦੀ ਉਮੀਦ ਤੇ ਹਰ ਘਰ ਦਾ ਦਰਦ ਵੱਖਰਾ ਹੁੰਦਾ ਹੈ।

ਉਸ ਸਵੇਰ ਮੈਂ ਸਿਰਫ਼ ਇੱਕ ਇਮਾਰਤ ਨਹੀਂ ਵੇਖੀ…

ਮੈਂ ਸੈਂਕੜਿਆਂ ਅਣਲਿਖੀਆਂ ਕਹਾਣੀਆਂ ਵੇਖੀਆਂ।

ਤੇ ਮਨ ਨੇ ਹੌਲੀ ਜਿਹੀ ਆਖਿਆ—

“ਸ਼ਾਇਦ ਦੁਨੀਆ ਦੀ ਸਭ ਤੋਂ ਵੱਡੀ ਲਾਇਬ੍ਰੇਰੀ ਕਿਤਾਬਾਂ ਵਿੱਚ ਨਹੀਂ… ਖਿੜਕੀਆਂ ਦੇ ਪਿੱਛੇ ਵੱਸਦੀ ਹੈ।” 🌅📖

ਪਰਦੀਪ ਕੋਰ

#ਬੱਬੂਡਾਇਰੀ

06/28/2026


ਪ੍ਰਦੀਪ ਕੌਰ ਬੱਬੂ ਡਾਇਰੀ — 26 ਜੂਨ, 2026ਅੱਜ ਦਾ ਵਿਚਾਰ:

ਸਵੇਰ ਦੀ ਕੌਫ਼ੀ ਨਾਲ ਮੈਂ ਦਰਿਆ ਕੰਢੇ ਬੈਠੀ ਸੀ। ਇੱਕ ਔਰਤ ਪੰਛੀਆਂ ਲਈ ਕੁਝ ਟੁਕੜੇ ਰੱਖਣ ਆਈ। ਉਸਦੀ ਨੀਅਤ ਚੰਗੀ ਸੀ। ਪਰ ਇੱਕ ਅਜਨਬੀ ਨੇ ਉਸਨੂੰ ਰੁੱਖੇ ਲਹਿਜ਼ੇ ਵਿੱਚ ਟੋਕ ਦਿੱਤਾ। ਮੈਂ ਸੋਚਦੀ ਰਹੀ—ਕਈ ਵਾਰ ਸਹੀ ਗੱਲ ਵੀ ਇੱਜ਼ਤ ਨਾਲ ਕਹੀ ਜਾ ਸਕਦੀ ਹੈ
ਇੱਕ ਆਦਮੀ ਬਹੁਤ ਹੀ ਰੁੱਖੇ ਅਤੇ ਗਲਤ ਤਰੀਕੇ ਨਾਲ ਉਸ ‘ਤੇ ਗੁੱਸਾ ਕਰਨ ਲੱਗਾ। ਉਸਨੇ ਗਲਤ ਸ਼ਬਦਾਂ ਦੀ ਵਰਤੋਂ ਕੀਤੀ।ਹਾਂ, ਪੰਛੀਆਂ ਨੂੰ ਬ੍ਰੈੱਡ ਦੇਣਾ ਸ਼ਾਇਦ ਠੀਕ ਨਹੀਂ, ਕਿਉਂਕਿ ਉਹਨਾਂ ਨੂੰ ਕਾਰਬੋਹਾਈਡ੍ਰੇਟਸ ਦੀ ਲੋੜ ਨਹੀਂ, ਪਰ ਸਮਝਾਉਣ ਦਾ ਇੱਕ ਸਲੀਕਾ ਹੁੰਦਾ ਹੈ। ਨਰਮਾਈ ਨਾਲ ਵੀ ਦੱਸਿਆ ਜਾ ਸਕਦਾ ਸੀ। ਇਸ ਤਰ੍ਹਾਂ “ਸਟੂਪਿਡ” ਕਹਿਣਾ ਕਿਸੇ ਅਣਜਾਣ ਔਰਤ ਨਾਲ ਬਹੁਤ ਗਲਤ ਹੈ। ਸਾਨੂੰ ਸਭ ਨਾਲ ਹਮੇਸ਼ਾ ਸਤਿਕਾਰ ਨਾਲ ਪੇਸ਼ ਆਉਣਾ ਚਾਹੀਦਾ ਹੈ।— ਪਰਦੀਪ ਕੌਰ

#ਬੱਬੂਡਾਇਰੀ


ਸਮਾਰਟ ਲੌਕ, ਸਮਾਰਟ ਸਿਸਟਮ… ਪਰ ਮੈਂ ਦੋ ਘੰਟੇ ਆਪਣੇ ਹੀ ਘਰ ਤੋਂ ਬਾਹਰ ਸੀ

ਅੱਜ ਮੇਰੇ ਨਾਲ ਇੱਕ ਅਜਿਹੀ ਘਟਨਾ ਹੋਈ ਜਿਸ ਨੇ ਮੈਨੂੰ ਸੋਚਣ ਲਈ ਮਜਬੂਰ ਕਰ ਦਿੱਤਾ।

ਮੈਂ ਕਈ ਮਹੀਨਿਆਂ ਬਾਅਦ ਆਪਣੀ ਸਿਹਤ ਲਈ ਤੁਰਨ ਨਿਕਲੀ। ਮੇਰੇ ਘਰ ਦਾ ਦਰਵਾਜ਼ਾ ਫ਼ੋਨ ਅਤੇ ਸਮਾਰਟ ਵਾਚ ਨਾਲ ਖੁੱਲ੍ਹਦਾ ਹੈ, ਇਸ ਲਈ ਮੈਂ ਸੋਚਿਆ ਕਿ ਵੱਖਰੀ ਚਾਬੀ ਨਾਲ ਲਿਜਾਣ ਦੀ ਲੋੜ ਨਹੀਂ।

ਕੁਝ ਦਿਨ ਪਹਿਲਾਂ ਮੈਂ ਆਪਣੇ ਫ਼ੋਨ ਦਾ ਪਾਸਵਰਡ ਬਦਲਿਆ ਸੀ। ਮੈਨੂੰ ਲੱਗਿਆ ਸਭ ਕੁਝ ਪਹਿਲਾਂ ਵਾਂਗ ਹੀ ਚੱਲੇਗਾ।

ਪਰ ਜਦੋਂ ਮੈਂ ਵਾਪਸ ਆਈ…

ਦਰਵਾਜ਼ਾ ਨਹੀਂ ਖੁੱਲ੍ਹਿਆ।

ਮੈਂ ਵਾਰ-ਵਾਰ ਕੋਸ਼ਿਸ਼ ਕੀਤੀ। ਘੜੀ ਨੇ ਪਾਸਵਰਡ ਮੰਗਿਆ। ਮੈਂ ਪਾਸਵਰਡ ਪਾਇਆ, ਪਰ ਸਿਸਟਮ ਕੰਮ ਨਹੀਂ ਕਰ ਰਿਹਾ ਸੀ।

ਮੈਂ ਆਪਣੇ ਹੀ ਘਰ ਦੇ ਬਾਹਰ ਲਗਭਗ ਦੋ ਘੰਟੇ ਖੜ੍ਹੀ ਰਹੀ।

ਗਰਮੀ, ਪਸੀਨਾ, ਥਕਾਵਟ… ਅਤੇ ਇੱਕ ਹੀ ਸਵਾਲ—ਕੀ ਇੱਕ ਛੋਟੀ ਜਿਹੀ ਤਕਨੀਕੀ ਗੜਬੜ ਇਨਸਾਨ ਨੂੰ ਆਪਣੇ ਹੀ ਘਰ ਤੋਂ ਬਾਹਰ ਕਰ ਸਕਦੀ ਹੈ?

ਅਖ਼ੀਰ ਇੱਕ ਨੇਕ ਇਨਸਾਨ ਦੀ ਮਦਦ ਨਾਲ ਮੈਂ ਅੰਦਰ ਜਾ ਸਕੀ।

ਅੱਜ ਮੈਂ ਟੈਕਨਾਲੋਜੀ ਦੇ ਖ਼ਿਲਾਫ਼ ਨਹੀਂ ਲਿਖ ਰਹੀ। ਮੈਂ ਵੀ ਮੰਨਦੀ ਹਾਂ ਕਿ ਟੈਕਨਾਲੋਜੀ ਨੇ ਸਾਡੀ ਜ਼ਿੰਦਗੀ ਆਸਾਨ ਬਣਾਈ ਹੈ।

ਪਰ ਅੱਜ ਮੈਨੂੰ ਇੱਕ ਸਬਕ ਮਿਲਿਆ।

ਕਈ ਵਾਰ ਇੱਕ ਆਮ ਜਿਹੀ ਚਾਬੀ, ਸਭ ਤੋਂ ਸਮਾਰਟ ਸਿਸਟਮ ਨਾਲੋਂ ਵੀ ਜ਼ਿਆਦਾ ਭਰੋਸੇਯੋਗ ਹੁੰਦੀ ਹੈ।

ਜੇ ਤੁਸੀਂ ਵੀ ਸਮਾਰਟ ਲੌਕ ਜਾਂ ਡਿਜ਼ਿਟਲ ਸਿਸਟਮ ਵਰਤਦੇ ਹੋ, ਤਾਂ ਇੱਕ ਬੈਕਅੱਪ ਚਾਬੀ ਆਪਣੇ ਨਾਲ ਜਾਂ ਕਿਸੇ ਭਰੋਸੇਯੋਗ ਵਿਅਕਤੀ ਕੋਲ ਜ਼ਰੂਰ ਰੱਖੋ।

ਟੈਕਨਾਲੋਜੀ ਸਾਡੀ ਮਦਦ ਕਰੇ, ਇਹ ਚੰਗੀ ਗੱਲ ਹੈ।

ਪਰ ਸਾਡੀ ਪੂਰੀ ਜ਼ਿੰਦਗੀ ਸਿਰਫ਼ ਟੈਕਨਾਲੋਜੀ ’ਤੇ ਨਿਰਭਰ ਨਾ ਹੋਵੇ—ਇਹ ਉਸ ਤੋਂ ਵੀ ਜ਼ਿਆਦਾ ਜ਼ਰੂਰੀ ਹੈ।

 


 

ਪ੍ਰਦੀਪ ਕੌਰ ਬੱਬੂ ਡਾਇਰੀ — 25 ਜੂਨ, 2026

ਅੱਜ ਦਾ ਵਿਚਾਰ: ਅਸਲ ਆਜ਼ਾਦੀ ਅਤੇ ਸਾਹਾਂ ਦੀ ਪੂੰਜੀ

ਸਾਡੇ ਸਮਾਜ ਵਿੱਚ ਲੋਕ ਅਕਸਰ ਸੋਚਦੇ ਹਨ ਕਿ ਜ਼ਿੰਦਗੀ ਵਿੱਚ ਆਪਣਾ ਖਰੀਦਿਆ ਹੋਇਆ ਘਰ ਹੋਣਾ ਬਹੁਤ ਜ਼ਰੂਰੀ ਹੈ। ਜੇਕਰ ਆਪਣਾ ਘਰ ਨਾ ਹੋਵੇ, ਤਾਂ ਲੋਕ ਤੁਹਾਨੂੰ ਨੀਵਾਂ ਜਾਂ ਕਮਜ਼ੋਰ ਸਮਝਣ ਲੱਗ ਪੈਂਦੇ ਹਨ। ਪਰ ਮੈਂ ਇਸ ਸੋਚ ਤੋਂ ਬਹੁਤ ਉੱਪਰ ਉੱਠ ਚੁੱਕੀ ਹਾਂ। ਮੈਨੂੰ ਇਹਨਾਂ ਚੀਜ਼ਾਂ ਦੀ ਕੋਈ ਪਰਵਾਹ ਨਹੀਂ ਹੈ। ਮੈਂ ਅੱਜ ਇੱਕ ਬਹੁਤ ਹੀ ਸੋਹਣੇ ਅਪਾਰਟਮੈਂਟ ਵਿੱਚ, ਇੱਕ ਖੂਬਸੂਰਤ ਰੂਫ-ਟੌਪ (ਛੱਤ) ‘ਤੇ ਬਹੁਤ ਆਰਾਮ ਅਤੇ ਸਕੂਨ ਨਾਲ ਰਹਿ ਰਹੀ ਹਾਂ, ਜਿੱਥੋਂ ਮੈਂ ਰੋਜ਼ ਖੜ੍ਹੇ ਹੋ ਕੇ ਨਿਊਯਾਰਕ ਦਾ ਸ਼ਾਨਦਾਰ ਨਜ਼ਾਰਾ ਦੇਖਦੀ ਹਾਂ। ਮੈਨੂੰ ਜ਼ਿੰਦਗੀ ਵਿੱਚ ਹੋਰ ਕੀ ਚਾਹੀਦਾ ਹੈ? ਮੇਰੇ ਕੋਲ ਸਭ ਤੋਂ ਵੱਡੀ ਚੀਜ਼ ਹੈ—ਮੇਰੀ ਆਜ਼ਾਦੀ।

ਮੇਰਾ ਅੱਜ ਦਾ ਮੰਨਣਾ ਹੈ ਕਿ ਚਾਹੇ ਇਨਸਾਨ ਕਿਸੇ ਛੋਟੇ ਜਿਹੇ ਕਾਟੇਜ (ਕੁਟੀਆ) ਵਿੱਚ ਰਹਿੰਦਾ ਹੋਵੇ, ਚਾਹੇ ਉਹ ਗਰੀਬ ਹੋਵੇ, ਜਾਂ ਭਾਵੇਂ ਉਹ ਹੋਮਲੈੱਸ (ਬੇਘਰ) ਹੀ ਕਿਉਂ ਨਾ ਹੋਵੇ, ਜ਼ਿੰਦਗੀ ਨੂੰ ਹਮੇਸ਼ਾ ਇੱਕ ਚੰਗੇ ਉਤਸ਼ਾਹ ਅਤੇ ਹਿੰਮਤ ਨਾਲ ਜੀਣਾ ਚਾਹੀਦਾ ਹੈ। ਮਹਿਲ ਤਾਂ ਪੈਸੇ ਨਾਲ ਦੁਬਾਰਾ ਬਣਾਏ ਜਾ ਸਕਦੇ ਹਨ, ਪਰ ਰੱਬ ਵੱਲੋਂ ਮਿਲੇ ਹੋਏ ਇਹ ਜਿਹੜੇ ਕੀਮਤੀ ‘ਸਾਹ’ ਹਨ, ਇਹ ਦੁਬਾਰਾ ਕਿਸੇ ਦੌਲਤ ਨਾਲ ਨਹੀਂ ਮਿਲਦੇ। ਸਾਹਾਂ ਦੀ ਇਸ ਪੂੰਜੀ ਦਾ ਸ਼ੁਕਰਾਨਾ ਕਰਨਾ ਅਤੇ ਹਰ ਪਲ ਨੂੰ ਖ਼ੁਸ਼ੀ ਨਾਲ ਜੀਣਾ ਹੀ ਅਸਲ ਜ਼ਿੰਦਗੀ ਹੈ।

— ਪਰਦੀਪ ਕੌਰ

Pardeepkaur.blog

#ਬੱਬੂਡਾਇਰੀ


ਕੀ ਅੱਜ ਦੀ ਸਿਹਤ ਸੇਵਾ ਵਿੱਚ ਇਨਸਾਨੀ ਛੋਹ ਘੱਟ ਹੋ ਰਹੀ ਹੈ?

ਅੱਜ ਮੈਂ ਕਿਸੇ ਇੱਕ ਡਾਕਟਰ ਜਾਂ ਕਿਸੇ ਇੱਕ ਕਲੀਨਿਕ ਬਾਰੇ ਨਹੀਂ ਲਿਖ ਰਹੀ। ਮੈਂ ਇੱਕ ਮਰੀਜ਼ ਵਜੋਂ ਆਪਣਾ ਤਜਰਬਾ ਅਤੇ ਆਪਣੀ ਸੋਚ ਤੁਹਾਡੇ ਨਾਲ ਸਾਂਝੀ ਕਰਨਾ ਚਾਹੁੰਦੀ ਹਾਂ।

ਸਭ ਤੋਂ ਪਹਿਲਾਂ ਮੈਂ ਇੱਕ ਗੱਲ ਸਾਫ਼ ਕਰਨਾ ਚਾਹੁੰਦੀ ਹਾਂ। ਮੈਨੂੰ ਅਮਰੀਕਾ ਦਾ ਸਿਸਟਮ ਬਹੁਤ ਪਸੰਦ ਹੈ। ਇਸੇ ਕਰਕੇ ਮੈਂ ਆਪਣਾ ਦੇਸ਼ ਛੱਡ ਕੇ ਇੱਥੇ ਆਈ। ਇੱਥੇ ਕਾਨੂੰਨ ਹੈ, ਸਹੂਲਤਾਂ ਹਨ, ਤਕਨਾਲੋਜੀ ਹੈ ਅਤੇ ਇਲਾਜ ਦੇ ਬਹੁਤ ਵਧੀਆ ਸਾਧਨ ਹਨ। ਇਸ ਗੱਲ ਤੋਂ ਮੈਂ ਕਦੇ ਵੀ ਇਨਕਾਰ ਨਹੀਂ ਕਰ ਸਕਦੀ।

ਪਰ ਪਿਛਲੇ ਕੁਝ ਮਹੀਨਿਆਂ ਵਿੱਚ ਇੱਕ ਮਰੀਜ਼ ਵਜੋਂ ਮੈਂ ਇੱਕ ਗੱਲ ਬਹੁਤ ਮਹਿਸੂਸ ਕੀਤੀ। ਤਕਨਾਲੋਜੀ ਤਾਂ ਪਹਿਲਾਂ ਨਾਲੋਂ ਕਈ ਗੁਣਾ ਅੱਗੇ ਵਧ ਗਈ ਹੈ, ਪਰ ਕਈ ਵਾਰ ਇਨਸਾਨੀ ਗੱਲਬਾਤ ਅਤੇ ਫਾਲੋ-ਅਪ ਪਿੱਛੇ ਰਹਿ ਜਾਂਦੇ ਹਨ।

ਅੱਜਕੱਲ੍ਹ ਲੈਬ ਰਿਪੋਰਟਾਂ ਸਿੱਧੀਆਂ ਪੋਰਟਲ ਵਿੱਚ ਆ ਜਾਂਦੀਆਂ ਹਨ। ਬਲੱਡ ਪ੍ਰੈਸ਼ਰ ਮਾਪਣ ਲਈ ਮਸ਼ੀਨਾਂ ਹਨ। ਵਜ਼ਨ ਮਾਪਣ ਲਈ ਮਸ਼ੀਨਾਂ ਹਨ। ਘਰ ਬੈਠਿਆਂ ਡਾਟਾ ਭੇਜਿਆ ਜਾ ਸਕਦਾ ਹੈ। ਇਹ ਸਭ ਬਹੁਤ ਵਧੀਆ ਗੱਲਾਂ ਹਨ।

ਪਰ ਇੱਕ ਸਵਾਲ ਹੈ।

ਜੇ ਮਰੀਜ਼ ਆਪਣੀ ਰਿਪੋਰਟ ਆਪ ਹੀ ਪੜ੍ਹੇ…
ਜੇ ਉਸਨੂੰ ਸਮਝ ਨਾ ਆਵੇ…
ਜੇ ਉਹ ਡਰ ਜਾਵੇ…
ਜੇ ਉਸਨੂੰ ਕੋਈ ਫ਼ੋਨ ਕਰਕੇ ਇਹ ਵੀ ਨਾ ਦੱਸੇ ਕਿ “ਅਸੀਂ ਤੁਹਾਡੀ ਰਿਪੋਰਟ ਵੇਖ ਲਈ ਹੈ, ਚਿੰਤਾ ਨਾ ਕਰੋ”…

ਫਿਰ ਇੰਨੀ ਤਕਨਾਲੋਜੀ ਦਾ ਕੀ ਫ਼ਾਇਦਾ?

ਮੈਂ ਇਹ ਨਹੀਂ ਕਹਿੰਦੀ ਕਿ ਹਰ ਰਿਪੋਰਟ ਖਰਾਬ ਹੁੰਦੀ ਹੈ। ਮੈਂ ਇਹ ਵੀ ਨਹੀਂ ਕਹਿੰਦੀ ਕਿ ਹਰ ਡਾਕਟਰ ਇੱਕੋ ਜਿਹਾ ਹੁੰਦਾ ਹੈ। ਮੈਂ ਸਿਰਫ਼ ਇਹ ਕਹਿੰਦੀ ਹਾਂ ਕਿ ਇੱਕ ਮਰੀਜ਼ ਨੂੰ ਆਪਣੀ ਰਿਪੋਰਟ ਬਾਰੇ ਜਾਣਨ ਦਾ ਹੱਕ ਹੈ। ਜੇ ਕੋਈ ਨਤੀਜਾ ਨਾਰਮਲ ਹੈ, ਤਾਂ ਵੀ ਦੱਸਣਾ ਚਾਹੀਦਾ ਹੈ। ਜੇ ਕੋਈ ਨਤੀਜਾ ਨਾਰਮਲ ਨਹੀਂ ਹੈ, ਤਾਂ ਉਸ ਬਾਰੇ ਸਮਝਾਉਣਾ ਹੋਰ ਵੀ ਜ਼ਰੂਰੀ ਹੈ।

ਕਈ ਵਾਰ ਇੱਕ ਫ਼ੋਨ ਕਾਲ ਪੰਜ ਮਿੰਟ ਦੀ ਹੁੰਦੀ ਹੈ, ਪਰ ਉਹ ਮਰੀਜ਼ ਦਾ ਪੰਜ ਦਿਨਾਂ ਦਾ ਸਟਰੈੱਸ ਘਟਾ ਸਕਦੀ ਹੈ।

ਮੈਂ ਇਹ ਵੀ ਵੇਖਿਆ ਹੈ ਕਿ ਕਈ ਵਾਰ ਟੈਸਟ ਤਾਂ ਹੋ ਜਾਂਦੇ ਹਨ, ਪਰ ਫਾਲੋ-ਅਪ ਵਿੱਚ ਦੇਰ ਹੋ ਜਾਂਦੀ ਹੈ। ਕਈ ਵਾਰ ਮਰੀਜ਼ ਨੂੰ ਆਪ ਹੀ ਪੁੱਛਣਾ ਪੈਂਦਾ ਹੈ ਕਿ ਹੁਣ ਅੱਗੇ ਕੀ ਕਰਨਾ ਹੈ। ਇੱਕ ਮਰੀਜ਼ ਲਈ ਇਹ ਆਸਾਨ ਨਹੀਂ ਹੁੰਦਾ, ਖ਼ਾਸ ਕਰਕੇ ਜਦੋਂ ਉਹ ਪਹਿਲਾਂ ਹੀ ਸਿਹਤ ਦੀ ਚਿੰਤਾ ਵਿੱਚ ਹੋਵੇ।

ਸਿਹਤ ਸੇਵਾ ਸਿਰਫ਼ ਟੈਸਟ ਲਿਖਣ ਜਾਂ ਦਵਾਈ ਦੇਣ ਦਾ ਨਾਮ ਨਹੀਂ ਹੈ। ਸਿਹਤ ਸੇਵਾ ਦਾ ਮਤਲਬ ਹੈ ਮਰੀਜ਼ ਦੀ ਗੱਲ ਸੁਣਨਾ, ਉਸਦੇ ਸਵਾਲਾਂ ਦਾ ਜਵਾਬ ਦੇਣਾ, ਉਸਨੂੰ ਸਮਝਾਉਣਾ ਅਤੇ ਸਮੇਂ ਸਿਰ ਉਸਦਾ ਫਾਲੋ-ਅਪ ਕਰਨਾ।

ਮੈਂ ਅੱਜ ਵੀ ਮੰਨਦੀ ਹਾਂ ਕਿ ਅਮਰੀਕਾ ਦੀ ਸਿਹਤ ਪ੍ਰਣਾਲੀ ਦੁਨੀਆ ਦੀਆਂ ਸਭ ਤੋਂ ਵਧੀਆ ਪ੍ਰਣਾਲੀਆਂ ਵਿੱਚੋਂ ਇੱਕ ਹੈ। ਪਰ ਹਰ ਸਿਸਟਮ ਵਿੱਚ ਸੁਧਾਰ ਦੀ ਗੁੰਜਾਇਸ਼ ਹੁੰਦੀ ਹੈ।

ਮੇਰੀ ਇਹ ਲਿਖਤ ਕਿਸੇ ਦੀ ਆਲੋਚਨਾ ਕਰਨ ਲਈ ਨਹੀਂ ਹੈ। ਮੇਰੀ ਸਿਰਫ਼ ਇੱਕ ਬੇਨਤੀ ਹੈ।

ਟੈਕਨਾਲੋਜੀ ਜਿੰਨੀ ਮਰਜ਼ੀ ਅੱਗੇ ਵਧ ਜਾਵੇ, ਪਰ ਇਨਸਾਨੀਅਤ ਅਤੇ ਮਰੀਜ਼ ਨਾਲ ਗੱਲਬਾਤ ਕਦੇ ਵੀ ਪਿੱਛੇ ਨਹੀਂ ਰਹਿਣੀ ਚਾਹੀਦੀ।

ਕਈ ਵਾਰ ਦਵਾਈ ਨਾਲੋਂ ਵੀ ਵੱਧ ਅਸਰ ਇੱਕ ਸਧਾਰਨ ਜਿਹੇ ਵਾਕ ਦਾ ਹੁੰਦਾ ਹੈ—

“ਅਸੀਂ ਤੁਹਾਡੀ ਰਿਪੋਰਟ ਵੇਖ ਲਈ ਹੈ। ਚਿੰਤਾ ਨਾ ਕਰੋ। ਅਸੀਂ ਤੁਹਾਡੇ ਨਾਲ ਹਾਂ।”

ਸ਼ਾਇਦ ਇਹੀ ਉਹ ਗੱਲ ਹੈ ਜਿਸਦੀ ਹਰ ਮਰੀਜ਼ ਨੂੰ ਸਭ ਤੋਂ ਵੱਧ ਲੋੜ ਹੁੰਦੀ ਹੈ।

June 25, 2026


 

ਪਰਦੀਪ ਕੌਰ ਬੱਬੂ ਡਾਇਰੀ — 24 ਜੂਨ, 2026

ਅੱਜ ਦਾ ਵਿਚਾਰ: ਅੱਖਰਾਂ ਦੀ ਸੀਮਾ ਅਤੇ ਇਨਸਾਨੀ ਕਮਜ਼ੋਰੀਆਂ

ਮੈਂ ਪਿਛਲੇ ਕਈ ਦਿਨਾਂ ਤੋਂ ਬਹੁਤ ਜ਼ਿਆਦਾ ਬੀਮਾਰ ਚੱਲ ਰਹੀ ਹਾਂ, ਬਹੁਤ ਜਿਆਦਾ ਬੀਮਾਰ। ਕਈ ਵਾਰ ਇੱਦਾਂ ਲੱਗਦਾ ਹੈ ਕਿ ਜਿਵੇਂ ਹੁਣੇ ਸਾਹ ਨਿਕਲ ਜਾਣਾ ਹੈ। ਅਜਿਹੀ ਹਾਲਤ ਵਿੱਚ ਮੈਂ ਸੋਚਿਆ ਕਿ ਕਿਉਂ ਨਾ ਆਪਣੇ ਦਿਲ ਦੇ ਦਰਵਾਜ਼ੇ ਖੋਲ੍ਹ ਦੇਵਾਂ ਅਤੇ ਬੱਸ ਲਿਖਦੀ ਜਾਵਾਂ, ਤਾਂ ਜੋ ਮੈਂ ਖੁਦ ਨੂੰ ਪੜ੍ਹ ਸਕਾਂ। ਮੈਂ ਇਹ ਲੋਕਾਂ ਨੂੰ ਦਿਖਾਉਣ ਲਈ ਨਹੀਂ, ਬਲਕਿ ਸਿਰਫ਼ ਆਪਣੇ ਆਪ ਨੂੰ ਪੜ੍ਹਨ ਲਈ ਲਿਖਣਾ ਚਾਹੁੰਦੀ ਸੀ।

ਪਰ ਲਿਖਦਿਆਂ ਮੈਨੂੰ ਅਹਿਸਾਸ ਹੋਇਆ ਕਿ ਅੱਖਰਾਂ ਦੀ ਵੀ ਆਪਣੀ ਇੱਕ ਸੀਮਾ ਹੁੰਦੀ ਹੈ। ਤੁਸੀਂ ਚਾਹੇ ਜਿੰਨਾ ਮਰਜ਼ੀ ਚਾਹੋ ਕਿ ਸਭ ਕੁਝ ਖੁੱਲ੍ਹ ਕੇ ਲਿਖ ਦਿਓ, ਪਰ ਸਾਰੇ ਦਿਲ ਦੇ ਦਰਵਾਜ਼ੇ ਖੋਲ੍ਹ ਕੇ ਸਭ ਕੁਝ ਲਿਖਣਾ ਮੁਮਕਿਨ ਨਹੀਂ ਹੁੰਦਾ। ਇਹ ਬਿਲਕੁਲ ਝੂਠ ਹੈ ਕਿ ਹਰ ਇੱਕ ਚੀਜ਼ ਪੇਪਰ ‘ਤੇ ਹੂਬਹੂ ਉਤਾਰੀ ਜਾ ਸਕਦੀ ਹੈ।

ਮੇਰਾ ਅੱਜ ਦਾ ਵਿਚਾਰ ਇਹ ਹੈ ਕਿ ਕਮਜ਼ੋਰੀਆਂ ਹਰ ਇੱਕ ਇਨਸਾਨ ਦੇ ਅੰਦਰ ਹੁੰਦੀਆਂ ਨੇ। ਲੋਕਾਂ ਵਿੱਚ ਹੀ ਨਹੀਂ, ਆਪਣੇ ਆਪ ਵਿੱਚ ਵੀ ਕਮਜ਼ੋਰੀਆਂ ਆ ਜਾਂਦੀਆਂ ਨੇ। ਲਿਖਣ ਵਾਲੇ ਵਿੱਚ ਵੀ ਆਪਣੀਆਂ ਕਮਜ਼ੋਰੀਆਂ ਨੇ, ਜੋ ਚਾਹ ਕੇ ਵੀ ਸਭ ਕੁਝ ਕਾਗਜ਼ ‘ਤੇ ਨਹੀਂ ਉਤਾਰ ਪਾਉਂਦਾ, ਅਤੇ ਉਸ ਲਿਖੇ ਹੋਏ ਨੂੰ ਪੜ੍ਹਨ ਵਾਲੇ ਵਿੱਚ ਵੀ ਕਮਜ਼ੋਰੀਆਂ ਨੇ, ਜੋ ਸ਼ਬਦਾਂ ਦੇ ਪਿੱਛੇ ਛੁਪੇ ਅਸਲ ਅਹਿਸਾਸ ਨੂੰ ਪੂਰੀ ਤਰ੍ਹਾਂ ਨਹੀਂ ਸਮਝ ਸਕਦਾ। ਕੋਈ ਵੀ ਪੂਰਨ ਨਹੀਂ ਹੈ, ਹਰ ਚੀਜ਼ ਦੀ ਇੱਕ ਸੀਮਾ ਹੈ।

 

 


✍️ ਕਹਾਣੀ: ਰੂਹ ਦਾ ਗੈਸ ਸਟੇਸ਼ਨ

06/24/26

ਰਾਤ ਦਾ ਸੰਨਾਟਾ ਗੂੜ੍ਹਾ ਹੋ ਚੁੱਕਾ ਸੀ। ਮੈਂ ਆਫ਼ਿਸ ਦੇ ਅੰਦਰ ਕੁਰਸੀ ‘ਤੇ ਬੈਠੀ ਸੀ। ਬਾਹਰ ਚਿੱਟੇ ਕੱਪੜਿਆਂ ਵਿੱਚ ਲਿਪਟਿਆ ਉਹ ਰਹੱਸਮਈ ਆਦਮੀ ਗੱਡੀ ਕੋਲ ਖੜ੍ਹਾ ਸੀ। ਉਹ ਉੱਥੇ ਹੀ ਖੜ੍ਹਾ ਰਿਹਾ ਅਤੇ ਮੈਂ ਅੰਦਰ ਕੁਰਸੀ ‘ਤੇ ਬੈਠੀ ਉਸ ਨੂੰ ਦੇਖਦੀ ਰਹੀ।

ਉਸ ਨੇ ਬੜੇ ਸਕੂਨ ਨਾਲ ਕਿਹਾ, “ਮੈਂ ਤਾਂ ਗੈਸ ਪਾਉਂਦਾ ਹੀ ਰਹਿੰਦਾ ਹਾਂ…”

ਮੈਂ ਬੜੇ ਰੋਹ ਅਤੇ ਹੈਰਾਨੀ ਨਾਲ ਉਸ ਵੱਲ ਦੇਖਿਆ ਅਤੇ ਕਿਹਾ, “ਜੇ ਤੂੰ ਇਵੇਂ ਹੀ ਕਰਦਾ ਰਿਹਾ, ਤਾਂ ਤੂੰ ਤਾਂ ਸਾਰੀ ਉਮਰ ਫ੍ਰੀ (ਮੁਫ਼ਤ) ਵਿੱਚ ਹੀ ਗੈਸ ਪਵਾਈ ਜਾਵੇਂਗਾ! ਤੂੰ ਮੇਰੀ ਕਹਾਣੀ ਲਿਖਣ ਵਿੱਚ ਮੇਰੀ ਮਦਦ ਜ਼ਰੂਰ ਕੀਤੀ ਹੈ, ਪਰ ਇਸਦਾ ਮਤਲਬ ਇਹ ਨਹੀਂ ਕਿ ਤੂੰ ਹੁਣ ਸਾਰੀ ਉਮਰ ਮੇਰੇ ਗੈਸ ਸਟੇਸ਼ਨ ਤੋਂ ਫ੍ਰੀ ਵਿੱਚ ਗੈਸ ਪਵਾਉਂਦਾ ਰਹੇਂਗਾ…”

ਮੈਂ ਇਹ ਗੱਲ ਕਹਿ ਤਾਂ ਦਿੱਤੀ, ਪਰ ਅਗਲੇ ਹੀ ਪਲ ਮੇਰੇ ਆਪਣੇ ਹੀ ਸ਼ਬਦ ਮੇਰੇ ਕੰਨਾਂ ਵਿੱਚ ਗੂੰਜੇ। ਮੈਂ ਅੰਦਰੋਂ ਕੰਬ ਗਈ, ਕਿਉਂਕਿ ਸੱਚ ਤਾਂ ਇਹ ਸੀ ਕਿ ਮੇਰਾ ਤਾਂ ਅਸਲ ਵਿੱਚ ਕੋਈ ਗੈਸ ਸਟੇਸ਼ਨ ਹੈ ਹੀ ਨਹੀਂ ਸੀ!

ਉਸੇ ਪਲ ਮੈਨੂੰ ਸਮਝ ਆਈ ਕਿ ਉਹ ਗੈਸ ਸਟੇਸ਼ਨ ਕੋਈ ਲੋਹੇ ਜਾਂ ਕੰਕਰੀਟ ਦੀ ਦੁਕਾਨ ਨਹੀਂ ਸੀ, ਉਹ ਤਾਂ ਮੇਰਾ ਆਪਣਾ ਦਿਲ ਸੀ, ਮੇਰੀ ਰੂਹ ਸੀ। ਉਹ ਚਿੱਟੇ ਕੱਪੜਿਆਂ ਵਾਲਾ ਆਦਮੀ ਮੇਰੀ ਕਹਾਣੀ ਲਿਖਣ ਵਿੱਚ ਮੇਰੀ ਮਦਦ ਕਰਕੇ, ਬਦਲੇ ਵਿੱਚ ਮੇਰੇ ਹੀ ਜਜ਼ਬਾਤਾਂ ਦੀ ਊਰਜਾ ਆਪਣੇ ਅੰਦਰ ਭਰ ਰਿਹਾ ਸੀ। ਉਹ ਚਲਿਆ ਗਿਆ, ਪਰ ਮੇਰੀ ਰੂਹ ਦੇ ਉਸ ਖਾਲੀ ਗੈਸ ਸਟੇਸ਼ਨ ਉੱਤੇ ਆਪਣੇ ਕਦਮਾਂ ਦੇ ਨਿਸ਼ਾਨ ਹਮੇਸ਼ਾ ਲਈ ਛੱਡ ਗਿਆ।

✍️ਪਰਦੀਪ ਕੌਰ

#ਬੱਬੂਡਾਇਰੀ

……. …………………….,,,..,..,,,,,,,,,,,,,,,,,,,,,,,,,,,,

ਇੱਕ ਚੱਕਰ, ਇੱਕ ਕਹਾਣੀ

ਅੱਜ ਸ਼ਾਮ ਮੇਰਾ ਦਿਲ ਥੋੜ੍ਹਾ ਜਿਹਾ ਡੁੱਬਿਆ ਹੋਇਆ ਸੀ। ਸਾਰਾ ਦਿਨ ਘਰ ਵਿੱਚ ਬੈਠੀ ਰਹੀ, ਫੋਨ ਵੇਖਦੀ ਰਹੀ। ਫਿਰ ਮੈਂ ਸੋਚਿਆ, ਚਲੋ Jeep ਵਿੱਚ E-ZPass ਲਾ ਆਵਾਂ।

Jeep ਵਿੱਚ ਬੈਠ ਕੇ ਵੀ ਮੈਂ ਫੋਨ ’ਤੇ ਹੀ ਸੀ। Jeep ਬੰਦ, ਘਰ ਬੰਦ, ਤੇ ਮੈਂ ਵੀ ਜਿਵੇਂ ਆਪਣੇ ਹੀ ਵਿਚਾਰਾਂ ਵਿੱਚ ਬੰਦ।

ਫਿਰ ਮੈਂ ਸੋਚਿਆ, ਚਲੋ ਥੋੜ੍ਹੀ fresh air ਲੈ ਲਈ ਜਾਵੇ।

ਮੈਂ ਬਿਲਡਿੰਗ ਦੇ ਆਲੇ-ਦੁਆਲੇ ਇੱਕ ਚੱਕਰ ਲਾਉਣ ਨਿਕਲ ਪਈ। ਅਜੇ ਚੱਕਰ ਅੱਧਾ ਵੀ ਨਹੀਂ ਹੋਇਆ ਸੀ ਕਿ ਇੱਕ ਸੋਹਣੇ ਗੁਲਾਬੀ ਸੂਟ ਵਾਲੀ ਬੀਬੀ ਮਿਲ ਗਈ।

“ਤੁਸੀਂ ਕਿੱਥੋਂ ਹੋ?” ਉਹਨੇ ਪੁੱਛਿਆ।

“ਮੈਂ ਪੰਜਾਬ ਤੋਂ ਹਾਂ,” ਮੈਂ ਕਿਹਾ।

ਉਹ ਕਹਿੰਦੀ, “ਮੈਂ ਗੁਜਰਾਤ ਤੋਂ ਹਾਂ।”

ਫਿਰ ਗੱਲਾਂ ਦਾ ਸਿਲਸਿਲਾ ਸ਼ੁਰੂ ਹੋ ਗਿਆ। ਉਹਨੇ ਆਪਣੀ ਬੇਟੀ ਦਾ ਜ਼ਿਕਰ ਕੀਤਾ, ਆਪਣੇ ਡੈਂਟਿਸਟ ਭਰਾ ਦਾ ਜ਼ਿਕਰ ਕੀਤਾ, ਆਪਣੀ ਜ਼ਿੰਦਗੀ ਦੀਆਂ ਗੱਲਾਂ ਕੀਤੀਆਂ। ਮੈਂ ਸੋਚਿਆ, ਚਲੋ ਅੱਜ ਕਿਸੇ ਨਾਲ ਗੱਲ ਹੋ ਗਈ। ਕਈ ਦਿਨਾਂ ਬਾਅਦ ਕੋਈ ਆਪਣਾ ਜਿਹਾ ਇਨਸਾਨ ਮਿਲਿਆ।

ਮੈਂ ਪੁੱਛਿਆ, “ਤੁਸੀਂ ਇੱਥੇ ਕਿਰਾਏ ’ਤੇ ਰਹਿੰਦੇ ਹੋ?”

ਉਹ ਕਹਿੰਦੀ, “ਨਹੀਂ, apartment ਮੇਰਾ ਆਪਣਾ ਹੈ।”

ਗੱਲਾਂ ਕਰਦਿਆਂ ਕਰਦਿਆਂ ਮੈਨੂੰ ਲੱਗਿਆ ਕਿ ਸ਼ਾਇਦ ਇੱਕ ਨਵੀਂ ਜਾਣ-ਪਛਾਣ ਬਣ ਰਹੀ ਹੈ।

ਪਰ ਫਿਰ ਅਚਾਨਕ ਉਹ ਕਹਿੰਦੀ:

“ਪੰਜ ਡਾਲਰ ਦੇ ਦਿਓਗੇ?”

ਮੈਂ ਇਕ ਪਲ ਲਈ ਚੁੱਪ ਰਹਿ ਗਈ।

ਮੈਂ ਸੋਚਿਆ, ਅੱਜ ਮੈਂ ਘਰੋਂ fresh air ਲੈਣ ਨਿਕਲੀ ਸੀ। ਇੱਕ ਚੱਕਰ ਲਾਇਆ, ਇੱਕ ਨਵੀਂ ਜਾਣ-ਪਛਾਣ ਹੋਈ, ਤੇ ਅਖੀਰ ਵਿੱਚ ਫਿਰ ਗੱਲ ਪੈਸਿਆਂ ’ਤੇ ਆ ਕੇ ਮੁੱਕ ਗਈ।

ਘਰ ਵਾਪਸ ਆਉਂਦੀ ਮੈਂ ਹੱਸ ਵੀ ਰਹੀ ਸੀ ਤੇ ਸੋਚ ਵੀ ਰਹੀ ਸੀ।

ਲੱਗਦਾ ਹੈ ਮੇਰੀ ਜ਼ਿੰਦਗੀ ਵਿੱਚ ਕਹਾਣੀਆਂ ਮੈਨੂੰ ਲੱਭਦੀਆਂ ਫਿਰਦੀਆਂ ਹਨ। ਮੈਂ ਤਾਂ ਸਿਰਫ਼ ਇੱਕ ਚੱਕਰ ਲਾਉਣ ਨਿਕਲੀ ਸੀ… ਪਰ ਵਾਪਸ ਇੱਕ ਹੋਰ ਕਹਾਣੀ ਲੈ ਕੇ ਆ ਗਈ। ❤️

✍️ ਪਰਦੀਪ ਕੌਰ

#ਬੱਬੂਡਾਇਰੀ

………. ……………………………………………..

ਸੋਸ਼ਲ ਮੀਡੀਆ ਦੇ ਬਾਬੇ

(ਵਿਸ਼ਵਾਸ, ਵਾਇਰਲ ਅਤੇ ਵਪਾਰ ਦੀ ਕਹਾਣੀ)

ਅੱਜਕੱਲ੍ਹ ਸਵੇਰੇ ਉੱਠਦੇ ਹੀ ਲੋਕ ਸਭ ਤੋਂ ਪਹਿਲਾਂ ਮੋਬਾਈਲ ਚੁੱਕਦੇ ਹਨ। ਕੋਈ ਫੇਸਬੁੱਕ ਖੋਲ੍ਹਦਾ ਹੈ, ਕੋਈ ਇੰਸਟਾਗ੍ਰਾਮ, ਕੋਈ ਯੂਟਿਊਬ। ਚਾਹ ਦਾ ਕੱਪ ਹੱਥ ਵਿੱਚ ਹੁੰਦਾ ਹੈ ਤੇ ਉਂਗਲਾਂ ਸਕਰੀਨ ਉੱਤੇ ਦੌੜ ਰਹੀਆਂ ਹੁੰਦੀਆਂ ਹਨ।

ਇੱਕ ਸਮਾਂ ਸੀ ਜਦੋਂ ਲੋਕ ਬਾਬਿਆਂ ਨੂੰ ਲੱਭਣ ਲਈ ਪਿੰਡਾਂ, ਡੇਰਿਆਂ ਤੇ ਧਾਰਮਿਕ ਥਾਵਾਂ ’ਤੇ ਜਾਂਦੇ ਸਨ। ਹੁਣ ਬਾਬੇ ਆਪ ਲੋਕਾਂ ਦੇ ਫੋਨਾਂ ਵਿੱਚ ਆ ਬੈਠੇ ਸਨ।

ਨਾ ਚਿੱਟੇ ਚੋਲੇ, ਨਾ ਲੰਬੀਆਂ ਕਤਾਰਾਂ।

ਕੋਈ ਮਹਿੰਗੀ ਕਾਰ ਦੇ ਕੋਲ ਖੜ੍ਹਾ ਵੀਡੀਓ ਬਣਾ ਰਿਹਾ ਸੀ। ਕੋਈ ਸੂਟ ਪਾ ਕੇ ਲਾਈਵ ਆਇਆ ਹੋਇਆ ਸੀ। ਕੋਈ ਹਰ ਰੋਜ਼ ਨਵੀਂ ਰੀਲ ਪਾ ਰਿਹਾ ਸੀ।

ਹਰ ਵੀਡੀਓ ਦੀ ਸ਼ੁਰੂਆਤ ਰੱਬ ਦੇ ਨਾਮ ਨਾਲ ਹੁੰਦੀ ਅਤੇ ਅਖੀਰ ਕਿਸੇ ਨੰਬਰ ਜਾਂ ਸੰਪਰਕ ਨਾਲ।

ਪਰਮਜੀਤ ਕੌਰ ਵੀ ਹਰ ਰੋਜ਼ ਵਾਂਗ ਇੰਸਟਾਗ੍ਰਾਮ ਵੇਖ ਰਹੀ ਸੀ। ਇੱਕ ਦਿਨ ਉਸਦੇ ਸਾਹਮਣੇ ਇੱਕ ਵੀਡੀਓ ਆਈ।

ਇੱਕ ਨੌਜਵਾਨ ਬੜੀਆਂ ਮਿੱਠੀਆਂ ਗੱਲਾਂ ਕਰ ਰਿਹਾ ਸੀ।

“ਵੀਰੋ ਤੇ ਭੈਣੋ, ਸਵੇਰੇ ਅੰਮ੍ਰਿਤ ਵੇਲੇ ਉੱਠੋ। ਇਹ ਪਾਠ ਕਰੋ। ਤੁਹਾਡੀ ਹਰ ਸਮੱਸਿਆ ਦੂਰ ਹੋ ਜਾਵੇਗੀ। ਜਿਨ੍ਹਾਂ ਦੇ ਵੀਜ਼ੇ ਰੁਕੇ ਹੋਏ ਹਨ, ਉਹ ਲੱਗ ਜਾਣਗੇ। ਜਿਨ੍ਹਾਂ ਦੇ ਘਰ ਲੜਾਈ ਹੈ, ਉਹ ਖਤਮ ਹੋ ਜਾਵੇਗੀ। ਜਿਨ੍ਹਾਂ ਦੇ ਬੱਚੇ ਨਹੀਂ, ਉਹਨਾਂ ਦੇ ਘਰ ਵੀ ਖੁਸ਼ੀਆਂ ਆ ਜਾਣਗੀਆਂ।”

ਹੇਠਾਂ ਹਜ਼ਾਰਾਂ ਕਮੈਂਟ ਸਨ।

“ਮੇਰਾ ਕੰਮ ਬਣ ਗਿਆ।”

“ਮੇਰੀ ਨੌਂ ਸਾਲ ਪੁਰਾਣੀ ਸਮੱਸਿਆ ਖਤਮ ਹੋ ਗਈ।”

“ਤੁਸੀਂ ਤਾਂ ਚਮਤਕਾਰ ਕਰ ਦਿੱਤਾ।”

ਪਰਮਜੀਤ ਨੇ ਸੋਚਿਆ, “ਜੇ ਇੰਨਾ ਹੀ ਆਸਾਨ ਹੁੰਦਾ ਤਾਂ ਹਸਪਤਾਲਾਂ, ਅਦਾਲਤਾਂ ਅਤੇ ਦਫ਼ਤਰਾਂ ਦੀ ਕੀ ਲੋੜ ਸੀ?”

ਉਸਨੇ ਹੋਰ ਧਿਆਨ ਨਾਲ ਦੇਖਣਾ ਸ਼ੁਰੂ ਕੀਤਾ।

ਹਰ ਵੀਡੀਓ ਵਿੱਚ ਇੱਕੋ ਜਿਹੀ ਗੱਲ।

ਹਰ ਵੀਡੀਓ ਵਿੱਚ ਇੱਕੋ ਜਿਹੇ ਦਾਅਵੇ।

ਅਤੇ ਹਰ ਵੀਡੀਓ ਦੇ ਅੰਤ ਵਿੱਚ ਪੈਸਿਆਂ ਦੀ ਗੱਲ।

ਇੱਕ ਦਿਨ ਉਸਦੀ ਜਾਣ-ਪਛਾਣ ਦੀ ਇੱਕ ਔਰਤ ਮਿਲੀ।

ਉਹ ਬਹੁਤ ਪਰੇਸ਼ਾਨ ਸੀ।

“ਕੀ ਹੋਇਆ?” ਪਰਮਜੀਤ ਨੇ ਪੁੱਛਿਆ।

ਔਰਤ ਦੀਆਂ ਅੱਖਾਂ ਭਰ ਆਈਆਂ।

“ਮੈਂ ਉਸ ਬੰਦੇ ਦੀਆਂ ਗੱਲਾਂ ਵਿੱਚ ਆ ਗਈ ਸੀ। ਉਸਨੇ ਕਿਹਾ ਸੀ ਮੇਰੀ ਮੁਸ਼ਕਲ ਦੂਰ ਹੋ ਜਾਵੇਗੀ। ਮੈਂ ਪੈਸੇ ਭੇਜ ਦਿੱਤੇ। ਹੁਣ ਨਾ ਫੋਨ ਚੁੱਕਦਾ ਹੈ, ਨਾ ਕੋਈ ਜਵਾਬ ਦਿੰਦਾ ਹੈ।”

ਉਸ ਰਾਤ ਪਰਮਜੀਤ ਨੂੰ ਨੀਂਦ ਨਾ ਆਈ।

ਉਹ ਸੋਚਦੀ ਰਹੀ ਕਿ ਦੁਨੀਆ ਵਿੱਚ ਮਿਹਨਤ ਕਰਨ ਵਾਲੇ ਲੋਕ ਸਵੇਰ ਤੋਂ ਸ਼ਾਮ ਤੱਕ ਕੰਮ ਕਰਦੇ ਹਨ। ਕਿਸਾਨ ਖੇਤ ਵਿੱਚ ਪਸੀਨਾ ਵਹਾਉਂਦਾ ਹੈ। ਮਜ਼ਦੂਰ ਇੱਟਾਂ ਚੁੱਕਦਾ ਹੈ। ਨਰਸਾਂ ਤੇ ਡਾਕਟਰ ਰਾਤਾਂ ਜਾਗਦੇ ਹਨ। ਦੁਕਾਨਦਾਰ ਸਾਰਾ ਦਿਨ ਖੜ੍ਹਾ ਰਹਿੰਦਾ ਹੈ।

ਪਰ ਕੁਝ ਲੋਕ ਸਿਰਫ਼ ਲੋਕਾਂ ਦੇ ਦੁੱਖਾਂ, ਡਰਾਂ ਅਤੇ ਉਮੀਦਾਂ ਨੂੰ ਹੀ ਆਪਣਾ ਕਾਰੋਬਾਰ ਬਣਾ ਲੈਂਦੇ ਹਨ।

ਉਹਨਾਂ ਨੂੰ ਸਮਝ ਆ ਗਿਆ ਸੀ ਕਿ ਸਭ ਤੋਂ ਸਸਤਾ ਸਮਾਨ ਝੂਠ ਹੁੰਦਾ ਹੈ ਅਤੇ ਸਭ ਤੋਂ ਮਹਿੰਗੀ ਚੀਜ਼ ਲੋਕਾਂ ਦਾ ਵਿਸ਼ਵਾਸ।

ਇੱਕ ਦਿਨ ਪਰਮਜੀਤ ਨੇ ਫੋਨ ਬੰਦ ਕੀਤਾ ਅਤੇ ਇੱਕ ਕਾਪੀ ਕੱਢ ਲਈ।

ਉਸਨੇ ਲਿਖਿਆ:

“ਸਮੱਸਿਆਵਾਂ ਦਾ ਹੱਲ ਮਿਹਨਤ, ਗਿਆਨ ਅਤੇ ਸਹੀ ਸਲਾਹ ਨਾਲ ਹੁੰਦਾ ਹੈ।

ਰੱਬ ਦਾ ਨਾਮ ਮਨ ਦੀ ਸ਼ਾਂਤੀ ਲਈ ਹੈ।

ਪਰ ਜਦੋਂ ਕੋਈ ਹਰ ਬਿਮਾਰੀ, ਹਰ ਵੀਜ਼ੇ, ਹਰ ਲੜਾਈ ਅਤੇ ਹਰ ਮੁਸੀਬਤ ਦਾ ਠੇਕਾ ਆਪਣੇ ਸਿਰ ਲੈ ਲਵੇ, ਤਾਂ ਸਵਾਲ ਪੁੱਛਣਾ ਜ਼ਰੂਰੀ ਹੋ ਜਾਂਦਾ ਹੈ।”

ਉਸਦੀ ਇਹ ਲਿਖਤ ਸੋਸ਼ਲ ਮੀਡੀਆ ’ਤੇ ਪਹੁੰਚ ਗਈ।

ਕੁਝ ਲੋਕ ਨਾਰਾਜ਼ ਹੋਏ।

ਕੁਝ ਨੇ ਉਸਦਾ ਮਜ਼ਾਕ ਉਡਾਇਆ।

ਪਰ ਕਈ ਲੋਕਾਂ ਨੇ ਪਹਿਲੀ ਵਾਰ ਸੋਚਣਾ ਸ਼ੁਰੂ ਕੀਤਾ।

ਹੌਲੀ-ਹੌਲੀ ਲੋਕਾਂ ਨੂੰ ਸਮਝ ਆਉਣ ਲੱਗੀ ਕਿ ਵਾਇਰਲ ਹੋ ਜਾਣਾ ਸੱਚ ਹੋਣ ਦਾ ਸਬੂਤ ਨਹੀਂ ਹੁੰਦਾ।

ਲੱਖਾਂ ਫਾਲੋਅਰ ਹੋਣਾ ਵੀ ਸੱਚ ਦੀ ਗਾਰੰਟੀ ਨਹੀਂ ਹੁੰਦਾ।

ਅਤੇ ਰੱਬ ਦਾ ਨਾਮ ਲੈਣਾ ਕਿਸੇ ਨੂੰ ਸੱਚਾ ਨਹੀਂ ਬਣਾ ਦਿੰਦਾ।

ਉਸ ਦਿਨ ਪਰਮਜੀਤ ਨੇ ਆਪਣੀ ਡਾਇਰੀ ਵਿੱਚ ਆਖ਼ਰੀ ਲਾਈਨ ਲਿਖੀ:

“ਵਿਸ਼ਵਾਸ ਕਰੋ, ਪਰ ਸੋਚ ਕੇ ਕਰੋ।

ਸਵਾਲ ਪੁੱਛੋ, ਕਿਉਂਕਿ ਸੱਚ ਨੂੰ ਸਵਾਲਾਂ ਤੋਂ ਡਰ ਨਹੀਂ ਲੱਗਦਾ।

ਅਤੇ ਜਿੱਥੇ ਵਿਸ਼ਵਾਸ ਵਪਾਰ ਬਣ ਜਾਵੇ, ਉੱਥੇ ਸਾਵਧਾਨ ਹੋ ਜਾਣਾ ਚਾਹੀਦਾ ਹੈ।”

ਉਸਨੇ ਕਾਪੀ ਬੰਦ ਕੀਤੀ, ਖਿੜਕੀ ਤੋਂ ਬਾਹਰ ਵੇਖਿਆ ਅਤੇ ਮੁਸਕਰਾ ਪਈ।

ਕਿਉਂਕਿ ਉਸਨੂੰ ਪਤਾ ਸੀ ਕਿ ਦੁਨੀਆ ਬਦਲਣੀ ਔਖੀ ਹੈ, ਪਰ ਇੱਕ ਇਨਸਾਨ ਨੂੰ ਸੋਚਣ ਲਈ ਮਜਬੂਰ ਕਰ ਦੇਣਾ ਵੀ ਇੱਕ ਵੱਡੀ ਜਿੱਤ ਹੁੰਦੀ ਹੈ।

ਸਮਾਪਤ 📖✍️

ਸਿੱਖਿਆ:
“ਸੋਸ਼ਲ ਮੀਡੀਆ ਉੱਤੇ ਮਿਲਣ ਵਾਲੀ ਹਰ ਸਲਾਹ ਸੱਚ ਨਹੀਂ ਹੁੰਦੀ। ਵਿਸ਼ਵਾਸ ਰੱਖੋ, ਪਰ ਅਕਲ ਨੂੰ ਕਦੇ ਬੰਦ ਨਾ ਕਰੋ।”

Pages: 1 2 3 4