ਅਧਿਆਇ 17 — ਟੁੱਟਿਆ ਹੋਇਆ ਭਰੋਸਾ
ਅਮਨ ਦੀ ਉਹ ਗੱਲ ਸੁਣਨ ਤੋਂ ਬਾਅਦ ਨੂਰ ਦੀ ਜ਼ਿੰਦਗੀ ਪਹਿਲਾਂ ਵਰਗੀ ਨਾ ਰਹੀ।
ਦਿਨ ਉਹੀ ਸਨ।
ਘਰ ਉਹੀ ਸੀ।
ਲੋਕ ਉਹੀ ਸਨ।
ਪਰ ਨੂਰ ਦੇ ਅੰਦਰ ਕੁਝ ਬਦਲ ਗਿਆ ਸੀ।
ਜਿਸ ਇਨਸਾਨ ਲਈ ਉਸਨੇ ਆਪਣੀ ਜਵਾਨੀ ਦੇ ਪੰਦਰਾਂ ਸਾਲ ਲਗਾ ਦਿੱਤੇ ਸਨ…
ਅੱਜ ਉਹੀ ਇਨਸਾਨ ਉਸਨੂੰ ਆਪਣੀ ਜ਼ਿੰਦਗੀ ਤੋਂ ਕੱਢਣ ਦੀ ਗੱਲ ਕਰ ਰਿਹਾ ਸੀ।
ਕੁਝ ਦਿਨਾਂ ਤੱਕ ਨੂਰ ਨੇ ਸੋਚਿਆ ਕਿ ਸ਼ਾਇਦ ਅਮਨ ਗੁੱਸੇ ਵਿੱਚ ਬੋਲ ਗਿਆ ਹੋਵੇ।
ਸ਼ਾਇਦ ਸਮੇਂ ਨਾਲ ਸਭ ਠੀਕ ਹੋ ਜਾਵੇ।
ਪਰ ਅਮਨ ਦਾ ਵਿਵਹਾਰ ਦਿਨੋਂ-ਦਿਨ ਹੋਰ ਬਦਲਦਾ ਗਿਆ।
ਹੁਣ ਉਹ ਘਰ ਵਿੱਚ ਘੱਟ ਗੱਲ ਕਰਦਾ ਸੀ।
ਕਈ ਵਾਰ ਫ਼ੋਨ ਲੈ ਕੇ ਦੂਜੇ ਕਮਰੇ ਵਿੱਚ ਚਲਾ ਜਾਂਦਾ।
ਕਈ ਵਾਰ ਦੇਰ ਰਾਤ ਤੱਕ ਜਾਗਦਾ ਰਹਿੰਦਾ।
ਅਤੇ ਜਦੋਂ ਨੂਰ ਕੋਈ ਸਵਾਲ ਪੁੱਛਦੀ…
ਉਸਨੂੰ ਚੁੱਪ ਕਰਵਾ ਦਿੱਤਾ ਜਾਂਦਾ।
ਇੱਕ ਰਾਤ ਨੂਰ ਰਸੋਈ ਵਿੱਚ ਖੜ੍ਹੀ ਸੀ।
ਚਾਹ ਦਾ ਕੱਪ ਉਸਦੇ ਹੱਥ ਵਿੱਚ ਸੀ।
ਅਮਨ ਸਾਹਮਣੇ ਬੈਠਾ ਫ਼ੋਨ ਵੇਖ ਰਿਹਾ ਸੀ।
ਨੂਰ ਕਾਫ਼ੀ ਦੇਰ ਚੁੱਪ ਰਹੀ।
ਫਿਰ ਹੌਲੀ ਜਿਹੇ ਬੋਲੀ,
“ਕੀ ਤੂੰ ਸੱਚਮੁੱਚ ਦੂਜਾ ਵਿਆਹ ਕਰਨਾ ਚਾਹੁੰਦਾ ਏਂ?”
ਅਮਨ ਨੇ ਫ਼ੋਨ ਤੋਂ ਨਜ਼ਰ ਨਾ ਚੁੱਕੀ।
“ਮੈਂ ਪਹਿਲਾਂ ਵੀ ਕਹਿ ਚੁੱਕਾ ਆਂ।”
ਨੂਰ ਦਾ ਦਿਲ ਡੁੱਬ ਗਿਆ।
“ਪੰਦਰਾਂ ਸਾਲਾਂ ਦਾ ਰਿਸ਼ਤਾ ਏ ਸਾਡਾ…”
ਉਸਦੀ ਆਵਾਜ਼ ਕੰਬ ਗਈ।
“ਇੰਨੀ ਆਸਾਨੀ ਨਾਲ ਖਤਮ ਕਰ ਦੇਵੇਂਗਾ?”
ਇਸ ਵਾਰ ਅਮਨ ਨੇ ਸਿਰ ਚੁੱਕਿਆ।
ਉਸਦੀਆਂ ਅੱਖਾਂ ਵਿੱਚ ਪਹਿਲਾਂ ਵਾਲਾ ਪਿਆਰ ਨਹੀਂ ਸੀ।
“ਮੇਰੇ ਘਰਦਿਆਂ ਨੂੰ ਪੋਤਾ ਚਾਹੀਦਾ।”
ਬਸ ਇੰਨਾ ਹੀ।
ਜਿਵੇਂ ਨੂਰ ਕੋਈ ਇਨਸਾਨ ਨਾ ਹੋਵੇ।
ਸਿਰਫ਼ ਇੱਕ ਅਧੂਰੀ ਖ਼ਾਹਿਸ਼ ਹੋਵੇ।
ਨੂਰ ਕੁਝ ਪਲ ਉਸਨੂੰ ਵੇਖਦੀ ਰਹੀ।
ਫਿਰ ਉਸਦੇ ਮਨ ਵਿੱਚ ਇੱਕ ਸਵਾਲ ਆਇਆ।
ਇੱਕ ਐਸਾ ਸਵਾਲ ਜੋ ਉਸਨੇ ਪਹਿਲਾਂ ਕਦੇ ਆਪਣੇ ਆਪ ਨੂੰ ਨਹੀਂ ਪੁੱਛਿਆ ਸੀ।