ਅਧਿਆਇ 35 — ਲਾਇਰ ਦਾ ਦਫ਼ਤਰ

ਅਮਨ ਦੇ ਮਾਂ-ਬਾਪ ਨੂੰ ਆਏ ਹੋਏ ਕੁਝ ਦਿਨ ਹੋ ਗਏ ਸਨ।

ਨੂਰ ਹਰ ਰੋਜ਼ ਕੰਮ ਤੇ ਜਾਂਦੀ।

ਘਰ ਆਉਂਦੀ।

ਖਾਣਾ ਬਣਾਉਂਦੀ।

ਅਤੇ ਆਪਣੇ ਆਪ ਨੂੰ ਇਹੀ ਸਮਝਾਉਂਦੀ ਰਹਿੰਦੀ ਕਿ ਸ਼ਾਇਦ ਹੁਣ ਸਭ ਠੀਕ ਹੋ ਜਾਵੇ।

ਪਰ ਅੰਦਰੋਂ ਅੰਦਰ ਉਸਨੂੰ ਮਹਿਸੂਸ ਹੋ ਰਿਹਾ ਸੀ ਕਿ ਕੁਝ ਬਹੁਤ ਵੱਡਾ ਹੋਣ ਵਾਲਾ ਹੈ।


ਇੱਕ ਸ਼ਾਮ ਉਹ ਇਲੈਕਟ੍ਰਾਨਿਕ ਕੰਪਨੀ ਤੋਂ ਘਰ ਆਈ।

ਉਸਨੇ ਜੁੱਤੀ ਉਤਾਰੀ ਹੀ ਸੀ ਕਿ ਅਮਨ ਨੇ ਕਿਹਾ,

“ਕੱਲ੍ਹ ਛੁੱਟੀ ਲੈ ਲਈਂ।”

ਨੂਰ ਹੈਰਾਨ ਹੋ ਕੇ ਉਸ ਵੱਲ ਵੇਖਣ ਲੱਗੀ।

“ਕਿਉਂ?”

ਅਮਨ ਕੁਝ ਪਲ ਚੁੱਪ ਰਿਹਾ।

ਫਿਰ ਬੋਲਿਆ,

“ਆਪਾਂ ਲਾਇਰ ਕੋਲ ਜਾਣਾ ਏ।”

ਨੂਰ ਦੇ ਹੱਥ ਓਥੇ ਹੀ ਰੁਕ ਗਏ।

ਉਸਦੇ ਕੰਨਾਂ ਵਿੱਚ ਜਿਵੇਂ ਕੋਈ ਧਮਾਕਾ ਹੋਇਆ ਹੋਵੇ।

ਉਹ ਕੁਝ ਸਕਿੰਟ ਉਸ ਵੱਲ ਵੇਖਦੀ ਰਹੀ।

“ਕਿਸ ਲਈ?”

ਹਾਲਾਂਕਿ ਉਸਨੂੰ ਜਵਾਬ ਪਹਿਲਾਂ ਹੀ ਪਤਾ ਸੀ।

ਅਮਨ ਨੇ ਸਿੱਧਾ ਕਿਹਾ,

“ਡਿਵੋਰਸ ਲਈ।”

ਘਰ ਵਿੱਚ ਖਾਮੋਸ਼ੀ ਛਾ ਗਈ।

ਅਮਨ ਦੀ ਮਾਂ ਰਸੋਈ ਵਿੱਚ ਸੀ।

ਉਸਦਾ ਪਿਤਾ ਟੀਵੀ ਵੇਖ ਰਿਹਾ ਸੀ।

ਜਿਵੇਂ ਇਹ ਕੋਈ ਆਮ ਗੱਲ ਹੋਵੇ।

ਜਿਵੇਂ ਕਿਸੇ ਦੀ ਪੰਦਰਾਂ ਸਾਲਾਂ ਦੀ ਜ਼ਿੰਦਗੀ ਦਾ ਫ਼ੈਸਲਾ ਨਹੀਂ…

ਸਿਰਫ਼ ਇੱਕ ਕਾਗਜ਼ੀ ਕਾਰਵਾਈ ਹੋਵੇ।


ਉਸ ਰਾਤ ਨੂਰ ਨੂੰ ਨੀਂਦ ਨਾ ਆਈ।

ਉਹ ਛੱਤ ਵੱਲ ਵੇਖਦੀ ਰਹੀ।

ਉਸਦੇ ਮਨ ਵਿੱਚ ਸੈਂਕੜੇ ਵਿਚਾਰ ਘੁੰਮ ਰਹੇ ਸਨ।

ਉਹ ਤਲਾਕ ਨਹੀਂ ਚਾਹੁੰਦੀ ਸੀ।

ਅਜੇ ਵੀ ਨਹੀਂ।

ਪਿਆਰ ਸ਼ਾਇਦ ਕਾਫ਼ੀ ਪਹਿਲਾਂ ਮਰ ਚੁੱਕਾ ਸੀ…

ਪਰ ਉਸਨੂੰ ਤਲਾਕ ਦੇ ਨਾਮ ਤੋਂ ਡਰ ਲੱਗਦਾ ਸੀ।

ਉਹ ਸੋਚਦੀ ਸੀ,

“ਲੋਕ ਕੀ ਕਹਿਣਗੇ?”

“ਮੇਰੇ ਮਾਂ-ਪਿਓ ਕਿਵੇਂ ਸਹਿਣਗੇ?”

“ਮੇਰਾ ਭਰਾ ਕੀ ਸੋਚੇਗਾ?”

“ਸਮਾਜ ਵਿੱਚ ਮੇਰੀ ਕੀ ਇੱਜ਼ਤ ਰਹੇਗੀ?”

ਉਸਦੇ ਮਨ ਵਿੱਚ ਸਵਾਲ ਹੀ ਸਵਾਲ ਸਨ।

ਪਰ ਇੱਕ ਸਵਾਲ ਸਭ ਤੋਂ ਵੱਡਾ ਸੀ।

“ਕੀ ਸੱਚਮੁੱਚ ਇਹੀ ਅੰਤ ਹੈ?”


ਅਗਲੇ ਦਿਨ ਉਹ ਲਾਇਰ ਦੇ ਦਫ਼ਤਰ ਪਹੁੰਚੇ।

ਨੂਰ।

ਅਮਨ।

ਅਤੇ ਉਸਦੇ ਮਾਂ-ਬਾਪ।

ਦਫ਼ਤਰ ਦੀਆਂ ਚਿੱਟੀਆਂ ਕੰਧਾਂ ਨੂਰ ਨੂੰ ਹੋਰ ਵੀ ਬੇਚੈਨ ਕਰ ਰਹੀਆਂ ਸਨ।

ਲਾਇਰ ਇੱਕ ਔਰਤ ਸੀ।

ਉਸਨੇ ਦੋਵਾਂ ਦੀ ਗੱਲ ਧਿਆਨ ਨਾਲ ਸੁਣੀ।

ਫਿਰ ਕੁਝ ਸਵਾਲ ਪੁੱਛੇ।

ਪੰਦਰਾਂ ਸਾਲ ਦਾ ਵਿਆਹ।

ਇਕੱਠੇ ਖਰੀਦਿਆ ਘਰ।

ਇਕੱਠੀ ਜ਼ਿੰਦਗੀ।

ਸਾਂਝੀਆਂ ਜ਼ਿੰਮੇਵਾਰੀਆਂ।

ਸਭ ਕੁਝ।

ਫਿਰ ਉਸਨੇ ਅਮਨ ਵੱਲ ਵੇਖਿਆ।

ਅਤੇ ਸ਼ਾਂਤ ਆਵਾਜ਼ ਵਿੱਚ ਕਿਹਾ,

“ਜੇ ਡਿਵੋਰਸ ਹੁੰਦਾ ਹੈ ਤਾਂ ਤੁਹਾਨੂੰ ਕਾਨੂੰਨ ਮੁਤਾਬਕ ਆਪਣੀ ਪਤਨੀ ਦੇ ਹੱਕਾਂ ਬਾਰੇ ਵੀ ਸੋਚਣਾ ਪਵੇਗਾ।”

ਅਮਨ ਦਾ ਚਿਹਰਾ ਇੱਕਦਮ ਬਦਲ ਗਿਆ।

ਨੂਰ ਚੁੱਪਚਾਪ ਬੈਠੀ ਰਹੀ।

ਉਸਨੇ ਪਹਿਲੀ ਵਾਰ ਮਹਿਸੂਸ ਕੀਤਾ ਕਿ ਕੋਈ ਉਸਨੂੰ ਵੀ ਇੱਕ ਇਨਸਾਨ ਵਾਂਗ ਦੇਖ ਰਿਹਾ ਹੈ।

ਸਿਰਫ਼ ਇੱਕ ਬੋਝ ਵਾਂਗ ਨਹੀਂ।


ਵਾਪਸੀ ਦੇ ਰਸਤੇ ਕਾਰ ਵਿੱਚ ਕੋਈ ਨਹੀਂ ਬੋਲਿਆ।

ਘਰ ਆ ਕੇ ਅਮਨ ਦਾ ਗੁੱਸਾ ਸਾਫ਼ ਦਿਖ ਰਿਹਾ ਸੀ।

ਉਸਨੂੰ ਲੱਗਿਆ ਸੀ ਕਿ ਸਭ ਕੁਝ ਉਸਦੀ ਮਰਜ਼ੀ ਮੁਤਾਬਕ ਹੋ ਜਾਵੇਗਾ।

ਪਰ ਗੱਲ ਇੰਨੀ ਆਸਾਨ ਨਹੀਂ ਸੀ।

ਉਸ ਰਾਤ ਪਹਿਲੀ ਵਾਰ ਅਮਨ ਨੇ ਇੱਕ ਹੋਰ ਗੱਲ ਕਹੀ।

ਇੱਕ ਐਸੀ ਗੱਲ ਜਿਸਨੇ ਨੂਰ ਨੂੰ ਅੰਦਰ ਤੱਕ ਹਿਲਾ ਦਿੱਤਾ।

“ਤੂੰ ਮੈਨੂੰ ਡਿਵੋਰਸ ਦੇ ਦੇ।”

“ਮੈਂ ਦੂਜਾ ਵਿਆਹ ਕਰ ਲਵਾਂਗਾ।”

“ਤੂੰ ਇਸੇ ਘਰ ਵਿੱਚ ਰਹਿ ਜਾਈਂ।”

“ਸਾਡੇ ਬੱਚੇ ਨੂੰ ਵੇਖ ਵੀ ਸਕੇਂਗੀ… ਪਾਲ ਵੀ ਸਕੇਂਗੀ।”

ਨੂਰ ਕੁਝ ਪਲ ਉਸ ਵੱਲ ਵੇਖਦੀ ਰਹੀ।

ਉਸਨੂੰ ਯਕੀਨ ਨਹੀਂ ਆ ਰਿਹਾ ਸੀ ਕਿ ਉਸਨੇ ਇਹ ਗੱਲ ਸੱਚਮੁੱਚ ਸੁਣੀ ਹੈ।

ਪੰਦਰਾਂ ਸਾਲਾਂ ਦੀ ਪਤਨੀ…

ਅਤੇ ਹੁਣ ਉਸ ਲਈ ਇਹ ਥਾਂ ਸੋਚੀ ਗਈ ਸੀ।

ਨੂਰ ਦੇ ਅੰਦਰ ਕੁਝ ਟੁੱਟਿਆ ਨਹੀਂ।

ਇਸ ਵਾਰ ਕੁਝ ਜਾਗ ਪਿਆ ਸੀ।

Pages: 1 2 3 4 5 6 7 8 9 10 11 12 13 14 15 16 17 18 19 20 21 22 23 24 25 26 27 28 29 30 31 32 33 34 35 36 37 38 39 40 41 42 43 44 45 46 47