ਅਧਿਆਇ 13 — ਸੜਿਆ ਹੋਇਆ ਨਿਸ਼ਾਨ

ਉਸ ਦਿਨ ਇੱਕ ਰਿਸ਼ਤੇਦਾਰ ਦੇ ਜਨਮਦਿਨ ਦੀ ਪਾਰਟੀ ਸੀ।

ਘਰ ਵਿੱਚ ਜਾਣ ਦੀ ਤਿਆਰੀ ਹੋ ਰਹੀ ਸੀ।

ਨੂਰ ਨੇ ਅਲਮਾਰੀ ਖੋਲ੍ਹੀ ਅਤੇ ਆਪਣਾ ਸੂਟ ਕੱਢ ਲਿਆ।

ਕਾਫ਼ੀ ਦਿਨਾਂ ਬਾਅਦ ਉਸਦਾ ਮਨ ਕੀਤਾ ਸੀ ਕਿ ਉਹ ਥੋੜ੍ਹਾ ਚੰਗਾ ਤਿਆਰ ਹੋਵੇ।

ਉਸਨੇ ਕੱਪੜੇ ਪਾਏ।

ਵਾਲ ਸਵਾਰੇ।

ਅਤੇ ਸ਼ੀਸ਼ੇ ਅੱਗੇ ਖੜ੍ਹ ਕੇ ਆਪਣੇ ਆਪ ਨੂੰ ਵੇਖਣ ਲੱਗੀ।

ਕਦੇ-ਕਦੇ ਉਸਨੂੰ ਵੀ ਚੰਗਾ ਲੱਗਦਾ ਸੀ ਕਿ ਕੋਈ ਉਸਨੂੰ ਵੇਖ ਕੇ ਕਹੇ,

“ਅੱਜ ਤੂੰ ਬਹੁਤ ਸੋਹਣੀ ਲੱਗ ਰਹੀ ਏ।”

ਉਹ ਮੁਸਕਰਾਉਂਦੀ ਹੋਈ ਅਮਨ ਕੋਲ ਆਈ।

“ਦੱਸੋ… ਮੈਂ ਕਿਹੋ ਜਿਹੀ ਲੱਗਦੀ ਆਂ?”

ਇਹ ਇੱਕ ਪਤਨੀ ਦਾ ਆਮ ਜਿਹਾ ਸਵਾਲ ਸੀ।

ਇੱਕ ਛੋਟੀ ਜਿਹੀ ਉਮੀਦ।

ਕਿ ਸ਼ਾਇਦ ਅੱਜ ਕੋਈ ਚੰਗਾ ਸ਼ਬਦ ਸੁਣਨ ਨੂੰ ਮਿਲ ਜਾਵੇ।

ਪਰ ਅਮਨ ਨੇ ਉਸ ਵੱਲ ਵੇਖਿਆ ਵੀ ਨਹੀਂ।

ਉਸਦੇ ਹੱਥ ਵਿੱਚ ਗਰਮ ਪ੍ਰੈਸ ਸੀ।

ਨੂਰ ਕੁਝ ਸਮਝਦੀ, ਉਸ ਤੋਂ ਪਹਿਲਾਂ ਹੀ ਅਮਨ ਨੇ ਪ੍ਰੈਸ ਚੁੱਕੀ।

ਅਤੇ ਸਿੱਧੀ ਉਸਦੀ ਬਾਂਹ ਦੇ ਅੰਦਰਲੇ ਪਾਸੇ ਲਾ ਦਿੱਤੀ।

“ਆਹ੍ਹ!”

ਨੂਰ ਦੀ ਚੀਕ ਨਿਕਲ ਗਈ।

ਉਸਨੂੰ ਲੱਗਿਆ ਜਿਵੇਂ ਸਾਰਾ ਸਰੀਰ ਅੱਗ ਵਿੱਚ ਸੜ ਗਿਆ ਹੋਵੇ।

ਉਹ ਪਿੱਛੇ ਹਟ ਗਈ।

ਉਸਦੀਆਂ ਅੱਖਾਂ ਵਿੱਚੋਂ ਹੰਝੂ ਨਿਕਲ ਪਏ।

ਕੁਝ ਹੀ ਸਕਿੰਟਾਂ ਵਿੱਚ ਚਮੜੀ ਲਾਲ ਹੋ ਗਈ।

ਅਤੇ ਫਿਰ ਇੱਕ ਵੱਡਾ ਜਿਹਾ ਸੜਿਆ ਨਿਸ਼ਾਨ ਉੱਭਰ ਆਇਆ।

ਨੂਰ ਹੈਰਾਨ ਖੜ੍ਹੀ ਸੀ।

ਉਸਨੂੰ ਸਮਝ ਨਹੀਂ ਆ ਰਿਹਾ ਸੀ ਕਿ ਇਹ ਕੀ ਹੋਇਆ।

ਕਿਉਂ ਹੋਇਆ।

ਅਤੇ ਕਿਸ ਲਈ ਹੋਇਆ।

ਕੁਝ ਮਿੰਟ ਪਹਿਲਾਂ ਤਾਂ ਉਹ ਸਿਰਫ਼ ਇਹ ਪੁੱਛ ਰਹੀ ਸੀ ਕਿ ਉਹ ਕਿਹੋ ਜਿਹੀ ਲੱਗਦੀ ਹੈ।

ਹੁਣ ਉਸਦੀ ਬਾਂਹ ਸੜ ਰਹੀ ਸੀ।

ਦਰਦ ਨਾਲ।

ਅਤੇ ਦਿਲ ਅਪਮਾਨ ਨਾਲ।

ਪਾਰਟੀ ਵਿੱਚ ਜਾਣ ਦਾ ਸਮਾਂ ਹੋ ਗਿਆ ਸੀ।

ਨੂਰ ਨੇ ਕੱਪੜੇ ਬਦਲਣ ਦੀ ਥਾਂ ਇੱਕ ਸ਼ਾਲ ਲੈ ਲਈ।

ਵਾਰ-ਵਾਰ ਆਪਣੀ ਬਾਂਹ ਨੂੰ ਢੱਕਣ ਦੀ ਕੋਸ਼ਿਸ਼ ਕਰਦੀ ਰਹੀ।

ਪਾਰਟੀ ਵਿੱਚ ਲੋਕ ਹੱਸ ਰਹੇ ਸਨ।

ਤਸਵੀਰਾਂ ਖਿੱਚਵਾ ਰਹੇ ਸਨ।

ਕੇਕ ਕੱਟਿਆ ਜਾ ਰਿਹਾ ਸੀ।

ਪਰ ਨੂਰ ਦਾ ਸਾਰਾ ਧਿਆਨ ਆਪਣੀ ਬਾਂਹ ਉੱਤੇ ਸੀ।

ਸੜਨ ਵਧਦੀ ਜਾ ਰਹੀ ਸੀ।

ਇੱਕ ਔਰਤ ਨੇ ਪੁੱਛਿਆ,

“ਕੀ ਹੋਇਆ?”

ਨੂਰ ਮੁਸਕਰਾਈ।

“ਕੁਝ ਨਹੀਂ…”

ਜਿਵੇਂ ਉਹ ਹਮੇਸ਼ਾ ਕਹਿੰਦੀ ਸੀ।

“ਕੁਝ ਨਹੀਂ।”

ਪਰ ਉਸਨੂੰ ਪਤਾ ਸੀ ਕਿ ਇਹ “ਕੁਝ ਨਹੀਂ” ਨਹੀਂ ਸੀ।

ਇਹ ਉਹਨਾਂ ਸੈਂਕੜੇ ਜ਼ਖ਼ਮਾਂ ਵਿੱਚੋਂ ਇੱਕ ਹੋਰ ਜ਼ਖ਼ਮ ਸੀ ਜੋ ਸਿਰਫ਼ ਉਸਨੂੰ ਹੀ ਦਿਖਾਈ ਦਿੰਦੇ ਸਨ।

ਉਸ ਰਾਤ ਘਰ ਆ ਕੇ ਉਹ ਕਾਫ਼ੀ ਦੇਰ ਸ਼ੀਸ਼ੇ ਅੱਗੇ ਖੜ੍ਹੀ ਰਹੀ।

ਉਸਨੇ ਹੌਲੀ ਜਿਹੇ ਆਪਣੀ ਬਾਂਹ ਨੂੰ ਛੂਹਿਆ।

ਦਰਦ ਅਜੇ ਵੀ ਸੀ।

ਪਰ ਉਸਤੋਂ ਵੱਡਾ ਦਰਦ ਉਸਦੇ ਦਿਲ ਵਿੱਚ ਸੀ।

ਪਹਿਲੀ ਵਾਰ ਉਸਦੇ ਮਨ ਵਿੱਚ ਇੱਕ ਸਵਾਲ ਸਾਫ਼ ਸ਼ਬਦਾਂ ਵਿੱਚ ਉੱਭਰਿਆ।

“ਕੀ ਇਹ ਪਿਆਰ ਹੈ?”

ਉਹ ਕਾਫ਼ੀ ਦੇਰ ਤੱਕ ਆਪਣੇ ਆਪ ਨੂੰ ਵੇਖਦੀ ਰਹੀ।

ਫਿਰ ਹੌਲੀ ਜਿਹੇ ਬੈਠ ਗਈ।

ਉਸਨੂੰ ਸਮਝ ਨਹੀਂ ਆ ਰਹੀ ਸੀ ਕਿ ਉਹ ਆਪਣੇ ਪਤੀ ਨੂੰ ਹੋਰ ਪਿਆਰ ਕਰੇ…

ਜਾਂ ਆਪਣੇ ਆਪ ਨੂੰ ਬਚਾਉਣ ਬਾਰੇ ਸੋਚੇ।

ਉਸਨੂੰ ਸਿਰਫ਼ ਇੰਨਾ ਪਤਾ ਸੀ ਕਿ ਉਹ ਹਰ ਦਿਨ ਥੋੜ੍ਹੀ-ਥੋੜ੍ਹੀ ਟੁੱਟ ਰਹੀ ਸੀ।

ਅਤੇ ਉਸਦੇ ਅੰਦਰਲੀ ਨੂਰ…

ਹੁਣ ਪਹਿਲਾਂ ਵਾਲੀ ਨੂਰ ਨਹੀਂ ਰਹੀ ਸੀ।

Pages: 1 2 3 4 5 6 7 8 9 10 11 12 13 14 15 16 17 18 19 20 21 22 23 24 25 26 27 28 29 30 31 32 33 34 35 36 37 38 39 40 41 42 43 44 45 46 47