ਅਧਿਆਇ 10 — ਸ਼ੱਕ ਦਾ ਜ਼ਹਿਰ
ਨੂਰ ਨੂੰ ਅੱਜ ਵੀ ਸਮਝ ਨਹੀਂ ਆਉਂਦੀ ਸੀ ਕਿ ਅਮਨ ਉਸਨੂੰ ਇੰਨਾ ਸ਼ੱਕ ਕਿਉਂ ਕਰਦਾ ਸੀ।
ਵਿਆਹ ਦੇ ਸ਼ੁਰੂਆਤੀ ਸਾਲਾਂ ਵਿੱਚ ਉਸਨੇ ਇਸ ਗੱਲ ਨੂੰ ਪਿਆਰ ਸਮਝਿਆ ਸੀ।
ਉਸਨੂੰ ਲੱਗਦਾ ਸੀ ਕਿ ਸ਼ਾਇਦ ਅਮਨ ਉਸਦੀ ਬਹੁਤ ਪਰਵਾਹ ਕਰਦਾ ਹੈ।
ਪਰ ਸਮਾਂ ਬੀਤਣ ਨਾਲ ਉਸਨੂੰ ਸਮਝ ਆ ਗਿਆ ਕਿ ਇਹ ਪਰਵਾਹ ਨਹੀਂ ਸੀ।
ਇਹ ਸ਼ੱਕ ਸੀ।
ਅਤੇ ਸ਼ੱਕ ਹੌਲੀ-ਹੌਲੀ ਜ਼ਹਿਰ ਬਣਦਾ ਜਾ ਰਿਹਾ ਸੀ।
ਇੱਕ ਵਾਰ ਨੂਰ ਆਪਣੇ ਪੇਕੇ ਘਰ ਗਈ ਹੋਈ ਸੀ।
ਘਰ ਵਿੱਚ ਰਿਸ਼ਤੇਦਾਰ ਆਏ ਹੋਏ ਸਨ।
ਹਾਸੇ ਦੀਆਂ ਆਵਾਜ਼ਾਂ ਆ ਰਹੀਆਂ ਸਨ।
ਸਾਰੇ ਲਿਵਿੰਗ ਰੂਮ ਵਿੱਚ ਬੈਠੇ ਗੱਲਾਂ ਕਰ ਰਹੇ ਸਨ।
ਅਮਨ ਵੀ ਉੱਥੇ ਹੀ ਸੀ।
ਨੂਰ ਨੇ ਸੋਚਿਆ ਸੀ ਕਿ ਅੱਜ ਦਾ ਦਿਨ ਚੰਗਾ ਲੰਘੇਗਾ।
ਪਰ ਅਚਾਨਕ ਅਮਨ ਉੱਠਿਆ ਅਤੇ ਦੂਜੇ ਕਮਰੇ ਵਿੱਚ ਚਲਾ ਗਿਆ।
ਨੂਰ ਨੇ ਸੋਚਿਆ ਕਿ ਸ਼ਾਇਦ ਉਸਦਾ ਸਿਰ ਦਰਦ ਕਰ ਰਿਹਾ ਹੋਵੇ।
ਜਾਂ ਸ਼ਾਇਦ ਉਸਨੂੰ ਕੋਈ ਕੰਮ ਹੋਵੇ।
ਪਰ ਘਰ ਵਾਪਸ ਆਉਣ ਤੋਂ ਬਾਅਦ ਅਸਲੀ ਗੱਲ ਸਾਹਮਣੇ ਆਈ।
“ਤੂੰ ਕਿਸਦੇ ਕੋਲ ਬੈਠੀ ਸੀ?”
ਅਮਨ ਨੇ ਗੁੱਸੇ ਨਾਲ ਪੁੱਛਿਆ।
ਨੂਰ ਹੈਰਾਨ ਰਹਿ ਗਈ।
“ਕੀ ਮਤਲਬ?”
“ਮੈਨੂੰ ਸਭ ਪਤਾ ਏ।”
ਨੂਰ ਸਮਝ ਹੀ ਨਾ ਸਕੀ ਕਿ ਉਸਦੀ ਗਲਤੀ ਕੀ ਸੀ।
ਉਹ ਤਾਂ ਆਪਣੇ ਹੀ ਘਰ ਵਿੱਚ, ਆਪਣੇ ਹੀ ਰਿਸ਼ਤੇਦਾਰਾਂ ਵਿੱਚ ਬੈਠੀ ਸੀ।
ਪਰ ਅਮਨ ਲਈ ਹਰ ਗੱਲ ਸ਼ੱਕ ਦਾ ਕਾਰਨ ਬਣ ਜਾਂਦੀ ਸੀ।
ਇਹ ਪਹਿਲੀ ਵਾਰ ਨਹੀਂ ਸੀ।
ਨਾਹ ਹੀ ਆਖ਼ਰੀ ਵਾਰ।
ਜਿੱਥੇ ਵੀ ਨੂਰ ਜਾਂਦੀ, ਸ਼ੱਕ ਉਸਦੇ ਨਾਲ ਜਾਂਦਾ।
ਜੇ ਕੰਮ ਉੱਤੇ ਕਿਸੇ ਮੁੰਡੇ ਨੇ ਸਿਰਫ਼ “ਹੈਲੋ” ਕਹਿ ਦਿੱਤਾ…
ਤਾਂ ਘਰ ਆ ਕੇ ਪੁੱਛਗਿੱਛ ਹੁੰਦੀ।
ਜੇ ਕਿਸੇ ਪਾਰਟੀ ਵਿੱਚ ਸਾਰੇ ਸਹਿਕਰਮੀ ਇਕੱਠੇ ਖੜ੍ਹੇ ਹੋ ਕੇ ਤਸਵੀਰ ਖਿੱਚਵਾ ਲੈਂਦੇ…
ਤਾਂ ਰਾਤ ਨੂੰ ਲੜਾਈ ਹੁੰਦੀ।
ਜੇ ਕਿਸੇ ਨੇ ਹੱਸ ਕੇ ਗੱਲ ਕਰ ਲਈ…
ਤਾਂ ਅਮਨ ਦਾ ਮੂੰਹ ਬਣ ਜਾਂਦਾ।
ਹੌਲੀ-ਹੌਲੀ ਨੂਰ ਨੇ ਆਪਣੇ ਆਪ ਨੂੰ ਦੁਨੀਆ ਤੋਂ ਕੱਟਣਾ ਸ਼ੁਰੂ ਕਰ ਦਿੱਤਾ।
ਉਹ ਕੰਮ ਉੱਤੇ ਵੀ ਘੱਟ ਬੋਲਦੀ।
ਪਾਰਟੀਆਂ ਵਿੱਚ ਵੀ ਚੁੱਪ ਰਹਿੰਦੀ।
ਉਸਨੇ ਆਪਣੇ ਆਲੇ-ਦੁਆਲੇ ਇੱਕ ਅਦਿੱਖ ਕੰਧ ਖੜ੍ਹੀ ਕਰ ਲਈ ਸੀ।
ਉਸਨੂੰ ਲੱਗਦਾ ਸੀ ਕਿ ਸ਼ਾਇਦ ਇਸ ਤਰ੍ਹਾਂ ਅਮਨ ਦਾ ਸ਼ੱਕ ਘੱਟ ਹੋ ਜਾਵੇ।
ਪਰ ਨਹੀਂ।
ਸ਼ੱਕ ਕਦੇ ਵੀ ਸਬੂਤ ਨਹੀਂ ਲੱਭਦਾ।
ਉਹ ਸਿਰਫ਼ ਨਵੇਂ ਕਾਰਨ ਲੱਭਦਾ ਹੈ।
ਸਾਲ ਲੰਘਦੇ ਗਏ।
ਨੂਰ ਹਰ ਵਾਰ ਆਪਣੀ ਵਫ਼ਾਦਾਰੀ ਸਾਬਤ ਕਰਦੀ ਰਹੀ।
ਹਰ ਵਾਰ ਆਪਣੇ ਆਪ ਨੂੰ ਸਮਝਾਉਂਦੀ ਰ
ਹਰ ਵਾਰ ਚੁੱਪ ਰਹੀ।
ਪਰ ਬਦਲੇ ਵਿੱਚ ਉਸਨੂੰ ਵਿਸ਼ਵਾਸ ਨਹੀਂ ਮਿਲਿਆ।
ਇਲਜ਼ਾਮ ਮਿਲੇ।
ਸ਼ੱਕ ਮਿਲਿਆ।
ਅਤੇ ਇਕੱਲਾਪਣ ਮਿਲਿਆ।
ਇੱਕ ਰਾਤ ਬਿਸਤਰੇ ਉੱਤੇ ਪਈ ਨੂਰ ਛੱਤ ਵੱਲ ਵੇਖ ਰਹੀ ਸੀ।
ਉਸਦੀਆਂ ਅੱਖਾਂ ਵਿੱਚ ਨੀਂਦ ਨਹੀਂ ਸੀ।
ਦਿਲ ਵਿੱਚ ਇੱਕ ਸਵਾਲ ਵਾਰ-ਵਾਰ ਉੱਠ ਰਿਹਾ ਸੀ।
“ਜਦੋਂ ਮੈਂ ਕੁਝ ਕੀਤਾ ਹੀ ਨਹੀਂ… ਤਾਂ ਮੈਂ ਹਰ ਵਾਰ ਦੋਸ਼ੀ ਕਿਉਂ ਹਾਂ?”
ਉਸ ਰਾਤ ਪਹਿਲੀ ਵਾਰ ਉਸਦੇ ਮਨ ਵਿੱਚ ਇੱਕ ਹੋਰ ਵਿਚਾਰ ਆਇਆ।
ਇੱਕ ਐਸਾ ਵਿਚਾਰ ਜਿਸਨੂੰ ਉਸਨੇ ਸਾਲਾਂ ਤੱਕ ਆਪਣੇ ਨੇੜੇ ਵੀ ਨਹੀਂ ਆਉਣ ਦਿੱਤਾ ਸੀ।
ਸ਼ਾਇਦ…
ਉਸਨੂੰ ਵੀ ਕਿਸੇ ਨਾਲ ਗੱਲ ਕਰਨ ਦੀ ਲੋੜ ਸੀ।
ਸ਼ਾਇਦ…
ਉਸਨੂੰ ਵੀ ਕਿਸੇ ਅਜਿਹੇ ਇਨਸਾਨ ਦੀ ਲੋੜ ਸੀ ਜੋ ਉਸਨੂੰ ਬਿਨਾਂ ਸ਼ੱਕ ਕੀਤੇ ਸੁਣ ਸਕੇ।
ਅਤੇ ਉਸਨੂੰ ਨਹੀਂ ਪਤਾ ਸੀ ਕਿ ਇਹੀ ਸੋਚ ਉਸਦੀ ਜ਼ਿੰਦਗੀ ਨੂੰ ਇੱਕ ਨਵੇਂ ਮੋੜ ਵੱਲ ਲੈ ਕੇ ਜਾਣ ਵਾਲੀ ਸੀ…
ਕਈ ਦਿਨਾਂ ਬਾਅਦ ਨੂਰ ਨੂੰ ਵੀ ਕੁਝ ਚੰਗਾ ਮਹਿਸੂਸ ਹੋ ਰਿਹਾ ਸੀ।
ਕਮਰੇ ਵਿੱਚ ਦੋ ਡਬਲ ਬੈੱਡ ਲੱਗੇ ਹੋਏ ਸਨ।
ਸਾਰੇ ਉਹਨਾਂ ਉੱਤੇ ਬੈਠ ਕੇ ਟੀਵੀ ਵੇਖ ਰਹੇ ਸਨ।
ਟੀਵੀ ਉੱਤੇ ਗੁਰਦਾਸ ਮਾਨ ਦਾ ਇੱਕ ਗਾਣਾ ਚੱਲ ਰਿਹਾ ਸੀ।
ਨੂਰ ਬਚਪਨ ਤੋਂ ਹੀ ਗੁਰਦਾਸ ਮਾਨ ਦੇ ਗੀਤ ਸੁਣਦੀ ਆਈ ਸੀ।
ਉਹ ਮੁਸਕਰਾਈ ਅਤੇ ਬਿਲਕੁਲ ਸਹਿਜਤਾ ਨਾਲ ਬੋਲ ਪਈ,
“ਮੈਨੂੰ ਗੁਰਦਾਸ ਮਾਨ ਬਹੁਤ ਵਧੀਆ ਲੱਗਦਾ ਏ।”
ਇਹ ਇੱਕ ਆਮ ਜਿਹੀ ਗੱਲ ਸੀ।
ਇੱਕ ਆਮ ਜਿਹਾ ਵਾਕ।
ਜਿਸ ਉੱਤੇ ਕੋਈ ਵੀ ਮੁਸਕਰਾ ਕੇ ਅੱਗੇ ਗੱਲ ਕਰ ਸਕਦਾ ਸੀ।
ਪਰ ਨੂਰ ਭੁੱਲ ਗਈ ਸੀ ਕਿ ਉਸਦੇ ਸਾਹਮਣੇ ਬੈਠਾ ਆਦਮੀ ਆਮ ਨਹੀਂ ਸੀ।
ਅਮਨ ਉਸਦੇ ਬਿਲਕੁਲ ਸਾਹਮਣੇ ਬੈਠਾ ਸੀ।
ਉਸਦੇ ਚਿਹਰੇ ਉੱਤੇ ਕੋਈ ਹਾਵ-ਭਾਵ ਨਹੀਂ ਆਏ।
ਉਹ ਚੁੱਪ ਰਿਹਾ।
ਇੰਨਾ ਚੁੱਪ ਕਿ ਨੂਰ ਨੂੰ ਲੱਗਿਆ ਸ਼ਾਇਦ ਉਸਨੇ ਸੁਣਿਆ ਹੀ ਨਹੀਂ।
ਕੁਝ ਦੇਰ ਬਾਅਦ ਜਦੋਂ ਸਾਰਿਆਂ ਦਾ ਧਿਆਨ ਟੀਵੀ ਵੱਲ ਸੀ…
ਅਚਾਨਕ ਅਮਨ ਨੇ ਆਪਣੀ ਲੱਤ ਅੱਗੇ ਮਾਰੀ।
ਇੰਨੀ ਜ਼ੋਰ ਨਾਲ…
ਕਿ ਉਹ ਸਿੱਧੀ ਨੂਰ ਦੀ ਲੱਤ ਵਿੱਚ ਲੱਗੀ।
ਨੂਰ ਦੇ ਮੂੰਹੋਂ ਚੀਕ ਨਿਕਲਦੇ-ਨਿਕਲਦੇ ਰਹਿ ਗਈ।
ਦਰਦ ਦੀ ਇੱਕ ਲਹਿਰ ਉਸਦੇ ਪੂਰੇ ਸਰੀਰ ਵਿੱਚ ਦੌੜ ਗਈ।
ਪਰ ਕਮਰੇ ਵਿੱਚ ਬੈਠੇ ਕਿਸੇ ਨੂੰ ਕੁਝ ਸਮਝ ਨਾ ਆਇਆ।
ਸਾਰੇ ਟੀਵੀ ਵੇਖ ਰਹੇ ਸਨ।
ਸਾਰੇ ਹੱਸ ਰਹੇ ਸਨ।
ਅਤੇ ਨੂਰ…
ਨੂਰ ਆਪਣੇ ਹੰਝੂ ਰੋਕ ਰਹੀ ਸੀ।
ਉਸਨੇ ਅਮਨ ਵੱਲ ਵੇਖਿਆ।
ਉਸਦੀਆਂ ਅੱਖਾਂ ਵਿੱਚ ਗੁੱਸਾ ਸੀ।
ਸਿਰਫ਼ ਗੁੱਸਾ।
ਜਿਵੇਂ ਨੂਰ ਨੇ ਕੋਈ ਵੱਡਾ ਜੁਰਮ ਕਰ ਦਿੱਤਾ ਹੋਵੇ।
ਸਿਰਫ਼ ਇਸ ਲਈ ਕਿ ਉਸਨੇ ਕਿਹਾ ਸੀ ਕਿ ਉਸਨੂੰ ਗੁਰਦਾਸ ਮਾਨ ਪਸੰਦ ਹੈ।
ਉਸ ਰਾਤ ਨੂਰ ਨੂੰ ਨੀਂਦ ਨਾ ਆਈ।
ਉਸਦੀ ਲੱਤ ਲਗਾਤਾਰ ਦਰਦ ਕਰ ਰਹੀ ਸੀ।
ਹਰ ਵਾਰ ਕਰਵਟ ਬਦਲਦਿਆਂ ਦਰਦ ਹੋਰ ਵਧ ਜਾਂਦਾ।
ਸਵੇਰ ਹੋਣ ਤੱਕ ਹਾਲਤ ਇਹ ਹੋ ਗਈ ਕਿ ਉਸਤੋਂ ਠੀਕ ਤਰ੍ਹਾਂ ਖੜ੍ਹਾ ਵੀ ਨਹੀਂ ਹੋ ਰਿਹਾ ਸੀ।
ਜਦੋਂ ਉਹ ਉੱਠਣ ਲੱਗੀ ਤਾਂ ਦਰਦ ਨਾਲ ਉਸਦੇ ਮੂੰਹੋਂ ਆਹ ਨਿਕਲ ਗਈ।
ਮਾਂ ਨੇ ਤੁਰੰਤ ਧਿਆਨ ਕੀਤਾ।
“ਕੀ ਹੋਇਆ ਧੀਏ?”
ਨੂਰ ਨੇ ਪਹਿਲਾਂ ਕੁਝ ਨਾ ਕਿਹਾ।
ਜਿਵੇਂ ਉਹ ਹਮੇਸ਼ਾ ਕਰਦੀ ਸੀ।
ਜਿਵੇਂ ਸਾਲਾਂ ਤੋਂ ਕਰਦੀ ਆ ਰਹੀ ਸੀ|
ਪਰਦੀਪ ਕੋਰ