ਅਧਿਆਇ 7 — ਮਾਂ ਦੀ ਗੋਦ

ਨੂਰ ਨੂੰ ਯਾਦ ਨਹੀਂ ਸੀ ਕਿ ਉਹ ਕਾਰ ਵਿੱਚੋਂ ਕਿਵੇਂ ਬਾਹਰ ਨਿਕਲੀ ਸੀ।

ਉਸਨੂੰ ਸਿਰਫ਼ ਇੰਨਾ ਯਾਦ ਸੀ ਕਿ ਉਸਦੀਆਂ ਅੱਖਾਂ ਵਿੱਚੋਂ ਹੰਝੂ ਰੁਕਣ ਦਾ ਨਾਮ ਨਹੀਂ ਲੈ ਰਹੇ ਸਨ।

ਸਾਲਾਂ ਤੋਂ ਉਹ ਆਪਣੇ ਆਪ ਨੂੰ ਮਜ਼ਬੂਤ ਦਿਖਾਉਂਦੀ ਆ ਰਹੀ ਸੀ।

ਸਾਲਾਂ ਤੋਂ ਉਹ ਹਰ ਤਾਣਾ ਸਹਿ ਰਹੀ ਸੀ।

ਹਰ ਨਿਰਾਸ਼ਾ ਆਪਣੇ ਅੰਦਰ ਦੱਬ ਰਹੀ ਸੀ।

ਪਰ ਅੱਜ ਉਸਦੇ ਅੰਦਰ ਕੁਝ ਟੁੱਟ ਗਿਆ ਸੀ।

ਮਾਂ ਨੇ ਉਸਦਾ ਹੱਥ ਫੜਿਆ ਹੋਇਆ ਸੀ।

ਜਿਵੇਂ ਉਹ ਡਰ ਰਹੀ ਹੋਵੇ ਕਿ ਕਿਤੇ ਉਸਦੀ ਧੀ ਫਿਰ ਤੋਂ ਨਾ ਡਿੱਗ ਪਵੇ।

ਡਾਕਟਰ ਕੁਝ ਦੂਰ ਖੜ੍ਹਾ ਸੀ।

ਪਾਰਕਿੰਗ ਲਾਟ ਵਿੱਚ ਲੋਕ ਅਜੇ ਵੀ ਟੁੱਟੀਆਂ ਗੱਡੀਆਂ ਵੇਖ ਰਹੇ ਸਨ।

ਕੋਈ ਫ਼ੋਨ ਉੱਤੇ ਗੱਲ ਕਰ ਰਿਹਾ ਸੀ।

ਕੋਈ ਨੁਕਸਾਨ ਦਾ ਅੰਦਾਜ਼ਾ ਲਾ ਰਿਹਾ ਸੀ।

ਪਰ ਨੂਰ ਲਈ ਇਹ ਸਭ ਕੁਝ ਬੇਮਤਲਬ ਸੀ।

ਉਸਦੇ ਅੰਦਰ ਜੋ ਟੁੱਟਿਆ ਸੀ, ਉਸਦਾ ਕੋਈ ਹਿਸਾਬ ਨਹੀਂ ਲਾ ਸਕਦਾ ਸੀ।

“ਧੀਏ, ਘਰ ਚੱਲੀਏ।”

ਮਾਂ ਨੇ ਹੌਲੀ ਜਿਹੇ ਕਿਹਾ।

ਨੂਰ ਨੇ ਸਿਰ ਹਿਲਾ ਦਿੱਤਾ।

ਸਾਰਾ ਰਸਤਾ ਦੋਵੇਂ ਚੁੱਪ ਰਹੀਆਂ।

ਕਾਰ ਦੀ ਖਿੜਕੀ ਤੋਂ ਬਾਹਰ ਅਮਰੀਕਾ ਦੀਆਂ ਸੜਕਾਂ ਦੌੜ ਰਹੀਆਂ ਸਨ।

ਲੋਕ ਆਪਣੇ ਕੰਮਾਂ ਵਿੱਚ ਰੁੱਝੇ ਹੋਏ ਸਨ।

ਦੁਨੀਆ ਪਹਿਲਾਂ ਵਾਂਗ ਹੀ ਚੱਲ ਰਹੀ ਸੀ।

ਪਰ ਨੂਰ ਦੀ ਦੁਨੀਆ ਅੱਜ ਰੁਕ ਗਈ ਸੀ।

ਘਰ ਪਹੁੰਚਦਿਆਂ ਹੀ ਉਹ ਸਿੱਧੀ ਆਪਣੇ ਕਮਰੇ ਵਿੱਚ ਚਲੀ ਗਈ।

ਮਾਂ ਪਿੱਛੇ-ਪਿੱਛੇ ਆਈ।

ਨੂਰ ਬਿਸਤਰੇ ਉੱਤੇ ਬੈਠ ਗਈ।

ਉਸਦੀਆਂ ਅੱਖਾਂ ਸਾਹਮਣੇ ਅਜੇ ਵੀ ਡਾਕਟਰ ਦਾ ਚਿਹਰਾ ਘੁੰਮ ਰਿਹਾ ਸੀ।

ਉਹ ਆਵਾਜ਼…

ਉਹ ਸ਼ਬਦ…

“ਮੈਂ ਤੈਨੂੰ ਝੂਠੀ ਉਮੀਦ ਨਹੀਂ ਦੇਣਾ ਚਾਹੁੰਦਾ…”

ਅਚਾਨਕ ਉਸਦੇ ਅੰਦਰ ਜਮਾ ਹੋਇਆ ਦਰਦ ਬਾਹਰ ਆ ਗਿਆ।

ਉਹ ਬੱਚਿਆਂ ਵਾਂਗ ਰੋ ਪਈ।

ਇੰਨੀ ਉੱਚੀ ਆਵਾਜ਼ ਵਿੱਚ ਕਿ ਉਸਨੂੰ ਖੁਦ ਵੀ ਯਾਦ ਨਹੀਂ ਸੀ ਕਿ ਉਹ ਆਖ਼ਰੀ ਵਾਰ ਕਦੋਂ ਇੰਝ ਰੋਈ ਸੀ।

ਮਾਂ ਦੌੜ ਕੇ ਉਸਦੇ ਕੋਲ ਆ ਗਈ।

ਉਸਨੇ ਨੂਰ ਦਾ ਸਿਰ ਆਪਣੀ ਗੋਦ ਵਿੱਚ ਰੱਖ ਲਿਆ।

ਬਸ ਫਿਰ…

ਨੂਰ ਟੁੱਟ ਗਈ।

ਪੂਰੀ ਤਰ੍ਹਾਂ ਟੁੱਟ ਗਈ।

“ਮਾਂ…”

ਉਸਦੇ ਮੂੰਹੋਂ ਸਿਰਫ਼ ਇਹ ਇੱਕ ਸ਼ਬਦ ਨਿਕਲਿਆ।

ਅਤੇ ਫਿਰ ਉਹ ਰੋਂਦੀ ਹੀ ਚਲੀ ਗਈ।

“ਮਾਂ… ਮੇਰੇ ਨਾਲ ਹੀ ਕਿਉਂ ਹੋਇਆ?”

“ਮੈਂ ਕਿਸਦਾ ਕੀ ਵਿਗਾੜਿਆ ਸੀ?”

“ਮੈਂ ਤਾਂ ਹਰ ਰੋਜ਼ ਅਰਦਾਸ ਕੀਤੀ ਸੀ…”

“ਮੈਂ ਤਾਂ ਕਿਸੇ ਦਾ ਬੁਰਾ ਵੀ ਨਹੀਂ ਸੋਚਿਆ…”

ਹਰ ਸ਼ਬਦ ਨਾਲ ਉਸਦੇ ਹੰਝੂ ਹੋਰ ਵਧਦੇ ਜਾ ਰਹੇ ਸਨ।

ਮਾਂ ਦੀਆਂ ਅੱਖਾਂ ਵੀ ਭਰ ਆਈਆਂ।

ਉਹ ਆਪਣੀ ਧੀ ਦੇ ਵਾਲਾਂ ਵਿੱਚ ਹੱਥ ਫੇਰਦੀ ਰਹੀ।

ਜਿਵੇਂ ਬਚਪਨ ਵਿੱਚ ਫੇਰਦੀ ਸੀ।

ਜਦੋਂ ਨੂਰ ਨੂੰ ਕੋਈ ਛੋਟੀ ਜਿਹੀ ਸੱਟ ਲੱਗਦੀ ਸੀ।

ਪਰ ਅੱਜ ਦੀ ਸੱਟ ਬਹੁਤ ਵੱਡੀ ਬਹੁਤ ਡੂੰਘੀ।

ਅਤੇ ਮਾਂ ਜਾਣਦੀ ਸੀ ਕਿ ਇਸ ਦਰਦ ਦੀ ਕੋਈ ਦਵਾਈ ਨਹੀਂ।

ਕੁਝ ਦੇਰ ਬਾਅਦ ਨੂਰ ਦੀ ਨਜ਼ਰ ਸਾਹਮਣੇ ਕੰਧ ਉੱਤੇ ਟੰਗੀ ਇੱਕ ਤਸਵੀਰ ਉੱਤੇ ਪਈ।

ਉਹ ਉਸਦੇ ਵਿਆਹ ਵਾਲੇ ਦਿਨ ਦੀ ਤਸਵੀਰ ਸੀ।

ਉਸ ਵਿੱਚ ਅਮਨ ਮੁਸਕਰਾ ਰਿਹਾ ਸੀ।

ਅਤੇ ਉਸਦੇ ਆਪਣੇ ਚਿਹਰੇ ਉੱਤੇ ਵੀ ਕਿੰਨੇ ਸੁਪਨੇ ਸਨ।

ਨੂਰ ਕਾਫ਼ੀ ਦੇਰ ਤੱਕ ਉਸ ਤਸਵੀਰ ਵੱਲ ਵੇਖਦੀ ਰਹੀ।

ਫਿਰ ਉਸਨੇ ਹੌਲੀ ਜਿਹੇ ਕਿਹਾ,

“ਮਾਂ… ਜੇ ਬੱਚਾ ਹੀ ਨਹੀਂ ਹੋਣਾ ਸੀ… ਤਾਂ ਰੱਬ ਨੇ ਮੇਰੇ ਦਿਲ ਵਿੱਚ ਇਹਨਾ ਪਿਆਰ ਕਿਉਂ ਪਾਇਆ?”

ਇਹ ਸੁਣ ਕੇ ਮਾਂ ਦੇ ਹੰਝੂ ਵੀ ਨਿਕਲ ਪਏ।

ਕਮਰੇ ਵਿੱਚ ਖਾਮੋਸ਼ੀ ਛਾ ਗਈ।

ਸਿਰਫ਼ ਇੱਕ ਮਾਂ ਸੀ…

ਅਤੇ ਉਸਦੀ ਟੁੱਟੀ ਹੋਈ ਧੀ।

ਉਸ ਰਾਤ ਨੂਰ ਬਹੁਤ ਦੇਰ ਤੱਕ ਆਪਣੀ ਮਾਂ ਦੀ ਗੋਦ ਵਿੱਚ ਸਿਰ ਰੱਖ ਕੇ ਰੋਂਦੀ ਰਹੀ।

ਉਸਨੂੰ ਨਹੀਂ ਪਤਾ ਸੀ ਕਿ ਅੱਜ ਜੋ ਦਰਦ ਉਸਨੂੰ ਸਭ ਤੋਂ ਵੱਡਾ ਲੱਗ ਰਿਹਾ ਸੀ…

ਜ਼ਿੰਦਗੀ ਅਜੇ ਉਸਦੇ ਲਈ ਹੋਰ ਵੀ ਔਖੇ ਇਮਤਿਹਾਨ ਸੰਭਾਲ ਕੇ ਬੈਠੀ ਸੀ।

✍️ ਲੇਖਿਕਾ: ਪਰਦੀਪ ਕੌਰ

Pages: 1 2 3 4 5 6 7 8 9 10 11 12 13 14 15 16 17 18 19 20 21 22 23 24 25 26 27 28 29 30 31 32 33 34 35 36 37 38 39 40 41 42 43 44 45 46 47