ਅਧਿਆਇ 29 — ਨਵੀਂ ਸ਼ੁਰੂਆਤ ਦੀ ਕੀਮਤ
ਅਪਾਰਟਮੈਂਟ ਵਿੱਚ ਆਏ ਹੋਏ ਅਜੇ ਇੱਕ ਮਹੀਨਾ ਵੀ ਨਹੀਂ ਹੋਇਆ ਸੀ।
ਕਮਰਾ ਛੋਟਾ ਸੀ।
ਫਰਨੀਚਰ ਵੀ ਬਹੁਤ ਘੱਟ ਸੀ।
ਇੱਕ ਬਿਸਤਰਾ।
ਇੱਕ ਛੋਟੀ ਮੇਜ਼।
ਦੋ ਕੁਰਸੀਆਂ।
ਅਤੇ ਕੁਝ ਡੱਬੇ ਜਿਨ੍ਹਾਂ ਵਿੱਚ ਅਜੇ ਵੀ ਸਮਾਨ ਪਿਆ ਸੀ।
ਪਰ ਨੂਰ ਨੂੰ ਇਹ ਛੋਟਾ ਜਿਹਾ ਅਪਾਰਟਮੈਂਟ ਵੀ ਕਿਸੇ ਮਹਲ ਵਰਗਾ ਲੱਗਦਾ ਸੀ।
ਕਿਉਂਕਿ ਇੱਥੇ ਡਰ ਨਹੀਂ ਸੀ।
ਕੋਈ ਚੀਕਾਂ ਨਹੀਂ ਸਨ।
ਕੋਈ ਸ਼ੱਕ ਨਹੀਂ ਸੀ।
ਕੋਈ ਰਾਤ ਨੂੰ ਦਰਵਾਜ਼ੇ ਬਾਹਰ ਨਹੀਂ ਕੱਢਦਾ ਸੀ।
ਪਹਿਲੀ ਵਾਰ ਉਸਨੂੰ ਲੱਗਿਆ ਕਿ ਸਾਹ ਲੈਣਾ ਵੀ ਇੱਕ ਨੇਮਤ ਹੁੰਦੀ ਹੈ।
ਪਰ ਨਵੀਂ ਜ਼ਿੰਦਗੀ ਆਸਾਨ ਨਹੀਂ ਸੀ।
ਕਿਰਾਇਆ ਦੇਣਾ ਸੀ।
ਬਿੱਲ ਭਰਨੇ ਸਨ।
ਕਾਰ ਦੀ ਕਿਸ਼ਤ ਸੀ।
ਇੰਸ਼ੋਰੈਂਸ ਸੀ।
ਅਤੇ ਇਕੱਲੇ ਬੰਦੇ ਦੀ ਕਮਾਈ ਨਾਲ ਅਮਰੀਕਾ ਵਿੱਚ ਸਭ ਕੁਝ ਸੰਭਾਲਣਾ ਆਸਾਨ ਨਹੀਂ ਹੁੰਦਾ।
ਦਿਨ ਨੂੰ ਉਹ ਇਲੈਕਟ੍ਰਾਨਿਕ ਕੰਪਨੀ ਵਿੱਚ ਕੰਮ ਕਰਦੀ।
ਸ਼ਾਮ ਨੂੰ ਥੱਕੀ ਹੋਈ ਘਰ ਆਉਂਦੀ।
ਫਿਰ ਬੈਠ ਕੇ ਹਿਸਾਬ ਲਾਉਂਦੀ।
ਕਿੰਨੇ ਪੈਸੇ ਆਏ।
ਕਿੰਨੇ ਗਏ।
ਕਿੰਨੇ ਬਚੇ।
ਕਈ ਵਾਰ ਕੈਲਕੁਲੇਟਰ ਦੀ ਸਕਰੀਨ ਵੇਖ ਕੇ ਉਹ ਸਿਰ ਫੜ ਲੈਂਦੀ।
ਪਰ ਫਿਰ ਆਪਣੇ ਆਪ ਨੂੰ ਕਹਿੰਦੀ,
“ਡਰਨਾ ਨਹੀਂ ਨੂਰ।”
“ਤੂੰ ਇਸ ਤੋਂ ਵੀ ਔਖੇ ਦਿਨ ਵੇਖੇ ਨੇ।”
ਇੱਕ ਦਿਨ ਉਸਨੇ ਫੈਸਲਾ ਕੀਤਾ ਕਿ ਉਸਨੂੰ ਇੱਕ ਹੋਰ ਨੌਕਰੀ ਲੱਭਣੀ ਪਵੇਗੀ।
ਕਿਉਂਕਿ ਸਿਰਫ਼ ਇੱਕ ਆਮਦਨ ਨਾਲ ਗੁਜ਼ਾਰਾ ਔਖਾ ਸੀ।
ਉਸਨੇ ਕਈ ਥਾਵਾਂ ਤੇ ਅਰਜ਼ੀਆਂ ਭੇਜੀਆਂ।
ਅਤੇ ਕੁਝ ਦਿਨਾਂ ਬਾਅਦ ਉਸਨੂੰ ਬਰਗਰ ਕਿੰਗ ਵਿੱਚ ਪਾਰਟ-ਟਾਈਮ ਕੰਮ ਮਿਲ ਗਿਆ।
ਪਹਿਲੇ ਦਿਨ ਜਦੋਂ ਉਹ ਉੱਥੇ ਗਈ ਤਾਂ ਮੈਨੇਜਰ ਨੇ ਉਸਦਾ ਰਿਜ਼ਿਊਮੇ ਵੇਖਿਆ।
ਫਿਰ ਹੈਰਾਨ ਹੋ ਕੇ ਕਿਹਾ,
“ਤੂੰ ਇੰਨੀ ਪੜ੍ਹੀ-ਲਿਖੀ ਏਂ।”
“ਤੈਨੂੰ ਇੱਥੇ ਕੰਮ ਕਰਨ ਦੀ ਕੀ ਲੋੜ ਪੈ ਗਈ?”
ਨੂਰ ਕੁਝ ਪਲ ਚੁੱਪ ਰਹੀ।
ਫਿਰ ਹੌਲੀ ਜਿਹੀ ਮੁਸਕਰਾਈ।
“ਜ਼ਿੰਦਗੀ ਕਦੇ-ਕਦੇ ਸਾਨੂੰ ਉੱਥੇ ਲੈ ਆਉਂਦੀ ਏ ਜਿੱਥੇ ਅਸੀਂ ਸੋਚਿਆ ਵੀ ਨਹੀਂ ਹੁੰਦਾ।”
ਮੈਨੇਜਰ ਕੁਝ ਪਲ ਉਸਨੂੰ ਵੇਖਦੀ ਰਹੀ।
ਫਿਰ ਕਹਿੰਦੀ,
“ਮੈਨੂੰ ਲੱਗਦਾ ਏ ਤੂੰ ਇੱਥੇ ਜ਼ਿਆਦਾ ਦਿਨ ਨਹੀਂ ਰਹਿਣੀ।”
ਨੂਰ ਨੂੰ ਉਸ ਵੇਲੇ ਇਹ ਗੱਲ ਸਮਝ ਨਹੀਂ ਆਈ।
ਪਰ ਉਸਦੇ ਦਿਲ ਵਿੱਚ ਕਿਤੇ ਇੱਕ ਚਿੰਗਾਰੀ ਜ਼ਰੂਰ ਜਗ ਪਈ।
ਉਸਨੂੰ ਆਪਣਾ ਫਾਰਮੇਸੀ ਦਾ ਕੋਰਸ ਯਾਦ ਆਇਆ।
ਉਹ ਸਰਟੀਫਿਕੇਟ ਯਾਦ ਆਇਆ ਜਿਸ ਲਈ ਉਸਨੇ ਮਿਹਨਤ ਕੀਤੀ ਸੀ।
ਉਹ ਸੁਪਨਾ ਯਾਦ ਆਇਆ ਜੋ ਜ਼ਿੰਦਗੀ ਦੀਆਂ ਲੜਾਈਆਂ ਵਿੱਚ ਕਿਤੇ ਦੱਬ ਗਿਆ ਸੀ।
ਉਸ ਰਾਤ ਘਰ ਆ ਕੇ ਉਸਨੇ ਆਪਣਾ ਪੁਰਾਣਾ ਫੋਲਡਰ ਕੱਢਿਆ।
ਸਰਟੀਫਿਕੇਟਾਂ ਦੀ ਧੂੜ ਸਾਫ਼ ਕੀਤੀ।
ਅਤੇ ਪਹਿਲੀ ਵਾਰ ਲੈਪਟਾਪ ਖੋਲ੍ਹ ਕੇ ਫਾਰਮੇਸੀ ਦੀਆਂ ਨੌਕਰੀਆਂ ਲੱਭਣੀਆਂ ਸ਼ੁਰੂ ਕੀਤੀਆਂ।
ਉਸਨੂੰ ਨਹੀਂ ਪਤਾ ਸੀ ਕਿ ਅੱਗੇ ਕੀ ਹੋਵੇਗਾ।
ਪਰ ਇੱਕ ਗੱਲ ਜ਼ਰੂਰ ਪਤਾ ਸੀ।
ਹੁਣ ਉਹ ਸਿਰਫ਼ ਬਚਣ ਲਈ ਨਹੀਂ ਜੀ ਰਹੀ ਸੀ।
ਹੁਣ ਉਹ ਆਪਣੇ ਲਈ ਜੀਣਾ ਸਿੱਖ ਰਹੀ ਸੀ।
ਅਤੇ ਸ਼ਾਇਦ…
ਇਹੀ ਉਸਦੀ ਅਸਲੀ ਸ਼ੁਰੂਆਤ ਸੀ।
✍️ ਪਰਦੀਪ ਕੋਰ