ਅਧਿਆਇ 14 — ਅੱਧੀ ਰਾਤ ਦਾ ਇੰਤਜ਼ਾਰ

ਨੂਰ ਨੂੰ ਹਮੇਸ਼ਾ ਕੰਮ ਕਰਨ ਤੋਂ ਡਰ ਨਹੀਂ ਸੀ।

ਉਹ ਮਿਹਨਤ ਤੋਂ ਕਦੇ ਪਿੱਛੇ ਨਹੀਂ ਹਟੀ।

ਦਿਨ ਭਰ ਦੀ ਨੌਕਰੀ ਕਰਨੀ…

ਫਿਰ ਸ਼ਾਮ ਨੂੰ ਪਾਰਟ ਟਾਈਮ ਕੰਮ ਤੇ ਜਾਣਾ…

ਇਹ ਉਸਦੀ ਜ਼ਿੰਦਗੀ ਦਾ ਹਿੱਸਾ ਬਣ ਚੁੱਕਾ ਸੀ।

ਸਵੇਰੇ ਤੋਂ ਸ਼ਾਮ ਤੱਕ ਇੱਕ ਕੰਮ।

ਫਿਰ ਕੁਝ ਘੰਟਿਆਂ ਲਈ ਦੂਜਾ।

ਸਰੀਰ ਥੱਕ ਜਾਂਦਾ ਸੀ।

ਪਰ ਨੂਰ ਫਿਰ ਵੀ ਮੁਸਕਰਾ ਕੇ ਕੰਮ ਕਰਦੀ ਰਹਿੰਦੀ।

ਉਸਨੂੰ ਲੱਗਦਾ ਸੀ ਕਿ ਦੋਵੇਂ ਮਿਲ ਕੇ ਮਿਹਨਤ ਕਰ ਰਹੇ ਹਨ।

ਦੋਵੇਂ ਮਿਲ ਕੇ ਭਵਿੱਖ ਬਣਾ ਰਹੇ ਹਨ।

ਉਸ ਦਿਨ ਵੀ ਉਹ ਗੈਸ ਸਟੇਸ਼ਨ ਉੱਤੇ ਪਾਰਟ ਟਾਈਮ ਕੰਮ ਕਰ ਰਹੀ ਸੀ।

ਰਾਤ ਕਾਫ਼ੀ ਹੋ ਚੁੱਕੀ ਸੀ।

ਘੜੀ ਹੌਲੀ-ਹੌਲੀ ਗਿਆਰਾਂ ਵੱਜਣ ਵੱਲ ਵੱਧ ਰਹੀ ਸੀ।

ਸਟੋਰ ਬੰਦ ਕਰਨ ਦਾ ਸਮਾਂ ਸੀ।

ਦਿਨ ਭਰ ਕੰਮ ਕਰਨ ਤੋਂ ਬਾਅਦ ਉਸਦੇ ਪੈਰ ਦਰਦ ਕਰ ਰਹੇ ਸਨ।

ਪਰ ਦਿਲ ਵਿੱਚ ਇੱਕ ਛੋਟੀ ਜਿਹੀ ਖੁਸ਼ੀ ਸੀ।

ਉਸਨੇ ਸੋਚਿਆ ਕਿ ਅੱਜ ਦੋਵੇਂ ਮਿਲ ਕੇ ਮਿਹਨਤ ਕਰ ਰਹੇ ਹਨ।

ਥੋੜ੍ਹੇ ਪੈਸੇ ਬਚ ਜਾਣਗੇ।

ਜ਼ਿੰਦਗੀ ਕੁਝ ਆਸਾਨ ਹੋ ਜਾਵੇਗੀ।

ਕੰਮ ਦੌਰਾਨ ਉਸਨੇ ਅਮਨ ਨੂੰ ਹੌਲੀ ਜਿਹੇ ਕਿਹਾ,

“ਵੇਖੋ… ਅਸੀਂ ਦੋਵੇਂ ਕਿੰਨੀ ਮਿਹਨਤ ਕਰ ਰਹੇ ਆਂ। ਕਦੇ-ਕਦੇ ਆਪਣੇ ਲਈ ਵੀ ਕੁਝ ਕਰ ਲਿਆ ਕਰੀਏ।”

ਇਹ ਕੋਈ ਸ਼ਿਕਾਇਤ ਨਹੀਂ ਸੀ।

ਇੱਕ ਆਮ ਜਿਹੀ ਗੱਲ ਸੀ।

ਪਰ ਅਮਨ ਦਾ ਚਿਹਰਾ ਤੁਰੰਤ ਬਦਲ ਗਿਆ।

ਨੂਰ ਸਮਝ ਗਈ ਕਿ ਫਿਰ ਕੁਝ ਗਲਤ ਹੋ ਗਿਆ ਹੈ।

ਉਹ ਚੁੱਪ ਹੋ ਗਈ।

ਰਾਤ ਗਿਆਰਾਂ ਵਜੇ ਸਟੇਸ਼ਨ ਬੰਦ ਹੋ ਗਿਆ।

ਨੂਰ ਨੇ ਸਫ਼ਾਈ ਕੀਤੀ।

ਕਾਊਂਟਰ ਬੰਦ ਕੀਤਾ।

ਬੱਤੀਆਂ ਬੰਦ ਕੀਤੀਆਂ।

ਅਤੇ ਬਾਹਰ ਆ ਗਈ।

ਉਸਨੂੰ ਲੱਗਿਆ ਅਮਨ ਕਾਰ ਕੋਲ ਉਡੀਕ ਕਰ ਰਿਹਾ ਹੋਵੇਗਾ।

ਪਰ ਬਾਹਰ ਕੋਈ ਨਹੀਂ ਸੀ।

ਪਾਰਕਿੰਗ ਖਾਲੀ ਸੀ।

ਨੂਰ ਨੇ ਇੱਕ ਵਾਰ ਇਧਰ ਵੇਖਿਆ।

ਇੱਕ ਵਾਰ ਉਧਰ।

ਫਿਰ ਉਸਦਾ ਦਿਲ ਧੜਕਣ ਲੱਗਾ।

ਅਮਨ ਉਸਨੂੰ ਛੱਡ ਕੇ ਜਾ ਚੁੱਕਿਆ ਸੀ।

ਰਾਤ ਦੇ ਗਿਆਰਾਂ ਵਜੇ।

ਇਕੱਲੀ।

ਉਸਨੇ ਫ਼ੋਨ ਕੀਤਾ।

ਕੋਈ ਜਵਾਬ ਨਹੀਂ।

ਫਿਰ ਕੀਤਾ।

ਫਿਰ ਵੀ ਨਹੀਂ।

ਠੰਡੀ ਹਵਾ ਚੱਲ ਰਹੀ ਸੀ।

ਆਲੇ-ਦੁਆਲੇ ਹਨੇਰਾ  ਸੀ ।

ਨੂਰ ਹੌਲੀ ਜਿਹੀ ਤੁਰ ਕੇ ਕੂੜੇ ਵਾਲੇ ਡੱਬਿਆਂ ਕੋਲ ਜਾ ਬੈਠੀ।

ਉਹ ਥੱਕੀ ਹੋਈ ਸੀ।

ਦੁੱਖੀ ਸੀ।

ਅਤੇ ਸਭ ਤੋਂ ਵੱਧ ਬੇਇਜ਼ਤ ਮਹਿਸੂਸ ਕਰ ਰਹੀ ਸੀ।

ਅੱਧਾ ਘੰਟਾ ਲੰਘ ਗਿਆ।

ਫਿਰ ਇੱਕ ਕਾਰ ਆ ਕੇ ਰੁਕੀ।

ਅਮਨ ਵਾਪਸ ਆ ਗਿਆ ਸੀ।

ਜਿਵੇਂ ਕੁਝ ਹੋਇਆ ਹੀ ਨਾ ਹੋਵੇ।

ਨੂਰ ਚੁੱਪਚਾਪ ਕਾਰ ਵਿੱਚ ਬੈਠ ਗਈ।

ਕਈ ਵਾਰ ਇਨਸਾਨ ਲੜਨ ਦੀ ਤਾਕਤ ਵੀ ਗੁਆ ਬੈਠਦਾ ਹੈ।


ਪਰ ਇਹ ਪਹਿਲੀ ਵਾਰ ਨਹੀਂ ਸੀ।

ਇੱਕ ਹੋਰ ਰਾਤ ਨੂਰ ਨੂੰ ਅੱਜ ਵੀ ਯਾਦ ਸੀ।

ਉਸ ਦਿਨ ਵੀ ਕਿਸੇ ਗੱਲ ਉੱਤੇ ਲੜਾਈ ਹੋਈ ਸੀ।

ਨੂਰ ਨੂੰ ਅੱਜ ਤੱਕ ਯਾਦ ਨਹੀਂ ਕਿ ਗੱਲ ਕੀ ਸੀ।

ਪਰ ਉਸਨੂੰ ਇਹ ਜ਼ਰੂਰ ਯਾਦ ਸੀ ਕਿ ਅਮਨ ਨੇ ਦਰਵਾਜ਼ਾ ਖੋਲ੍ਹਿਆ ਅਤੇ ਕਿਹਾ,

“ਬਾਹਰ ਨਿਕਲ ਜਾ।”

ਪਹਿਲਾਂ ਤਾਂ ਨੂਰ ਨੂੰ ਲੱਗਿਆ ਕਿ ਉਹ ਗੁੱਸੇ ਵਿੱਚ ਕਹਿ ਰਿਹਾ ਹੈ।

ਪਰ ਕੁਝ ਮਿੰਟਾਂ ਬਾਅਦ ਉਹ ਸੱਚਮੁੱਚ ਘਰ ਤੋਂ ਬਾਹਰ ਸੀ।

ਰਾਤ ਸੀ।

ਅਪਾਰਟਮੈਂਟ ਦੀਆਂ ਬੱਤੀਆਂ ਜਲ ਰਹੀਆਂ ਸਨ।

ਪਰ ਨੂਰ ਲਈ ਹਰ ਪਾਸੇ ਹਨੇਰਾ ਸੀ।

ਉਹ ਹੌਲੀ-ਹੌਲੀ ਤੁਰਦੀ ਹੋਈ ਗਰਾਜ ਵਿੱਚ ਜਾ ਬੈਠੀ।

ਸੀਮੈਂਟ ਦਾ ਠੰਢਾ ਫਰਸ਼।

ਚਾਰੇ ਪਾਸੇ ਖੜ੍ਹੀਆਂ ਗੱਡੀਆਂ।

ਅਤੇ ਵਿਚਕਾਰ ਬੈਠੀ ਨੂਰ।

ਉਸਨੇ ਆਪਣੀਆਂ ਬਾਂਹਾਂ ਆਪਣੇ ਆਲੇ-ਦੁਆਲੇ ਲਪੇਟ ਲਈਆਂ।

ਠੰਢ ਤੋਂ ਬਚਣ ਲਈ।

ਜਾਂ ਸ਼ਾਇਦ ਆਪਣੇ ਆਪ ਨੂੰ ਸੰਭਾਲਣ ਲਈ।

ਉਹ ਪੂਰੀ ਰਾਤ ਉੱਥੇ ਬੈਠੀ ਰਹੀ।

ਘੜੀ ਚਲਦੀ ਰਹੀ।

ਰਾਤ ਲੰਘਦੀ ਰਹੀ।

ਅਤੇ ਨੂਰ ਸੋਚਦੀ ਰਹੀ।

ਕੀ ਇਹੀ ਵਿਆਹ ਸੀ?

ਕੀ ਇਹੀ ਉਹ ਜ਼ਿੰਦਗੀ ਸੀ ਜਿਸਦੇ ਸੁਪਨੇ ਉਸਨੇ ਵੇਖੇ ਸਨ?

ਸਵੇਰ ਹੋਣ ਤੋਂ ਕੁਝ ਪਹਿਲਾਂ ਉਸਦੀ ਨਜ਼ਰ ਇੱਕ ਜਾਲੀ ਵੱਲ ਪਈ।

ਉਸਨੇ ਹੌਲੀ ਜਿਹੇ ਉਸਨੂੰ ਹਿਲਾਇਆ।

ਫਿਰ ਥੋੜ੍ਹਾ ਹੋਰ।

ਕਾਫ਼ੀ ਕੋਸ਼ਿਸ਼ ਤੋਂ ਬਾਅਦ ਉਸ ਲਈ ਅੰਦਰ ਜਾਣ ਜਿੰਨੀ ਥਾਂ ਬਣ ਗਈ।

ਉਹ ਹੌਲੀ ਜਿਹੇ ਅੰਦਰ ਆ ਗਈ।

ਘਰ ਉਹੀ ਸੀ।

ਕੰਧਾਂ ਉਹੀ ਸਨ।

ਪਰ ਨੂਰ ਦੇ ਅੰਦਰ ਕੁਝ ਬਦਲਣਾ ਸ਼ੁਰੂ ਹੋ ਗਿਆ ਸੀ।

ਉਹ ਦਰਦ ਜੋ ਸਾਲਾਂ ਤੋਂ ਸਹਿ ਰਹੀ ਸੀ…

ਹੁਣ ਉਸਦੇ ਅੰਦਰ ਇੱਕ ਹੋਰ ਸਵਾਲ ਜਨਮ ਦੇ ਰਿਹਾ ਸੀ।

ਇੱਕ ਐਸਾ ਸਵਾਲ ਜਿਸ ਤੋਂ ਉਹ ਸਾਲਾਂ ਭੱਜਦੀ ਰਹੀ ਸੀ।

ਜੇ ਕਿਸੇ ਰਿਸ਼ਤੇ ਵਿੱਚ ਇੱਜ਼ਤ ਹੀ ਨਾ ਰਹੇ…

ਤਾਂ ਕੀ ਸਿਰਫ਼ ਨਾਮ ਦਾ ਰਿਸ਼ਤਾ ਬਚਦਾ ਹੈ?

ਨੂਰ ਨੂੰ ਅਜੇ ਜਵਾਬ ਨਹੀਂ ਮਿਲਿਆ ਸੀ।

ਪਰ ਉਸਦੇ ਦਿਲ ਵਿੱਚ ਪਹਿਲੀ ਵਾਰ ਇੱਕ ਖਾਲੀ ਜਗ੍ਹਾ ਬਣ ਗਈ ਸੀ।

ਅਤੇ ਖਾਲੀ ਜਗ੍ਹਾਂ ਇੱਕ ਦਿਨ ਭਰ ਜਾਂਦੀਆਂ ਹਨ…

ਕਿਸੇ ਨਾ ਕਿਸੇ ਨਾਲ

Pages: 1 2 3 4 5 6 7 8 9 10 11 12 13 14 15 16 17 18 19 20 21 22 23 24 25 26 27 28 29 30 31 32 33 34 35 36 37 38 39 40 41 42 43 44 45 46 47