ਅਧਿਆਇ 8 — ਬਦਲਦਾ ਅਮਨ

ਐਕਸੀਡੈਂਟ ਵਾਲੀ ਘਟਨਾ ਤੋਂ ਬਾਅਦ ਨੂਰ ਕਈ ਦਿਨਾਂ ਤੱਕ ਆਪਣੇ ਆਪ ਵਿੱਚ ਹੀ ਗੁੰਮ ਰਹੀ।

ਉਹ ਪਹਿਲਾਂ ਵਾਂਗ ਹੱਸਦੀ ਨਹੀਂ ਸੀ।

ਘਰ ਦਾ ਕੰਮ ਕਰਦੀ, ਖਾਣਾ ਬਣਾਉਂਦੀ ਅਤੇ ਫਿਰ ਚੁੱਪਚਾਪ ਆਪਣੇ ਕਮਰੇ ਵਿੱਚ ਜਾ ਬੈਠਦੀ।

ਮਾਂ ਉਸਦੇ ਕੋਲ ਸੀ, ਇਸ ਲਈ ਕੁਝ ਸਹਾਰਾ ਸੀ।

ਪਰ ਮਾਂ ਨੂੰ ਵੀ ਇੱਕ ਦਿਨ ਵਾਪਸ ਜਾਣਾ ਸੀ।

ਇਹ ਗੱਲ ਨੂਰ ਨੂੰ ਅੰਦਰੋਂ ਡਰਾ ਰਹੀ ਸੀ।

ਇੱਕ ਸ਼ਾਮ ਉਹ ਰਸੋਈ ਵਿੱਚ ਚਾਹ ਬਣਾ ਰਹੀ ਸੀ।

ਅਮਨ ਕੰਮ ਤੋਂ ਘਰ ਆਇਆ।

ਪਹਿਲਾਂ ਜਦੋਂ ਵੀ ਉਹ ਘਰ ਆਉਂਦਾ ਸੀ, ਨੂਰ ਦੇ ਚਿਹਰੇ ਵੱਲ ਜ਼ਰੂਰ ਵੇਖਦਾ ਸੀ।

ਪਰ ਹੁਣ ਉਹ ਸਿੱਧਾ ਆਪਣੇ ਕਮਰੇ ਵਿੱਚ ਚਲਾ ਗਿਆ।

ਨੂਰ ਚਾਹ ਦੇ ਕੱਪ ਲੈ ਕੇ ਕਮਰੇ ਵਿੱਚ ਪਹੁੰਚੀ।

ਅਮਨ ਫ਼ੋਨ ਉੱਤੇ ਮੁਸਕਰਾ ਰਿਹਾ ਸੀ।

ਨੂਰ ਦਰਵਾਜ਼ੇ ਕੋਲ ਹੀ ਰੁਕ ਗਈ।

ਕੁਝ ਪਲਾਂ ਲਈ ਉਸਨੇ ਅਮਨ ਨੂੰ ਵੇਖਿਆ।

ਉਸਨੂੰ ਯਾਦ ਆਇਆ…

ਇੱਕ ਸਮਾਂ ਸੀ ਜਦੋਂ ਇਹ ਮੁਸਕਰਾਹਟ ਸਿਰਫ਼ ਉਸਦੇ ਲਈ ਹੁੰਦੀ ਸੀ।

ਹੁਣ ਉਹ ਮੁਸਕਰਾਹਟ ਕਿਤੇ ਹੋਰ ਚਲੀ ਗਈ ਸੀ।

“ਚਾਹ ਰੱਖ ਦੇ।”

ਅਮਨ ਨੇ ਫ਼ੋਨ ਤੋਂ ਨਜ਼ਰ ਨਾ ਹਟਾਉਂਦਿਆਂ ਕਿਹਾ।

ਨੂਰ ਨੇ ਚੁੱਪਚਾਪ ਕੱਪ ਮੇਜ਼ ਉੱਤੇ ਰੱਖ ਦਿੱਤਾ।

ਉਸਦੇ ਦਿਲ ਵਿੱਚ ਇੱਕ ਅਜੀਬ ਜਿਹੀ ਖਾਲੀਪਣ ਸੀ।

ਕੁਝ ਦਿਨਾਂ ਬਾਅਦ ਨੂਰ ਦੀ ਮਾਂ ਨੇ ਵੀ ਇਹ ਬਦਲਾਅ ਮਹਿਸੂਸ ਕਰ ਲਿਆ।

ਇੱਕ ਰਾਤ ਜਦੋਂ ਅਮਨ ਘਰ ਨਹੀਂ ਸੀ, ਮਾਂ ਨੇ ਹੌਲੀ ਜਿਹੇ ਪੁੱਛਿਆ,

“ਸਭ ਠੀਕ ਏ ਧੀਏ?”

ਨੂਰ ਨੇ ਮੁਸਕਰਾਉਣ ਦੀ ਕੋਸ਼ਿਸ਼ ਕੀਤੀ।

“ਹਾਂ ਮਾਂ।”

ਪਰ ਮਾਂ ਮਾਂ ਹੁੰਦੀ ਹੈ।

ਉਹ ਆਪਣੀ ਧੀ ਦੀਆਂ ਅੱਖਾਂ ਪੜ੍ਹ ਲੈਂਦੀ ਹੈ।

“ਨਹੀਂ, ਕੁਝ ਤਾਂ ਗੱਲ ਏ।”

ਇਹ ਸੁਣ ਕੇ ਨੂਰ ਦੀਆਂ ਅੱਖਾਂ ਭਰ ਆਈਆਂ।

ਉਸਨੇ ਫਿਰ ਵੀ ਕੁਝ ਨਾ ਕਿਹਾ।

ਉਹ ਨਹੀਂ ਚਾਹੁੰਦੀ ਸੀ ਕਿ ਉਸਦੀ ਮਾਂ ਹੋਰ ਦੁਖੀ ਹੋਵੇ।

ਉਸ ਰਾਤ ਨੂਰ ਬਿਸਤਰੇ ਉੱਤੇ ਪਈ ਛੱਤ ਵੱਲ ਵੇਖਦੀ ਰਹੀ।

ਨਾਲ ਪਿਆ ਅਮਨ ਫ਼ੋਨ ਉੱਤੇ ਵਿਅਸਤ ਸੀ।

ਦੋਵਾਂ ਵਿਚਕਾਰ ਸਿਰਫ਼ ਕੁਝ ਇੰਚਾਂ ਦਾ ਫ਼ਾਸਲਾ ਸੀ।

ਪਰ ਨੂਰ ਨੂੰ ਲੱਗ ਰਿਹਾ ਸੀ ਜਿਵੇਂ ਉਹਨਾਂ ਵਿਚਕਾਰ ਮੀਲਾਂ ਦੀ ਦੂਰੀ ਆ ਗਈ ਹੋਵੇ।

ਉਸਨੇ ਹੌਲੀ ਜਿਹੇ ਅੱਖਾਂ ਬੰਦ ਕਰ ਲਈਆਂ।

ਪਰ ਨੀਂਦ ਨਹੀਂ ਆਈ।

ਉਸਦੇ ਦਿਲ ਵਿੱਚ ਇੱਕ ਅਣਜਾਣ ਡਰ ਜਨਮ ਲੈ ਰਿਹਾ ਸੀ।

ਇੱਕ ਐਸਾ ਡਰ…

ਜਿਸਦਾ ਨਾਮ ਉਹ ਅਜੇ ਵੀ ਨਹੀਂ ਜਾਣਦੀ ਸੀ।

✍️ ਲੇਖਿਕਾ: ਪਰਦੀਪ ਕੌਰ

Pages: 1 2 3 4 5 6 7 8 9 10 11 12 13 14 15 16 17 18 19 20 21 22 23 24 25 26 27 28 29 30 31 32 33 34 35 36 37 38 39 40 41 42 43 44 45 46 47