ਅਧਿਆਇ 9 — ਥੱਕੇ ਹੋਏ ਕਦਮ

ਮਾਂ ਦੇ ਵਾਪਸ ਜਾਣ ਤੋਂ ਬਾਅਦ ਘਰ ਫਿਰ ਪਹਿਲਾਂ ਵਾਂਗ ਸੁੰਨਾ ਹੋ ਗਿਆ ਸੀ।

ਸਵੇਰੇ ਅਲਾਰਮ ਵੱਜਦਾ।

ਨੂਰ ਉੱਠਦੀ।

ਚਾਹ ਬਣਾਉਂਦੀ।

ਘਰ ਦਾ ਕੰਮ ਨਿਭਾਉਂਦੀ ਅਤੇ ਫਿਰ ਕੰਮ ਉੱਤੇ ਜਾਣ ਲਈ ਨਿਕਲ ਜਾਂਦੀ।

ਉਸਦੀ ਨੌਕਰੀ ਘਰ ਤੋਂ ਕਾਫ਼ੀ ਦੂਰ ਸੀ।

ਹਰ ਰੋਜ਼ ਕਈ ਘੰਟਿਆਂ ਦਾ ਸਫ਼ਰ ਕਰਨਾ ਪੈਂਦਾ ਸੀ।

ਸਵੇਰ ਦੀ ਹਨੇਰੀ ਵਿੱਚ ਘਰੋਂ ਨਿਕਲਣਾ ਅਤੇ ਰਾਤ ਨੂੰ ਥੱਕੇ ਹੋਏ ਸਰੀਰ ਨਾਲ ਵਾਪਸ ਆਉਣਾ ਉਸਦੀ ਜ਼ਿੰਦਗੀ ਦਾ ਹਿੱਸਾ ਬਣ ਗਿਆ ਸੀ।

ਕਈ ਵਾਰ ਰਸਤੇ ਵਿੱਚ ਪਹਾੜੀਆਂ ਦੇ ਵਿਚਕਾਰੋਂ ਲੰਘਦਿਆਂ ਉਹ ਸੋਚਦੀ ਰਹਿੰਦੀ।

ਜ਼ਿੰਦਗੀ ਵੀ ਸ਼ਾਇਦ ਇਹਨਾਂ ਸੜਕਾਂ ਵਰਗੀ ਹੀ ਸੀ।

ਕਦੇ ਸਿੱਧੀ।

ਕਦੇ ਔਖੀ।

ਕਦੇ ਅਚਾਨਕ ਮੋੜ ਲੈ ਲੈਣ ਵਾਲੀ।

ਕਾਰ ਦੀ ਖਿੜਕੀ ਤੋਂ ਬਾਹਰ ਹਨੇਰਾ ਦੌੜਦਾ ਰਹਿੰਦਾ ਅਤੇ ਨੂਰ ਆਪਣੇ ਹੀ ਖ਼ਿਆਲਾਂ ਵਿੱਚ ਗੁੰਮ ਰਹਿੰਦੀ।

ਕਈ ਵਾਰ ਉਸਨੂੰ ਪਤਾ ਹੀ ਨਾ ਲੱਗਦਾ ਕਿ ਸਫ਼ਰ ਕਿਵੇਂ ਮੁੱਕ ਗਿਆ।

ਕੰਮ ਉੱਤੇ ਵੀ ਹੁਣ ਉਹ ਪਹਿਲਾਂ ਵਾਂਗ ਨਹੀਂ ਰਹੀ ਸੀ।

ਚਿਹਰੇ ਉੱਤੇ ਮੁਸਕਰਾਹਟ ਹੁੰਦੀ।

ਪਰ ਦਿਲ ਵਿੱਚ ਨਹੀਂ।

ਲੋਕ ਉਸਦੇ ਨਾਲ ਗੱਲਾਂ ਕਰਦੇ।

ਹੱਸਦੇ।

ਮਜ਼ਾਕ ਕਰਦੇ।

ਅਤੇ ਨੂਰ ਵੀ ਹੌਲੀ ਜਿਹੀ ਮੁਸਕਰਾ ਦਿੰਦੀ।

ਪਰ ਉਸਦੇ ਅੰਦਰ ਇੱਕ ਖਾਲੀਪਣ ਘਰ ਕਰ ਚੁੱਕਾ ਸੀ।

ਉਸ ਦਿਨ ਵੀ ਉਹ ਕੰਮ ਤੋਂ ਬਹੁਤ ਥੱਕੀ ਹੋਈ ਵਾਪਸ ਆ ਰਹੀ ਸੀ।

ਸਾਰਾ ਦਿਨ ਖੜ੍ਹੇ ਰਹਿਣ ਨਾਲ ਪੈਰ ਦਰਦ ਕਰ ਰਹੇ ਸਨ।

ਅੱਖਾਂ ਵਿੱਚ ਨੀਂਦ ਸੀ।

ਅਤੇ ਸਿਰ ਵਿੱਚ ਹੌਲੀ-ਹੌਲੀ ਦਰਦ ਚੱਲ ਰਿਹਾ ਸੀ।

ਜਦੋਂ ਉਹ ਘਰ ਦੇ ਨੇੜੇ ਪਹੁੰਚੀ ਤਾਂ ਰਾਤ ਕਾਫ਼ੀ ਹੋ ਚੁੱਕੀ ਸੀ।

ਉਸਨੇ ਕਾਰ ਡਰਾਈਵਵੇ ਵਿੱਚ ਲਾਈ।

ਇੱਕ ਡੂੰਘਾ ਸਾਹ ਲਿਆ।

ਅਤੇ ਹੌਲੀ ਜਿਹੀ ਬਾਹਰ ਨਿਕਲੀ।

ਉਸਨੂੰ ਲੱਗਿਆ ਸੀ ਕਿ ਘਰ ਦੇ ਅੰਦਰ ਜਾ ਕੇ ਕੁਝ ਸੱਕੂਨ ਮਿਲੇਗਾ।

ਪਰ ਜਿਵੇਂ ਹੀ ਉਹ ਦਰਵਾਜ਼ੇ ਕੋਲ ਪਹੁੰਚੀ, ਉਸਦੇ ਕਦਮ ਰੁਕ ਗਏ।

ਅਮਨ ਦਰਵਾਜ਼ੇ ਕੋਲ ਖੜ੍ਹਾ ਸੀ।

ਉਸਦੇ ਚਿਹਰੇ ਉੱਤੇ ਗੁੱਸਾ ਸਾਫ਼ ਦਿਖਾਈ ਦੇ ਰਿਹਾ ਸੀ।

ਨੂਰ ਕੁਝ ਸਮਝ ਨਾ ਸਕੀ।

ਉਹ ਸਾਰਾ ਦਿਨ ਕੰਮ ਕਰਕੇ ਆਈ ਸੀ।

ਉਸਨੇ ਸੋਚਿਆ ਸ਼ਾਇਦ ਕੋਈ ਹੋਰ ਗੱਲ ਹੋਵੇਗੀ।

ਪਰ ਅਮਨ ਦੀਆਂ ਅੱਖਾਂ ਵਿੱਚ ਅੱਜ ਕੁਝ ਹੋਰ ਹੀ ਸੀ।

ਇੱਕ ਐਸਾ ਗੁੱਸਾ…

ਜਿਸਦਾ ਕਾਰਨ ਨੂਰ ਨੂੰ ਅਜੇ ਤੱਕ ਸਮਝ ਨਹੀਂ ਆ ਰਿਹਾ ਸੀ।

ਨੂਰ ਨੇ ਹੌਲੀ ਜਿਹੇ ਪੁੱਛਿਆ,

“ਕੀ ਹੋਇਆ?”

ਪਰ ਅਮਨ ਨੇ ਜਵਾਬ ਨਾ ਦਿੱਤਾ।

ਉਹ ਸਿਰਫ਼ ਉਸਦੇ ਸਾਹਮਣੇ ਖੜ੍ਹਾ ਰਿਹਾ।

ਅਤੇ ਨੂਰ ਦੇ ਦਿਲ ਵਿੱਚ ਇੱਕ ਵਾਰ ਫਿਰ ਅਣਜਾਣ ਡਰ ਨੇ ਜਨਮ ਲੈ ਲਿਆ।

✍️ ਲੇਖਿਕਾ: ਪਰਦੀਪ ਕੌਰ

Pages: 1 2 3 4 5 6 7 8 9 10 11 12 13 14 15 16 17 18 19 20 21 22 23 24 25 26 27 28 29 30 31 32 33 34 35 36 37 38 39 40 41 42 43 44 45 46 47