ਅਧਿਆਇ 32 — ਪਿੱਛਾ
ਉਸ ਰਾਤ ਨੂਰ ਖਿੜਕੀ ਕੋਲ ਬੈਠੀ ਕਾਫ਼ੀ ਦੇਰ ਬਾਹਰ ਵੇਖਦੀ ਰਹੀ।
ਉਸਦੀ ਜ਼ਿੰਦਗੀ ਹੌਲੀ-ਹੌਲੀ ਪਟੜੀ ਉੱਤੇ ਆ ਰਹੀ ਸੀ।
ਨਵੀਂ ਨੌਕਰੀ ਮਿਲ ਗਈ ਸੀ।
ਬਰਗਰ ਕਿੰਗ ਦੀ ਪਾਰਟ-ਟਾਈਮ ਵੀ ਚੱਲ ਰਹੀ ਸੀ।
ਅਪਾਰਟਮੈਂਟ ਛੋਟਾ ਸੀ, ਪਰ ਆਪਣਾ ਸੀ।
ਹੁਣ ਉਸਨੂੰ ਕਿਸੇ ਦੀ ਇਜਾਜ਼ਤ ਲੈ ਕੇ ਸਾਹ ਨਹੀਂ ਲੈਣਾ ਪੈਂਦਾ ਸੀ।
ਪਹਿਲੀ ਵਾਰ ਉਸਨੂੰ ਮਹਿਸੂਸ ਹੋ ਰਿਹਾ ਸੀ ਕਿ ਜ਼ਿੰਦਗੀ ਸ਼ਾਇਦ ਇੰਨੀ ਵੀ ਮਾੜੀ ਨਹੀਂ।
ਪਰ ਨੂਰ ਨੂੰ ਨਹੀਂ ਪਤਾ ਸੀ ਕਿ ਕੁਝ ਲੋਕ ਅਜੇ ਵੀ ਉਸਨੂੰ ਆਪਣੀ ਮਰਜ਼ੀ ਨਾਲ ਜੀਉਂਦਾ ਨਹੀਂ ਦੇਖ ਸਕਦੇ ਸਨ।
ਇੱਕ ਸ਼ਾਮ ਉਹ ਆਪਣੀ ਇਲੈਕਟ੍ਰਾਨਿਕ ਕੰਪਨੀ ਤੋਂ ਨਿਕਲੀ।
ਕੰਮ ਵਾਲਾ ਦਿਨ ਲੰਮਾ ਸੀ।
ਸਰੀਰ ਥੱਕਿਆ ਹੋਇਆ ਸੀ।
ਉਹ ਆਪਣੀ ਕਾਰ ਵਿੱਚ ਬੈਠੀ ਅਤੇ ਘਰ ਵੱਲ ਤੁਰ ਪਈ।
ਸੜਕ ਉੱਤੇ ਟਰੈਫਿਕ ਘੱਟ ਸੀ।
ਰਾਤ ਹੌਲੀ-ਹੌਲੀ ਡੂੰਘੀ ਹੋ ਰਹੀ ਸੀ।
ਕੁਝ ਮਿੰਟਾਂ ਬਾਅਦ ਉਸਨੂੰ ਅਹਿਸਾਸ ਹੋਇਆ ਕਿ ਇੱਕ ਕਾਰ ਕਾਫ਼ੀ ਦੇਰ ਤੋਂ ਉਸਦੇ ਪਿੱਛੇ ਆ ਰਹੀ ਹੈ।
ਪਹਿਲਾਂ ਉਸਨੇ ਧਿਆਨ ਨਾ ਦਿੱਤਾ।
ਪਰ ਜਦੋਂ ਉਸਨੇ ਦੋ ਵੱਖ-ਵੱਖ ਮੋੜ ਲਏ ਅਤੇ ਉਹ ਕਾਰ ਫਿਰ ਵੀ ਪਿੱਛੇ ਰਹੀ…
ਉਸਦਾ ਦਿਲ ਘਬਰਾਉਣ ਲੱਗ ਪਿਆ।
ਨੂਰ ਨੇ ਰੀਅਰ ਵਿਊ ਮਿਰਰ ਵਿੱਚ ਵੇਖਿਆ।
ਦੂਰ ਹਨੇਰੇ ਵਿੱਚ ਹੈੱਡਲਾਈਟਾਂ ਚਮਕ ਰਹੀਆਂ ਸਨ।
ਉਹ ਤੇਜ਼ ਸਾਹ ਲੈਣ ਲੱਗੀ।
ਉਸਨੂੰ ਪੁਰਾਣੇ ਦਿਨ ਯਾਦ ਆ ਗਏ।
ਉਹੀ ਡਰ।
ਉਹੀ ਬੇਚੈਨੀ।
ਉਹੀ ਅਣਜਾਣ ਜਿਹਾ ਖ਼ਤਰਾ।
ਜਦੋਂ ਉਹ ਆਪਣੇ ਅਪਾਰਟਮੈਂਟ ਕੰਪਲੈਕਸ ਵਿੱਚ ਮੁੜੀ ਤਾਂ ਉਹ ਕਾਰ ਵੀ ਮੁੜ ਗਈ।
ਹੁਣ ਨੂਰ ਨੂੰ ਯਕੀਨ ਹੋ ਗਿਆ ਸੀ ਕਿ ਗੱਲ ਆਮ ਨਹੀਂ।
ਉਸਨੇ ਕਾਰ ਪਾਰਕ ਕੀਤੀ।
ਅਤੇ ਬਾਹਰ ਨਿਕਲੀ।
ਉਸੇ ਵੇਲੇ ਪਿੱਛੇ ਵਾਲੀ ਕਾਰ ਵੀ ਰੁਕ ਗਈ।
ਨੂਰ ਦਾ ਦਿਲ ਜ਼ੋਰ-ਜ਼ੋਰ ਨਾਲ ਧੜਕਣ ਲੱਗ ਪਿਆ।
ਕਾਰ ਦਾ ਦਰਵਾਜ਼ਾ ਖੁੱਲਿਆ।
ਅਤੇ ਬਾਹਰ ਅਮਨ ਨਿਕਲਿਆ।
ਉਸਦੇ ਨਾਲ ਇੱਕ ਹੋਰ ਆਦਮੀ ਵੀ ਸੀ।
ਸ਼ਾਇਦ ਉਸਦਾ ਕੋਈ ਦੋਸਤ।
ਨੂਰ ਕੁਝ ਪਲ ਲਈ ਓਥੇ ਹੀ ਖੜ੍ਹੀ ਰਹਿ ਗਈ।
ਉਸਨੇ ਸੋਚਿਆ ਵੀ ਨਹੀਂ ਸੀ ਕਿ ਅਮਨ ਇੱਥੇ ਆਵੇਗਾ।
ਅਤੇ ਉਹ ਵੀ ਇਸ ਤਰ੍ਹਾਂ।
ਅਮਨ ਹੌਲੀ-ਹੌਲੀ ਉਸਦੇ ਵੱਲ ਆਇਆ।
“ਨੂਰ…”
ਉਸਦੀ ਆਵਾਜ਼ ਪਹਿਲਾਂ ਨਾਲੋਂ ਵੱਖਰੀ ਸੀ।
ਨੂਰ ਨੇ ਕੋਈ ਜਵਾਬ ਨਾ ਦਿੱਤਾ।
“ਘਰ ਚੱਲ।”
ਅਮਨ ਨੇ ਸਿੱਧਾ ਕਿਹਾ।
ਨੂਰ ਨੇ ਹੈਰਾਨੀ ਨਾਲ ਉਸ ਵੱਲ ਵੇਖਿਆ।
“ਕਿਹੜਾ ਘਰ?”
ਉਸਦੇ ਮੂੰਹੋਂ ਆਪਣੇ ਆਪ ਨਿਕਲਿਆ।
ਅਮਨ ਕੁਝ ਪਲ ਚੁੱਪ ਰਿਹਾ।
ਫਿਰ ਬੋਲਿਆ,
“ਆਪਣਾ ਘਰ।”
ਨੂਰ ਦੇ ਦਿਲ ਵਿੱਚ ਇੱਕ ਕੌੜੀ ਜਿਹੀ ਹਾਸੀ ਉੱਠੀ।
ਉਹੀ ਘਰ…
ਜਿੱਥੋਂ ਉਹ ਟੁੱਟ ਕੇ ਨਿਕਲੀ ਸੀ।
ਉਹੀ ਘਰ…
ਜਿੱਥੇ ਉਸਨੂੰ ਹਰ ਰੋਜ਼ ਆਪਣੀ ਕੀਮਤ ਸਾਬਤ ਕਰਨੀ ਪੈਂਦੀ ਸੀ।
ਉਹੀ ਘਰ…
ਜਿੱਥੇ ਉਸਦੇ ਹੰਝੂਆਂ ਦੀ ਕੋਈ ਕੀਮਤ ਨਹੀਂ ਸੀ।
ਕੁਝ ਪਲਾਂ ਲਈ ਦੋਵੇਂ ਚੁੱਪ ਖੜ੍ਹੇ ਰਹੇ।
ਠੰਡੀ ਹਵਾ ਚੱਲ ਰਹੀ ਸੀ।
ਅਪਾਰਟਮੈਂਟ ਦੀਆਂ ਬੱਤੀਆਂ ਦੂਰ ਚਮਕ ਰਹੀਆਂ ਸਨ।
ਅਤੇ ਨੂਰ ਸੋਚ ਰਹੀ ਸੀ…
ਕੀ ਸੱਚਮੁੱਚ ਕੋਈ ਇਨਸਾਨ ਇੰਨੇ ਸਾਲਾਂ ਬਾਅਦ ਵੀ ਨਹੀਂ ਸਮਝਦਾ ਕਿ ਟੁੱਟਿਆ ਹੋਇਆ ਦਿਲ ਸਿਰਫ਼ “ਘਰ ਚੱਲ” ਕਹਿਣ ਨਾਲ ਵਾਪਸ ਨਹੀਂ ਜੁੜਦਾ?
ਪਰ ਉਸ ਰਾਤ…
ਉਸਦੀ ਜ਼ਿੰਦਗੀ ਇੱਕ ਹੋਰ ਮੋੜ ਲੈਣ ਵਾਲੀ ਸੀ।