ਅਧਿਆਇ 34 — ਮਹਿਮਾਨ ਜਾਂ ਫ਼ੈਸਲਾ?
ਜਦੋਂ ਨੂਰ ਵਾਪਸ ਘਰ ਆਈ ਤਾਂ ਉਸਨੇ ਆਪਣੇ ਮਨ ਨੂੰ ਸਮਝਾਇਆ।
“ਜੋ ਹੋਇਆ, ਸੋ ਹੋਇਆ।”
“ਸ਼ਾਇਦ ਇਸ ਵਾਰ ਸੱਚਮੁੱਚ ਸਭ ਠੀਕ ਹੋ ਜਾਵੇ।”
ਉਹ ਥੱਕ ਚੁੱਕੀ ਸੀ ਲੜਦਿਆਂ।
ਥੱਕ ਚੁੱਕੀ ਸੀ ਸਮਝਾਉਂਦਿਆਂ।
ਅਤੇ ਸਭ ਤੋਂ ਵੱਧ…
ਥੱਕ ਚੁੱਕੀ ਸੀ ਟੁੱਟਦਿਆਂ।
ਇਸ ਲਈ ਉਸਨੇ ਫ਼ੈਸਲਾ ਕੀਤਾ ਕਿ ਪਿਛਲੀਆਂ ਗੱਲਾਂ ਭੁੱਲ ਕੇ ਇੱਕ ਵਾਰ ਫਿਰ ਕੋਸ਼ਿਸ਼ ਕਰੇਗੀ।
ਕੁਝ ਦਿਨਾਂ ਬਾਅਦ ਅਮਨ ਦੇ ਮਾਂ-ਬਾਪ ਭਾਰਤ ਤੋਂ ਆ ਗਏ।
ਨੂਰ ਖੁਦ ਏਅਰਪੋਰਟ ਗਈ।
ਉਹਨਾਂ ਲਈ ਚਾਹ ਲੈ ਕੇ ਗਈ।
ਘਰ ਆ ਕੇ ਖਾਣਾ ਬਣਾਇਆ।
ਕਮਰੇ ਤਿਆਰ ਕੀਤੇ।
ਉਹ ਸਭ ਕੁਝ ਕਰ ਰਹੀ ਸੀ ਜੋ ਇੱਕ ਨੂਹ ਕਰਦੀ ਹੈ।
ਅਤੇ ਸ਼ਾਇਦ ਉਸ ਤੋਂ ਵੀ ਵੱਧ।
ਕਿਉਂਕਿ ਉਸਦੇ ਦਿਲ ਵਿੱਚ ਅਜੇ ਵੀ ਇੱਜ਼ਤ ਸੀ।
ਭਾਵੇਂ ਉਸਦੇ ਨਾਲ ਇਨਸਾਫ਼ ਨਹੀਂ ਹੋਇਆ ਸੀ।
ਪਹਿਲੇ ਕੁਝ ਦਿਨ ਸਭ ਕੁਝ ਆਮ ਜਿਹਾ ਲੱਗਿਆ।
ਘਰ ਵਿੱਚ ਰੌਣਕ ਸੀ।
ਲੋਕ ਸਨ।
ਗੱਲਾਂ ਸਨ।
ਚਾਹ ਦੇ ਕੱਪ ਸਨ।
ਹਾਸੇ ਵੀ ਕਦੇ-ਕਦੇ ਸੁਣਾਈ ਦੇ ਜਾਂਦੇ ਸਨ।
ਪਰ ਨੂਰ ਨੂੰ ਇੱਕ ਗੱਲ ਖਟਕਦੀ ਸੀ।
ਜਦੋਂ ਵੀ ਅਮਨ, ਉਸਦੀ ਮਾਂ ਅਤੇ ਪਿਤਾ ਇਕੱਠੇ ਬੈਠਦੇ…
ਗੱਲਾਂ ਹੌਲੀ ਆਵਾਜ਼ ਵਿੱਚ ਹੋਣ ਲੱਗਦੀਆਂ।
ਜਿਵੇਂ ਕੋਈ ਗੱਲ ਉਸਤੋਂ ਲੁਕਾਈ ਜਾ ਰਹੀ ਹੋਵੇ।
ਜਿਵੇਂ ਉਹ ਉਸੇ ਘਰ ਵਿੱਚ ਰਹਿ ਕੇ ਵੀ ਉਸ ਘਰ ਦਾ ਹਿੱਸਾ ਨਾ ਹੋਵੇ।
ਇੱਕ ਰਾਤ ਨੂਰ ਆਪਣੇ ਕਮਰੇ ਵਿੱਚ ਸੌਂ ਰਹੀ ਸੀ।
ਅੱਧੀ ਰਾਤ ਨੂੰ ਉਸਦੀ ਅੱਖ ਖੁੱਲ ਗਈ।
ਉਸਨੇ ਹੱਥ ਵਧਾ ਕੇ ਨਾਲ ਵੇਖਿਆ।
ਬਿਸਤਰਾ ਖਾਲੀ ਸੀ।
ਅਮਨ ਕਮਰੇ ਵਿੱਚ ਨਹੀਂ ਸੀ।
ਪਹਿਲਾਂ ਉਸਨੇ ਸੋਚਿਆ ਸ਼ਾਇਦ ਹੇਠਾਂ ਹੋਵੇਗਾ।
ਪਰ ਕੁਝ ਦੇਰ ਬਾਅਦ ਵੀ ਜਦੋਂ ਉਹ ਵਾਪਸ ਨਾ ਆਇਆ ਤਾਂ ਨੂਰ ਉੱਠ ਕੇ ਬਾਹਰ ਆ ਗਈ।
ਘਰ ਵਿੱਚ ਹੌਲੀ ਰੌਸ਼ਨੀ ਸੀ।
ਉਹ ਹੌਲੀ-ਹੌਲੀ ਤੁਰਦੀ ਹੋਈ ਦੂਜੇ ਕਮਰੇ ਵੱਲ ਗਈ।
ਦਰਵਾਜ਼ਾ ਥੋੜ੍ਹਾ ਖੁੱਲ੍ਹਾ ਸੀ।
ਅੰਦਰ ਉਸਨੇ ਜੋ ਵੇਖਿਆ…
ਉਸਦੇ ਦਿਲ ਵਿੱਚ ਇੱਕ ਅਜੀਬ ਜਿਹਾ ਖਾਲੀਪਣ ਭਰ ਗਿਆ।
ਅਮਨ ਆਪਣੀ ਮਾਂ ਦੇ ਕੋਲ ਲੇਟਿਆ ਹੋਇਆ ਸੀ।
ਉਸਦੇ ਪਿਤਾ ਵੀ ਉਸੇ ਕਮਰੇ ਵਿੱਚ ਸਨ।
ਤਿੰਨੇ ਹੌਲੀ-ਹੌਲੀ ਗੱਲਾਂ ਕਰ ਰਹੇ ਸਨ।
ਨੂਰ ਕੁਝ ਪਲ ਦਰਵਾਜ਼ੇ ਕੋਲ ਖੜ੍ਹੀ ਰਹੀ।
ਫਿਰ ਪਿਛਾਂਹ ਮੁੜ ਗਈ
ਪਚਾਪ ਮੁੜ ਗਈ।
ਉਸਨੇ ਕੋਈ ਸਵਾਲ ਨਹੀਂ ਪੁੱਛਿਆ।
ਕੋਈ ਹੰਗਾਮਾ ਨਹੀਂ ਕੀਤਾ।
ਪਰ ਉਸ ਰਾਤ ਉਸਨੂੰ ਪਹਿਲੀ ਵਾਰ ਲੱਗਿਆ ਕਿ ਇਸ ਘਰ ਵਿੱਚ ਕੁਝ ਫ਼ੈਸਲੇ ਹੋ ਰਹੇ ਹਨ…
ਜਿਨ੍ਹਾਂ ਵਿੱਚ ਉਸਦੀ ਕੋਈ ਜਗ੍ਹਾ ਨਹੀਂ।
ਅਗਲੇ ਦਿਨ ਵੀ ਉਹ ਕੰਮ ਤੇ ਗਈ।
ਵਾਪਸ ਆਈ।
ਖਾਣਾ ਬਣਾਇਆ।
ਮੁਸਕਰਾਉਣ ਦੀ ਕੋਸ਼ਿਸ਼ ਕੀਤੀ।
ਪਰ ਉਸਦੇ ਦਿਲ ਵਿੱਚ ਇੱਕ ਅਜੀਬ ਜਿਹਾ ਡਰ ਪੈਦਾ ਹੋ ਗਿਆ ਸੀ।
ਜਿਵੇਂ ਤੂਫ਼ਾਨ ਤੋਂ ਪਹਿਲਾਂ ਹਵਾ ਬਦਲ ਜਾਂਦੀ ਹੈ…
ਉਵੇਂ ਹੀ ਕੁਝ ਬਦਲ ਰਿਹਾ ਸੀ।
ਅਤੇ ਨੂਰ ਨੂੰ ਅਹਿਸਾਸ ਹੋ ਰਿਹਾ ਸੀ ਕਿ ਇਹ ਵਾਪਸੀ…
ਸ਼ਾਇਦ ਘਰ ਬਚਾਉਣ ਲਈ ਨਹੀਂ ਸੀ।
ਸ਼ਾਇਦ ਕਿਸੇ ਹੋਰ ਫ਼ੈਸਲੇ ਲਈ ਸੀ।